ਅਸੀਂ ਕਾਨੂੰਨ ਮੰਗੇ ਨਹੀਂ, ਸਾਡੇ ’ਤੇ ਜ਼ਬਰੀ ਥੋਪੇ ਜਾ ਰਹੇ ਹਨ : ਕਿਸਾਨ ਆਗੂ
Tuesday, Feb 09, 2021 - 04:59 PM (IST)

ਹੁਸ਼ਿਆਰਪੁਰ(ਘੁੰਮਣ)- ਕਿਸਾਨਾਂ ਵੱਲੋਂ ਭਾਜਪਾ ਦਾ ਵਿਰੋਧ ਕਰਨ ਲਈ ਅੱਜ ਪ੍ਰਭਾਤ ਚੌਕ ਹੁਸ਼ਿਆਰਪੁਰ ਵਿਖੇ ਮੋਦੀ ਸਰਕਾਰ ਤੇ ਕਾਰਪੋਰੇਟ ਘਰਾਣਿਆਂ ਖ਼ਿਲਾਫ਼ ਜਮ ਕੇ ਨਾਅਰੇਬਾਜ਼ੀ ਕੀਤੀ ਗਈ। ਕਿਸਾਨਾਂ ਵੱਲੋਂ ਭਾਜਪਾ ਦੇ ਵਿਰੋਧ ਦੇ ਚੱਲਦਿਆਂ ਪੁਲਸ ਪ੍ਰਸ਼ਾਸਨ ਵੱਲੋਂ ਵੱਡੀ ਪੱਧਰ ’ਤੇ ਫੋਰਸ ਤਾਇਨਾਤ ਕੀਤੀ ਹੋਈ ਸੀ ਤਾਂ ਜੋ ਸ਼ਹਿਰ ਵਿਚ ਹੋ ਰਹੀਆਂ ਕਾਰਪੋਰੇਸ਼ਨ ਚੋਣਾਂ ਨੂੰ ਲੈ ਕੇ ਮਾਹੌਲ ਖ਼ਰਾਬ ਨਾ ਹੋਵੇ। ਇਸ ਮੌਕੇ ਸੁਰੱਖਿਆ ਦੇ ਪੂਰੇ ਪ੍ਰਬੰਧ ਕੀਤੇ ਗਏ ਤੇ ਬੈਰੀਕੇਡ ਲਗਾ ਕੇ ਸਵੇਰ ਤੋਂ ਹੀ ਚੌਕ ਨੂੰ ਸੀਲ ਕਰ ਦਿੱਤਾ ਗਿਆ ਸੀ।
ਕਿਸਾਨ ਆਗੂਆਂ ਦੇ ਪਹੁੰਚਣ ’ਤੇ ਉਨ੍ਹਾਂ ਨੂੰ ਪੁਲਸ ਵੱਲੋਂ ਪ੍ਰਭਾਤ ਚੌਕ ਵਿਖੇ ਹੀ ਰੋਕ ਲਿਆ ਗਿਆ ਅਤੇ ਕਿਸਾਨਾਂ ਨੇ ਇਥੇ ਹੀ ਧਰਨਾ ਦੇ ਕੇ ਕੇਂਦਰ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ। ਇਸ ਮੌਕੇ ਸੰਬੋਧਨ ਕਰਦਿਆਂ ਆਜ਼ਾਦ ਕਿਸਾਨ ਕਮੇਟੀ ਦੋਆਬਾ ਰਜਿ. ਹੁਸ਼ਿਆਰਪੁਰ ਦੇ ਆਗੂ ਹਰਪਾਲ ਸਿੰਘ ਸੰਘਾ ਨੇ ਕਿਹਾ ਕਿ ਕੇਂਦਰ ਸਰਕਾਰ ਜੋ ਕਿ ਤਿੰਨ ਕਾਲੇ ਖੇਤੀ ਕਾਨੂੰਨ ਲਿਆਈ ਹੈ, ਉਹ ਕਿਸਾਨ ਮਾਰੂ ਹਨ ਤੇ ਕਾਰਪੋਰੇਟ ਘਰਾਣਿਆਂ ਨੂੰ ਲਾਭ ਪਹੁੰਚਾਉਣ ਲਈ ਹੀ ਇਹ ਸਭ ਕੁੱਝ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਕਾਰਪੋਰੇਟ ਘਰਾਣੇ ਸਾਰੀਆਂ ਖਾਣ-ਪੀਣ ਵਾਲੀਆਂ ਚੀਜ਼ਾਂ ’ਤੇ ਕਬਜ਼ਾ ਕਰਨਾ ਚਾਹੁੰਦੇ ਹਨ, ਕਿਉਂਕਿ ਜਦੋਂ ਤੱਕ ਧਰਤੀ ’ਤੇ ਮਨੁੱਖ ਰਹੇਗਾ, ਉਸ ਲਈ ਖਾਣਾ ਜ਼ਰੂਰੀ ਹੈ। ਇਹ ਲੋਕ ਜਨਤਾ ਨੂੰ ਮਜ਼ਦੂਰ ਬਣਾ ਕੇ ਆਪਣੇ ਅਧੀਨ ਕੰਮ ਕਰਵਾਉਣੇ ਚਾਹੁੰਦੇ ਹਨ। ਉਨ੍ਹਾਂ ਕਿਹਾ ਕਿ ਜਦੋਂ ਕਿਸਾਨ ਕਾਨੂੰਨ ਮੰਗ ਨਹੀਂ ਰਹੇ ਤਾਂ ਇਹ ਕਾਨੂੰਨ ਕਿਉਂ ਬਣਾਈ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਕਾਰਪੋਰੇਟ ਘਰਾਣਿਆਂ ਦੀ ਬੋਲੀ ਬੋਲ ਰਹੀ ਹੈ। ਅੱਜ ਦਿੱਲੀ ਸਮੇਤ ਪੰਜਾਬ, ਹਰਿਆਣਾ ਹੋਰ ਸਟੇਟਾਂ ਵਿਚ ਧਰਨੇ ਚੱਲ ਰਹੇ ਹਨ ਪਰ ਕੇਂਦਰ ਸਰਕਾਰ ਇਕ ਹੀ ਬੋਲੀ ਬੋਲ ਰਹੀ ਹੈ ਜੋ ਕਿ ਸਾਨੂੰ ਮੰਨਜੂਰ ਨਹੀਂ ਹੈ। ਇਸ ਮੌਕੇ ਵੱਡੀ ਗਿਣਤੀ ’ਚ ਕਿਸਾਨ ਤੇ ਨੌਜਵਾਨ ਹਾਜ਼ਰ ਸਨ।