‘ਕਿਸਾਨ ਫੜ ਰਹੇ ਝੋਨੇ ਦੇ ਗਲਤ ਟਰੱਕ, ਵਿਰੋਧੀ ਧਿਰ ਬਟੋਰ ਰਹੀ ਸੁਰਖੀਆਂ’

Wednesday, Oct 28, 2020 - 03:03 PM (IST)

‘ਕਿਸਾਨ ਫੜ ਰਹੇ ਝੋਨੇ ਦੇ ਗਲਤ ਟਰੱਕ, ਵਿਰੋਧੀ ਧਿਰ ਬਟੋਰ ਰਹੀ ਸੁਰਖੀਆਂ’

ਮਿਲੀਭੁਗਤ ਨਹੀਂ, ਮੁਸਤੈਦੀ ਨੂੰ ਵਿਰੋਧੀ ਧਿਰ ਦੱਸ ਰਹੀ ‘ਅਨਾਜ ਘੋਟਾਲਾ’

ਇਨ੍ਹੀਂ ਦਿਨੀਂ ਬਾਹਰੀ ਸੂਬਿਆਂ ਤੋਂ ਪੰਜਾਬ ਆ ਰਹੀ ਝੋਨੇ ਦੀ ਖ਼ੇਪ ਦਾ ਮਾਮਲਾ ਸੁਰਖ਼ਿਆਂ ਵਿਚ ਹੈ। ਪੂਰੇ ਸੂਬੇ ਵਿਚ ਚੱਲ ਰਹੇ ਕਿਸਾਨ ਅੰਦੋਲਨ ਦਰਮਿਆਨ ਸੜਕਾਂ ’ਤੇ ਬੈਠੇ ਕਿਸਾਨ ਗਾਹੇ-ਬਗਾਹੇ ਝੋਨੇ ਨਾਲ ਭਰੇ ਟਰੱਕਾਂ ਨੂੰ ਰੋਕ ਰਹੇ ਹਨ। ਦਾਅਵਾ ਕੀਤਾ ਜਾ ਰਿਹਾ ਹੈ ਕਿ ਸਸਤੇ ਭਾਅ ’ਤੇ ਖ਼ਰੀਦਿਆ ਗਿਆ ਝੋਨਾ ਪੰਜਾਬ ਵਿਚ ਮਹਿੰਗੇ ਭਾਅ ’ਤੇ ਵੇਚਣ ਲਈ ਲਿਆਂਦਾ ਜਾ ਰਿਹਾ ਹੈ। ਸ਼੍ਰੋਮਣੀ ਅਕਾਲੀ ਦਲ ਅਤੇ ਆਮ ਆਦਮੀ ਪਾਰਟੀ ਨੇ ਤਾਂ ਇਸ ਮਾਮਲੇ ਨੂੰ ਵੱਡਾ ‘ਅਨਾਜ ਘੋਟਾਲਾ’ ਦੱਸਦੇ ਹੋਏ ਸਿੱਧੇ ਖ਼ੁਰਾਕ ਸਪਲਾਈ ਮੰਤਰੀ ਭਾਰਤ ਭੂਸ਼ਣ ਆਸ਼ੂ ਨੂੰ ਕਟਹਿਰੇ ਵਿਚ ਖ਼ੜ੍ਹਾ ਕੀਤਾ ਹੋਇਆ ਹੈ। ਸੀ. ਬੀ. ਆਈ. ਤੋਂ ਜਾਂਚ ਕਰਵਾਉਣ ਤੋਂ ਇਲਾਵਾ ਵਿਰੋਧੀ ਧਿਰਾਂ ਮੰਤਰੀ ਤੋਂ ਅਸਤੀਫੇ ਦੀ ਮੰਗ ਕਰ ਰਹੀਆਂ ਹਨ। ‘ਜਗ ਬਾਣੀ’ ਦੇ ਅਸ਼ਵਨੀ ਕੁਮਾਰ ਨੇ ਇਨ੍ਹਾਂ ਸਵਾਲਾਂ ਬਾਰੇ ਮੰਤਰੀ ਭਾਰਤ ਭੂਸ਼ਣ ਆਸ਼ੂ ਨਾਲ ਗੱਲ ਕੀਤੀ।

