ਪਿੰਡ ਕੋਕਰੀ ਕਲਾਂ ਦਾ ਕਿਸਾਨ ਮੋਹਨ ਸਿੰਘ ਕਾਲੇ ਕਾਨੂੰਨਾਂ ਦੀ ਭੇਟ ਚੜ੍ਹਿਆ
Tuesday, Jul 06, 2021 - 02:05 PM (IST)
ਅਜੀਤਵਾਲ (ਰੱਤੀ) : ਪਿੰਡ ਕੋਕਰੀ ਕਲਾਂ ਜ਼ਿਲ੍ਹਾ ਮੋਗਾ ਦੇ ਬੇਜ਼ਮੀਨੇ ਕਿਸਾਨ ਮੋਹਨ ਸਿੰਘ ਵਰਕਰ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੀ ਦਿੱਲੀ ਮੋਰਚੇ ਤੋਂ ਵਾਪਸ ਆਉਣ ’ਤੇ ਸ਼ਹੀਦੀ ਪ੍ਰਾਪਤ ਕਰ ਗਿਆ। ਕਿਸਾਨ ਮੋਹਨ ਸਿੰਘ ਨੂੰ ਦਿੱਲੀ ਚਾਰ ਮਹੀਨੇ ਦਾ ਸਮਾਂ ਲਾਉਣ ਤੋਂ ਬਾਅਦ ਗੁਰਦਿਆਂ ਦਾ ਇਨਫੈਕਸ਼ਨ ਹੋਣ ਕਾਰਣ ਇਲਾਜ ਲਈ ਵਾਪਸ ਆਉਣਾ ਪਿਆ ਅਤੇ ਚਾਰ ਮਹੀਨੇ ਹੀ ਇਲਾਜ ਅਧੀਨ ਬੈੱਡ ’ਤੇ ਰਹੇ ਅਤੇ ਆਖਿਰ ਉਹ ਪ੍ਰਾਣ ਤਿਆਗ ਗਿਆ। ਜਥੇਬੰਦੀ ਵੱਲੋਂ ਪੂਰੇ ਸਨਮਾਨ ਨਾਲ ਉਨ੍ਹਾਂ ਦਾ ਅੰਤਿਮ ਸੰਸਕਾਰ ਕੀਤਾ ਗਿਆ। ਇਹ ਜਾਣਕਾਰੀ ਗੁਰਭਿੰਦਰ ਸਿੰਘ ਬਲਾਕ ਪ੍ਰਧਾਨ ਮੋਗਾ-1 ਨੇ ਦਿੰਦਿਆਂ ਦੱਸਿਆ ਕਿ ਦੇਸ਼ ਦੀ ਕਿਸਾਨੀ ਲਹਿਰ ਲਈ ਸ਼ਹੀਦੀਆਂ ਦਾ ਅੰਕੜਾ 500 ਨੂੰ ਪਾਰ ਕਰ ਚੁੱਕਾ ਹੈ। ਇਹ ਕੁਰਬਾਨੀਆਂ ਅਜਾਈਂ ਨਹੀਂ ਜਾਣਗੀਆਂ। ਇਸ ਲਈ ਆਉ ਇਨ੍ਹਾਂ ਦਾ ਮੁੱਲ ਤਾਰਨ ਲਈ ਪੂਰਾ ਜ਼ੋਰ ਲਾ ਕੇ ਘੋਲ ਮਘਾਈਏ ਅਤੇ ਕਾਲੇ ਕਾਨੂੰਨ ਰੱਦ ਕਰਨ ਲਈ ਸਰਕਾਰ ਦੇ ਨਾਸੀਂ ਧੂੰਆਂ ਚੜ੍ਹਾਈਏ ਅਤੇ ਸ਼ਹੀਦਾਂ ਦੇ ਅਸਲੀ ਵਾਰਸ ਬਣੀਏ ਦਿੱਲੀ ਮੋਰਚੇ ਦੇ ਸ਼ਹੀਦ ਅਮਰ ਰਹਿਣਗੇ।
ਉਨ੍ਹਾਂ ਅੱਗੇ ਕਿਹਾ ਕਿ ਜਿੱਥੇ ਪਰਿਵਾਰ ਨੂੰ ਵੱਡਾ ਘਾਟਾ ਪਿਆ ਹੈ, ਉਥੇ ਹੀ ਜੱਥੇਬੰਦੀ ਕੋਲੋਂ ਵੀ ਜੁਝਾਰੂ ਵਰਕਰ ਸਦਾ ਲਈ ਖੁੱਸ ਗਿਆ ਹੈ ਜੋ ਨਾ ਪੂਰਾ ਹੋਣ ਵਾਲਾ ਘਾਟਾ ਹੈ। ਸਰਕਾਰ ਤੋਂ ਜਥੇਬੰਦੀ ਮੰਗ ਕਰਦੀ ਹੈ ਕਿ ਪਰਿਵਾਰ ਨੂੰ ਦੱਸ ਲੱਖ ਮੁਆਵਜ਼ਾ ਦਿੱਤਾ ਜਾਵੇ। ਇਸ ਮੌਕੇ ਇਕਾਈ ਸਕੱਤਰ ਬਲਵੰਤ ਸਿੰਘ, ਜਗਤਾਰ ਸਿੰਘ, ਗੁਰਚਰਨ ਸਿੰਘ ਸਾਬਕਾ ਸਰਪੰਚ ਕੁਲਵਿੰਦਰ ਸਿੰਘ ਅਤੇ ਜਗਰਾਜ ਸਿੰਘ ਮਝੈਲ ਬੀਕੇਯੂ ਉਗਰਾਹਾਂ ਦੇ ਵਰਕਰ ਹਾਜ਼ਰ ਸਨ।