ਕਰਨਾਲ ’ਚ ਕਿਸਾਨਾਂ ’ਤੇ ਹੋਏ ਲਾਠੀ ਚਾਰਜ ਦੀ ਸੁਖਬੀਰ ਵਲੋਂ ਨਿਖੇਧੀ, ਭਾਜਪਾ ਨੂੰ ਲਿਆ ਲੰਮੇ ਹੱਥੀਂ
Saturday, Aug 28, 2021 - 06:39 PM (IST)
ਚੰਡੀਗੜ੍ਹ : ਹਰਿਆਣਾ ਦੇ ਕਰਨਾਲ ’ਚ ਭਾਜਪਾ ਦੇ ਪ੍ਰੋਗਰਾਮ ਦਾ ਵਿਰੋਧ ਕਰ ਰਹੇ ਕਿਸਾਨਾਂ ’ਤੇ ਪੁਲਸ ਵਲੋਂ ਲਾਠੀਚਾਰਜ ਕਰਨ ਦੀ ਘਟਨਾ ਦੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਸਖ਼ਤ ਸ਼ਬਦਾਂ ’ਚ ਨਿਖੇਧੀ ਕੀਤੀ ਹੈ। ਸੁਖਬੀਰ ਬਾਦਲ ਨੇ ਆਖਿਆ ਹੈ ਕਿ ਕਿਸਾਨ ਵਿਰੋਧ ਪ੍ਰਦਰਸ਼ਨ ਰਾਹੀਂ ਮੁੱਖ ਮੰਤਰੀ ਤੱਕ ਆਪਣੀ ਗੱਲ ਪਹੁੰਚਾਉਣਾ ਚਾਹੁੰਦੇ ਸੀ, ਵਿਰੋਧ ਪ੍ਰਦਰਸ਼ਨ ਕਾਰਨ ਕਿਸਾਨਾਂ ਨਾਲ ਅਜਿਹਾ ਦੁਰਵਿਵਹਾਰ ਕਰਨਾ ਕਾਫ਼ੀ ਨਿੰਦਾਜਨਕ ਹੈ। ਜ਼ਖਮੀ ਕਿਸਾਨਾਂ ਦੀਆਂ ਤਸਵੀਰਾਂ ਬਹੁਤ ਹੀ ਦੁਖਦਾਈ ਹਨ। ਪੂਰੇ ਦੇਸ਼ ਵਿਚ ਭਾਜਪਾ ਆਪਣੀ ਸਿਆਸੀ ਜ਼ਮੀਨ ਦੇ ਨਾਲ-ਨਾਲ ਆਪਣਾ ਜ਼ਮੀਰ ਵੀ ਗੁਆ ਚੁੱਕੀ ਹੈ। ਸੁਖਬੀਰ ਨੇ ਕਿਹਾ ਕਿ ਤਿੰਨ ਕਾਲੇ ਖੇਤੀ ਕਾਨੂੰਨਾਂ ਦਾ ਵਿਰੋਧ ਕਰ ਰਹੇ ਕਿਸਾਨਾਂ ’ਤੇ ਬੇਰਹਿਮੀ ਨਾਲ ਕੀਤੇ ਗਏ ਲਾਠੀਚਾਰਜ ਦੀ ਸ਼੍ਰੋਮਣੀ ਅਕਾਲੀ ਦਲ ਸਖਤ ਸ਼ਬਦਾਂ ਨਾਲ ਨਿਖੇਧੀ ਕਰਦਾ ਹੈ।
ਇਹ ਵੀ ਪੜ੍ਹੋ : ਨਵਜੋਤ ਸਿੱਧੂ ’ਤੇ ਸੁਖਬੀਰ ਦੀ ਚੁਟਕੀ ‘ਲਗਦੈ ਕਾਂਗਰਸ ਦੇ ਪ੍ਰਧਾਨ ਨੇ ਚਾਰ ਮਹੀਨੇ ਵੀ ਨਹੀਂ ਕੱਢਣੇ’
ਦੱਸਣਯੋਗ ਹੈ ਕਿ ਰੇਲਵੇ ਰੋਡ ਸਥਿਤ ਹੋਟਲ ਪ੍ਰੇਮ ਪਲਾਜ਼ਾ ’ਚ ਪੰਚਾਇਤ ਅਤੇ ਸਥਾਨਕ ਬਾਡੀ ਚੋਣਾਂ ਨੂੰ ਲੈ ਕੇ ਸੂਬਾ ਸਰਕਾਰ ਦੀ ਬੈਠਕ ਚੱਲ ਰਹੀ ਸੀ। ਇਸ ਵਿਚ ਮਨੋਹਰ ਲਾਲ ਖੱਟੜ ਵੀ ਹਾਜ਼ਰ ਸਨ। ਇਸ ਦੌਰਾਨ ਕਿਸਾਨ ਬੈਠਕ ਦੇ ਵਿਰੋਧ ’ਚ ਉਤਰ ਆਏ। ਕਿਸਾਨਾਂ ਨੇ ਦੁਪਹਿਰ 12 ਵਜੇ ਬਸਤਾੜਾ ਟੋਲ ਪਲਾਜ਼ਾ ’ਤੇ ਹਾਈਵੇਅ ਜਾਮ ਕਰਨ ਦੀ ਕੋਸ਼ਿਸ਼ ਕੀਤੀ। ਇਸ ਮੌਕੇ ਪੁਲਸ ਨੇ ਪਹਿਲਾਂ ਕਿਸਾਨਾਂ ਨੂੰ ਅਜਿਹਾ ਨਾ ਕਰਨ ਲਈ ਕਿਹਾ ਪਰ ਜਦੋਂ ਕਿਸਾਨ ਪ੍ਰਦਰਸ਼ਨ ’ਤੇ ਅੜੇ ਰਹੇ ਤਾਂ ਪੁਲਸ ਨੇ ਕਿਸਾਨਾਂ ’ਤੇ ਲਾਠੀਚਾਰਜ ਕਰਦੇ ਹੋਏ ਹਾਈਵੇਅ ਖਾਲ੍ਹੀ ਕਰਵਾਇਆ। ਇਸ ਲਾਠੀਚਾਰਜ ’ਚ 12 ਕਿਸਾਨਾਂ ਦੇ ਜ਼ਖਮੀ ਹੋਣ ਦੀ ਸੂਚਨਾ ਹੈ। ਇਸ ਦੌਰਾਨ ਕਿਸਾਨਾਂ ਨੇ ਨਾਅਰੇਬਾਜ਼ੀ ਕਰ ਕੇ ਕਾਲੇ ਝੰਡੇ ਦਿਖਾਏ।
ਇਹ ਵੀ ਪੜ੍ਹੋ : ਪ੍ਰਧਾਨ ਮੰਤਰੀ ਵਲੋਂ ਜਲਿਆਂਵਾਲਾ ਬਾਗ ਦੇ ਉਦਘਾਟਨੀ ਸਮਾਗਮ ਤੋਂ ਪਹਿਲਾਂ ਕਿਸਾਨਾਂ ਦਾ ਵੱਡਾ ਪ੍ਰਦਰਸ਼ਨ
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?