ਪ੍ਰਸ਼ਨ : ਬਾਹਰੀ ਸੂਬਿਆਂ ਤੋਂ ਪੰਜਾਬ ਵਿਚ ਝੋਨਾ ਲਿਆਉਣ ਦੇ ਕਈ ਮਾਮਲੇ ਸਾਹਮਣੇ ਆਏ ਹਨ। ਵਿਰੋਧੀ ਧਿਰ ਇਸ ਨੂੰ ਵੱਡਾ ‘ਅਨਾਜ ਘੋਟਾਲਾ’ ਦੱਸ ਰਹੀ ਹੈ। ਕੀ ਕਹਿਣਾ ਚਾਹੋਗੇ ?
ਜਵਾਬ : ਅਨਾਜ ਘੋਟਾਲੇ ਦੀ ਗੱਲ ਬਿਲਕੁਲ ਗਲਤ ਹੈ। ਮਿਲੀਭੁਗਤ ਦਾ ਤਾਂ ਕੋਈ ਸਵਾਲ ਹੀ ਨਹੀਂ ਹੈ। ਸਰਕਾਰ ਦੀ ਮੁਸਤੈਦੀ ਨਾਲ ਫੜੇ ਗਏ ਮਾਮਲਿਆਂ ਨੂੰ ‘ਅਨਾਜ ਘੋਟਾਲਾ’ ਕਹਿ ਕੇ ਜਨਤਾ ਨੂੰ ਗੁੰਮਰਾਹ ਕੀਤਾ ਜਾ ਰਿਹਾ ਹੈ, ਕਿਉਂਕਿ ਵਿਭਾਗ ਦੀ ਮੁਸਤੈਦੀ ਨਾ ਹੁੰਦੀ ਤਾਂ ਕੀ ਝੋਨੇ ਦੀਆਂ ਇੰਨੀਆਂ ਖੇਪਾਂ ਫੜੀਆਂ ਜਾਂਦੀਆਂ। ਹੁਣ ਤਕ 69 ਐੱਫ. ਆਈ. ਆਰਜ਼. ਦਰਜ ਕੀਤੀਆਂ ਜਾ ਚੁੱਕੀਆਂ ਹਨ। ਇਸ ਵਿਚ ਸ਼ਾਮਲ ਅਧਿਕਾਰੀ ਤਕ ਨੂੰ ਬਖਸ਼ਿਆ ਨਹੀਂ ਗਿਆ। ਬਾਹਰੀ ਸੂਬਿਆਂ ਤੋਂ ਆਉਣ ਵਾਲੇ ਝੋਨੇ ’ਤੇ ਜ਼ੀਰੋ ਟਾਲਰੈਂਸ ਦੀ ਨੀਤੀ ਅਪਣਾਈ ਜਾ ਰਹੀ ਹੈ।

ਪ੍ਰਸ਼ਨ : ਅਕਾਲੀ ਦਲ ਨੇ ਬਾਹਰੀ ਸੂਬਿਆਂ ਤੋਂ ਆਉਣ ਵਾਲੇ ਝੋਨੇ ਦੇ ਮਾਮਲਿਆਂ ਦੀ ਸੀ. ਬੀ. ਆਈ. ਜਾਂਚ ਤੋਂ ਇਲਾਵਾ ਤੁਹਾਨੂੰ ਬਰਖ਼ਾਸਤ ਕਰਨ ਦੀ ਵੀ ਮੰਗ ਕੀਤੀ ਹੈ ?
ਜਵਾਬ : ਸ਼੍ਰੋਮਣੀ ਅਕਾਲੀ ਦਲ ਨੂੰ ਪਹਿਲਾਂ ਆਪਣੀ ਪੀੜੀ ਹੇਠ ਝਾਕਣਾ ਚਾਹੀਦਾ ਹੈ। ਇਹ ਸਭ ਸ਼੍ਰੋਮਣੀ ਅਕਾਲੀ ਦਲ-ਭਾਜਪਾ ਸਰਕਾਰ ਦਾ ਹੀ ਕੀਤਾ ਕਰਾਇਆ ਹੈ, ਜਿਸ ਨਾਲ ਕਾਂਗਰਸ ਸਰਕਾਰ ਨੂੰ ਸਖਤੀ ਨਾਲ ਜੂਝਣਾ ਪੈ ਰਿਹਾ ਹੈ। ਪਹਿਲਾਂ ਦੀ ਸਰਕਾਰ ਨੇ ਝੋਨੇ ਦੀ ਮੂਵਮੈਂਟ ’ਤੇ ਕੋਈ ਰੋਕ-ਟੋਕ ਨਹੀਂ ਲਾਈ, ਜੋ ਹੌਲੀ-ਹੌਲੀ ਆਦਤ ਬਣ ਗਈ। ਹੁਣ ਇਸ ਆਦਤ ਨੂੰ ਕਾਂਗਰਸ ਰੋਕ ਰਹੀ ਹੈ। ਕਾਂਗਰਸ ਦੇ ਸੱਤਾ ਵਿਚ ਆਉਣ ਤੋਂ ਬਾਅਦ ਨਾਜਾਇਜ਼ ਤਰੀਕੇ ਨਾਲ ਆਉਣ ਵਾਲੇ ਝੋਨੇ ’ਤੇ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ।

