ਜੈਤੋ ਦੇ ਕੋਠੇ ਸੰਪੂਰਨ ਸਿੰਘ ਵਾਲੇ ਦੇ ਕਿਸਾਨ ਨਾਹਰ ਸਿੰਘ ਦੀ ਅੰਦੋਲਨ ਦੌਰਾਨ ਮੌਤ
Tuesday, Jun 01, 2021 - 04:12 PM (IST)
ਜੈਤੋ (ਜਿੰਦਲ) : ਕਿਸਾਨਾਂ ਵੱਲੋਂ ਦਿੱਲੀ ਵਿਖੇ ਧਰਨੇ ਲਗਾਏ ਹੋਏ ਹਨ। ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਦੇ ਜੈਤੋ ਨਜ਼ਦੀਕੀ ਪਿੰਡ ਕੋਠੇ ਸੰਪੂਰਨ ਸਿੰਘ ਵਾਲੇ ਦਾ 73 ਸਾਲਾ ਕਿਸਾਨ ਨਾਹਰ ਸਿੰਘ ਸਪੁੱਤਰ ਫੌਜਾ ਸਿੰਘ, ਦਿੱਲੀ ਸੰਘਰਸ਼ ਦੌਰਾਨ ਲਗਾਤਾਰ ਇਕ ਮਹੀਨੇ ਤੋਂ ਵੱਧ ਦਿੱਲੀ ਮੋਰਚੇ ’ਚ ਡਟਿਆ ਹੋਇਆ ਸੀ। ਕੁਝ ਦਿਨ ਪਹਿਲਾਂ ਉਸਦੀ ਸਿਹਤ ਜ਼ਿਆਦਾ ਵਿਗੜ ਜਾਣ ਕਾਰਨ, ਇਸ ਕਿਸਾਨ ਆਗੂ ਨੂੰ ਉਨ੍ਹਾਂ ਦੇ ਜੱਦੀ ਪਿੰਡ ਕੋਠੇ ਸੰਪੂਰਨ ਸਿੰਘ ਵਾਲੇ ਵਿਖੇ ਲਿਆਂਦਾ ਗਿਆ।
ਅਖੀਰ ਕੁਝ ਦਿਨਾਂ ਬਾਅਦ ਇਸ ਕਿਸਾਨ ਆਗੂ ਨੇ ਪ੍ਰਾਣ ਤਿਆਗ ਦਿੱਤੇ। ਕਿਸਾਨ ਆਗੂ ਰਾਗੀ ਬੇਅੰਤ ਸਿੰਘ ਸਿੱਧੂ ਰਾਮੇਆਣਾ ਨੇ ਦੱਸਿਆ ਕਿ ਜੱਥੇਬੰਦੀ ਦੇ ਸੂਬਾ ਕਮੇਟੀ ਆਗੂ, ਜ਼ਿਲ੍ਹਾ ਫਰੀਦਕੋਟ, ਬਲਾਕ ਜੈਤੋ ਅਤੇ ਵੱਖ-ਵੱਖ ਪਿੰਡਾਂ ਦੀਆਂ ਇਕਾਈਆਂ ਵੱਲੋਂ ਸ਼ਹੀਦ ਕਿਸਾਨ ਨਾਹਰ ਸਿੰਘ ਦੇ ਬੇਟੇ ਸ਼ਿਵ ਸਿੰਘ ਅਤੇ ਲਖਵੀਰ ਸਿੰਘ ਨਾਲ ਦੁੱਖ ਸਾਂਝਾ ਕੀਤਾ ਗਿਆ। ਇਸ ਸਮੇਂ ਕੋਠੇ ਥਰਾੜਾਂ ਵਾਲੇ ਅਤੇ ਕੋਠੇ ਸੰਪੂਰਨ ਸਿੰਘ ਵਾਲੇ ਦੀ ਇਕਾਈ ਦੇ ਪ੍ਰਧਾਨ ਸੰਦੀਪ ਸਿੰਘ ਕਾਲਾ, ਮੀਤ ਪ੍ਰਧਾਨ ਗੁਰਵਿੰਦਰ ਸਿੰਘ ਬੂਟਾ, ਖਜ਼ਾਨਚੀ ਦਵਿੰਦਰ ਸਿੰਘ, ਬਲਰਾਜ ਸਿੰਘ ਗੁਰਵਿੰਦਰ ਸਿੰਘ ਆਦਿ ਤੋਂ ਇਲਾਵਾ ਭਾਰੀ ਗਿਣਤੀ ’ਚ ਕਿਸਾਨ ਇਨ੍ਹਾਂ ਨੂੰ ਸ਼ਰਧਾ ਦੇ ਫੁੱਲ ਭੇਟ ਕਰਨ ਲਈ ਪਹੁੰਚੇ।