ਪ੍ਰਸ਼ਨ : ਪੰਜਾਬ ਸਰਕਾਰ ਇੰਨੀ ਸਖ਼ਤ ਹੈ ਤਾਂ ਸਰਕਾਰੀ ਏਜੰਸੀਆਂ ਦੀ ਥਾਂ ਕਿਸਾਨ ਜੱਥੇਬੰਦੀਆਂ ਪਹਿਰੇਦਾਰ ਦੀ ਭੂਮਿਕਾ ਕਿਉਂ ਨਿਭਾਅ ਰਹੀਆਂ ਹਨ, ਕਿਉਂਕਿ ਬਾਹਰੀ ਸੂਬਿਆਂ ਤੋਂ ਆਉਣ ਵਾਲੇ ਝੋਨੇ ਦੇ ਜ਼ਿਆਦਾਤਰ ਟਰੱਕ ਕਿਸਾਨਾਂ ਨੇ ਰੋਕੇ ਹਨ ?
ਜਵਾਬ : ਸਰਕਾਰੀ ਏਜੰਸੀਆਂ ਮੁਸਤੈਦੀ ਨਾਲ ਕੰਮ ਕਰ ਰਹੀਆਂ ਹਨ। ਜਿੱਥੋਂ ਤਕ ਸਵਾਲ ਕਿਸਾਨਾਂ ਦਾ ਹੈ ਤਾਂ ਗਲਤ ਟਰੱਕਾਂ ਨੂੰ ਰੋਕ ਰਹੇ ਹਨ। ਕਿਸਾਨਾਂ ਨੇ ਜਿੰਨੇ ਟਰੱਕ ਫ਼ੜੇ ਹਨ, ਉਨ੍ਹਾਂ ਵਿਚੋਂ ਜ਼ਿਆਦਾਤਰ ਵਿਚ ਬਾਸਮਤੀ ਲੱਦੀ ਹੋਈ ਸੀ। ਪੰਜਾਬ ਵਿਚ ਬਾਸਮਤੀ ਦੀ ਐਂਟਰੀ ਤੇ ਖ਼ਰੀਦੋ-ਫਰੋਖਤ ’ਤੇ ਕੋਈ ਰੋਕ-ਟੋਕ ਨਹੀਂ ਹੈ। ਇਹੀ ਕਾਰਨ ਹੈ ਕਿ ਕਿਸਾਨਾਂ ਵਲੋਂ ਫ਼ੜੇ ਗਏ ਜ਼ਿਆਦਾਤਰ ਟਰੱਕਾਂ ਨੂੰ ਬਾਅਦ ਵਿਚ ਛੱਡਣਾ ਪਿਆ। ਵਿਭਾਗੀ ਪੱਧਰ ’ਤੇ ਕਿਸਾਨ ਜੱਥੇਬੰਦੀਆਂ ਦੇ ਪ੍ਰਤੀਨਿਧੀਆਂ ਨਾਲ ਬੈਠਕ ਵੀ ਕੀਤੀ ਗਈ ਹੈ। ਉਨ੍ਹਾਂ ਨੂੰ ਕਿਹਾ ਗਿਆ ਹੈ ਕਿ ਬਾਸਮਤੀ ਵਾਲੇ ਟਰੱਕਾਂ ਨੂੰ ਨਾ ਰੋਕਿਆ ਜਾਵੇ। ਬਾਵਜੂਦ ਇਸ ਦੇ ਕੁਝ ਪ੍ਰਦਰਸ਼ਨ ਵਾਲੀਆਂ ਥਾਂਵਾਂ ’ਤੇ ਬਾਸਮਤੀ ਵਾਲੇ ਟਰੱਕ ਨੂੰ ਪਰਮਲ ਸਮਝਕੇ ਫ਼ੜ ਲਿਆ ਜਾਂਦਾ ਹੈ, ਜੋ ਸੁਰਖੀਆਂ ਬਣ ਰਹੇ ਹਨ ਤੇ ਵਿਰੋਧੀ ਧਿਰਾਂ ਕਾਹਲੀ-ਕਾਹਲੀ ਵਿਚ ਸਰਕਾਰ ਨੂੰ ਕਟਹਿਰੇ ਵਿਚ ਖ਼ੜ੍ਹਾ ਕਰਕੇ ਆਪਣੀ ਰਾਜਨੀਤੀ ਚਮਕਾਉਣ ਦਾ ਮੌਕਾ ਨਹੀਂ ਛੱਡ ਰਹੀਆਂ।

ਪ੍ਰਸ਼ਨ : ਕੇਂਦਰ ਦੇ ਮੰਤਰੀਆਂ ਦਾ ਦੋਸ਼ ਹੈ ਕਿ ਖ਼ੇਤੀ ਕਾਨੂੰਨਾਂ ’ਤੇ ਪੰਜਾਬ ਸਰਕਾਰ ਕਿਸਾਨਾਂ ਵਿਚਕਾਰ ਉਕਸਾਵੇ ਦੀ ਰਾਜਨੀਤੀ ਕਰ ਰਹੀ ਹੈ ?
ਜਵਾਬ : ਪੰਜਾਬ ਦੇ ਕਿਸਾਨ ਆਪਣਾ ਭਲਾ-ਬੁਰਾ ਬਾਖ਼ੂਬੀ ਸਮਝਦੇ ਹਨ, ਇਸ ਲਈ ਪੰਜਾਬ ਦੇ ਕਿਸਾਨੀ ਢਾਂਚੇ ਵਿਚ ਛੇੜਛਾੜ ਬਰਦਾਸ਼ਤ ਨਹੀਂ ਕਰਨਾ ਚਾਹੁੰਦੇ। ਬਾਹਰੀ ਸੂਬਿਆਂ ਤੋਂ ਪੰਜਾਬ ਵਿਚ ਆਉਣ ਵਾਲੇ ਝੋਨੇ ਨੂੰ ਵੀ ਇਸ ਲਈ ਰੋਕਿਆ ਜਾ ਰਿਹਾ ਹੈ। ਕੇਂਦਰ ਸਰਕਾਰ ਇੰਨੀ ਹੀ ਖ਼ੇਤੀ ਹਿਤੈਸ਼ੀ ਹੈ ਤਾਂ ਉੱਤਰ ਪ੍ਰਦੇਸ਼, ਬਿਹਾਰ ਜਾਂ ਹੋਰ ਸੂਬਿਆਂ ਵਿਚ ਪੰਜਾਬ ਵਰਗਾ ਖ਼ੇਤੀ ਢਾਂਚਾ ਉਪਲਬਧ ਕਿਉਂ ਨਹੀਂ ਕਰਵਾਉਂਦੀ, ਤਾਂ ਕਿ ਦੂਜੇ ਸੂਬੇ ਕਿਸਾਨਾਂ ਨੂੰ ਵਿਚ ਫ਼ਸਲ ਵੇਚਣ ਲਈ ਮਜ਼ਬੂਰ ਨਾ ਹੋਣਾ ਪਵੇ।

ਪ੍ਰਸ਼ਨ : ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੌਤ ਤੋਂ ਇਲਾਵਾ ਤੁਸੀਂ ਦੂਜੇ ਮੰਤਰੀ ਹੋ, ਜਿਨ੍ਹਾਂ ਨੂੰ ਵਿਰੋਧੀ ਧਿਰ ਨੇ ਸਿੱਧੇ ਨਿਸ਼ਾਨੇ ’ਤੇ ਲਿਆ ਹੋਇਆ ਹੈ, ਕੀ ਕਹੋਗੇ ?
ਜਵਾਬ : ਵਿਰੋਧੀ ਧਿਰ ਦੀ ਭੂਮਿਕਾ ਸਰਕਾਰ ਦੀ ਆਲੋਚਨਾ ਕਰਨਾ ਹੁੰਦਾ ਹੈ, ਕੰਮਾਂ ਵਿਚ ਅੜਿੱਕਾ ਲਾਉਣਾ ਨਹੀਂ ਪਰ ਕੁਝ ਵਿਰੋਧੀ ਰਾਜਨੇਤਾ ਨਿੱਜੀ ਹਮਲੇ ’ਤੇ ਉਤਾਰੂ ਹਨ। ਪਹਿਲਾ ਮੌਕਾ ਨਹੀਂ, ਜਦੋਂ ਮੇਰੇ ’ਤੇ ਉਂਗਲ ਚੁੱਕੀ ਗਈ ਹੈ। ਕੋਰੋਨਾ ਦੌਰਾਨ ਕੁਝ ਵਿਰੋਧੀ ਨੇਤਾ ਰਾਜਨੀਤੀ ਚਮਕਾਉਣ ਲਈ ਗਰੀਬਾਂ ਨੂੰ ਦਿੱਤੇ ਜਾਣ ਵਾਲੇ ਅਨਾਜ ਵਿਚ ਘੋਟਾਲੇ ਦਾ ਦੋਸ਼ ਲਾ ਰਹੇ ਸਨ। ਇਸ ਤੋਂ ਸ਼ਰਮਨਾਕ ਕੁਝ ਨਹੀਂ ਹੋ ਸਕਦਾ। ਪਹਿਲਾਂ ਵੀ ਡਿਸਟ੍ਰੀਬਿਊਸ਼ਨ ਨੂੰ ਲੈ ਕੇ ਸਵਾਲ ਚੁੱਕਿਆ ਜਾਂਦਾ ਰਿਹਾ ਹੈ ਪਰ ਵਿਰੋਧੀ ਧਿਰ ਠੋਸ ਤੱਥ ਪੇਸ਼ ਨਹੀਂ ਕਰ ਸਕੀ। ਸਾਫ਼ ਹੈ ਕਿ ਦੋਸ਼ ਲਾ ਕੇ ਸੁਰਖੀਆਂ ਬਟੋਰਨ ਦੀ ਕੋਸ਼ਿਸ਼ ਹੋ ਰਹੀ ਹੈ।

ਪ੍ਰਸ਼ਨ : ਰੇਲ ਆਵਾਜਾਈ ਠੱਪ ਹੈ ਤਾਂ ਦੂਜੇ ਪਾਸੇ ਕਰੀਬ 111 ਲੱਖ ਮੀਟਰਿਕ ਟਨ ਝੋਨੇ ਦੀ ਖ਼ਰੀਦ ਹੋ ਚੁੱਕੀ ਹੈ। ਇਸ ਦੀ ਸਾਂਭ-ਸੰਭਾਲ ਨੂੰ ਲੈ ਕੇ ਕੀ ਚੁਣੌਤੀਆਂ ਆ ਰਹੀਆਂ ਹਨ ?
ਜਵਾਬ : ਪੰਜਾਬ ਦੇ ਪੱਧਰ ’ਤੇ ਕੋਈ ਚੁਣੌਤੀ ਨਹੀਂ ਹੈ ਪਰ ਕੇਂਦਰ ਸਰਕਾਰ ਵਲੋਂ ਜਾਣ-ਬੁੱਝ ਕੇ ਰੇਲ ਆਵਾਜਾਈ ਠੱਪ ਕਰਨ ਨਾਲ ਦਿੱਕਤਾਂ ਆ ਰਹੀਆਂ ਹਨ। ਪੰਜਾਬ ’ਚੋਂ ਤਕਰੀਬਨ 30 ਲੱਖ ਮੀਟਰਿਕ ਟਨ ਅਨਾਜ ਦੀ ਮੂਵਮੈਂਟ ਲਟਕੀ ਹੋਈ ਹੈ। ਰੇਲ ਮੂਵਮੈਂਟ ਨਾ ਹੋਈ ਤਾਂ ਆਉਣ ਵਾਲੇ ਸਮੇਂ ਵਿਚ ਖ਼ਰੀਦੀ ਫਸਲ ਦੀ ਸਾਂਭ-ਸੰਭਾਲ ਵੱਡੀ ਚੁਣੌਤੀ ਹੋਵੇਗੀ। ਕੇਂਦਰ ਨੂੰ ਜਾਣੂੰ ਕਰਵਾਇਆ ਗਿਆ ਹੈ ਪਰ ਉਹ ਪੰਜਾਬ ਨਾਲ ਧੱਕੇਸ਼ਾਹੀ ’ਤੇ ਉਤਾਰੂ ਹੈ। ਕਿਸਾਨਾਂ ਵਲੋਂ ਰੇਲ ਟ੍ਰੈਕ ਖ਼ਾਲ੍ਹੀ ਕੀਤੇ ਜਾਣ ਤੋਂ ਬਾਅਦ ਪੰਜਾਬ ਸਰਕਾਰ ਨਾਲ ਬਿਨਾਂ ਸਲਾਹ-ਮਸ਼ਵਰਾ ਕੀਤਿਆਂ ਮਾਲ ਗੱਡੀਆਂ ਨੂੰ ਬੰਦ ਕਰ ਦਿੱਤਾ ਗਿਆ। ਇਹ ਤਾਨਾਸ਼ਾਹੀ ਰਵੱਈਆ ਹੈ, ਜਿਸ ਦਾ ਖ਼ਾਮਿਆਜ਼ਾ ਕੇਂਦਰ ਨੂੰ ਭੁਗਤਣਾ ਪਵੇਗਾ।


author

rajwinder kaur

Content Editor

Related News