ਕਿਸਾਨ ਜਥੇਬੰਦੀਆਂ 7 ਨੂੰ ਕਰਨਗੀਆਂ ਪੰਜਾਬ ''ਚ ਚੱਕਾ ਜਾਮ : ਬਘਿਆੜੀ

Tuesday, Feb 06, 2018 - 01:09 PM (IST)

ਕਿਸਾਨ ਜਥੇਬੰਦੀਆਂ 7 ਨੂੰ ਕਰਨਗੀਆਂ ਪੰਜਾਬ ''ਚ ਚੱਕਾ ਜਾਮ : ਬਘਿਆੜੀ

ਝਬਾਲ/ਬੀੜ ਸਾਹਿਬ (ਲਾਲੂਘੁੰਮਣ, ਬਖਤਾਵਰ, ਭਾਟੀਆ) - ਪੰਜਾਬ ਤੇ ਕੇਂਦਰ ਸਰਕਾਰ ਦੇ ਬੰਦ ਕੰਨ ਖੋਲ੍ਹਣ ਤੇ ਕਿਸਾਨੀ ਮੁੱਦਿਆਂ 'ਤੇ ਅਮਲ ਕਰਵਾਉਣ ਲਈ ਪੰਜਾਬ ਦੀਆਂ 7 ਕਿਸਾਨ ਜਥੇਬੰਦੀਆਂ 7 ਫਰਵਰੀ ਨੂੰ ਪੰਜਾਬ 'ਚ ਥਾਂ-ਥਾਂ 'ਤੇ ਚੱਕਾ ਜਾਮ ਕਰਨਗੀਆਂ। ਇਹ ਜਾਣਕਾਰੀ ਆਜ਼ਾਦ ਕਿਸਾਨ ਸੰਘਰਸ਼ ਕਮੇਟੀ ਦੇ ਸੂਬਾਈ ਸਕੱਤਰ ਕੈਪਟਨ ਸਿੰਘ ਬਘਿਆੜੀ ਨੇ ਦਿੰਦਿਆਂ ਦੱਸਿਆ ਕਿ ਜਿੱਥੇ ਪੰਜਾਬ ਦੀ ਕੈਪਟਨ ਸਰਕਾਰ ਆਪਣੇ ਚੋਣ ਵਾਦਿਆਂ ਤੋਂ ਭੱਜ ਚੁੱਕੀ ਹੈ ਤੇ ਹੁਣ ਕਿਸਾਨਾਂ ਦੇ ਸਿਰ ਸਿੱਧੇ-ਅਸਿੱਧੇ ਢੰਗ ਨਾਲ ਮੋਟਰਾਂ 'ਤੇ ਮੀਟਰ ਲਾਉਣ ਦੇ ਫੈਸਲੇ ਲੈ ਕੇ ਆਰਥਿਕ ਬੋਝ ਪਾਉਣ ਦੀ ਤਿਆਰੀ ਕਰ ਰਹੀ ਹੈ ਉੱਥੇ ਹੀ ਕੇਂਦਰ ਦੀ ਮੋਦੀ ਸਰਕਾਰ ਵੱਲੋਂ ਵੀ ਕਿਸਾਨਾਂ ਦੀਆਂ ਮੰਗਾਂ ਵੱਲ 4 ਸਾਲ ਦਾ ਸਾਸ਼ਨ ਬੀਤ ਜਾਣ ਦੇ ਬਾਅਦ ਵੀ ਕੋਈ ਧਿਆਨ ਨਹੀਂ ਦਿੱਤਾ ਗਿਆ। ਉਨ੍ਹਾਂ ਕਿਹਾ ਕਿ ਪੰਜਾਬ ਦੀ ਕਿਸਾਨੀ ਘਾਟੇ ਦਾ ਕਿੱਤਾ ਹੋ ਚੁੱਕਾ ਹੈ ਤੇ ਆਰਥਿਕ ਤੰਗੀਆਂ ਕਾਰਨ ਸੂਬੇ ਦੇ ਕਿਸਾਨ ਆਏ ਦਿਨ ਆਤਮ-ਹੱਤਿਆਵਾਂ ਕਰ ਕੇ ਮੌਤ ਨੂੰ ਗਲੇ ਲਾ ਰਹੇ ਹਨ।  
ਬਘਿਆੜੀ ਨੇ ਕਿਹਾ ਕਿ ਪੰਜਾਬ ਦੀ ਕਾਂਗਰਸ ਸਰਕਾਰ ਦਾ ਲੋਕ ਵਿਰੋਧੀ ਚਿਹਰਾ ਬਿਲਕੁਲ ਨੰਗਾ ਹੋ ਚੁੱਕਾ ਹੈ ਕਿਉਂਕਿ ਸੱਤਾ ਪ੍ਰਾਪਤ ਕਰਨ ਲਈ ਕਾਂਗਰਸ ਨੇ ਜੋ ਵਾਅਦੇ ਕੀਤੇ ਸਨ, ਉਨ੍ਹਾਂ ਨੂੰ ਪੂਰਾ ਕਰਨ ਦੀ ਗੱਲ ਤਾਂ ਦੂਰ ਉੱਥੇ ਪਹਿਲੀਆਂ ਲੋਕ ਭਲਾਈ ਸਕੀਮਾਂ ਨੂੰ ਬੰਦ ਕੀਤਾ ਜਾ ਰਿਹਾ ਹੈ। ਬਘਿਆੜੀ ਨੇ ਕਿਹਾ ਕਿ ਕਿਸਾਨ ਜਥੇਬੰਦੀਆਂ ਵੱਲੋਂ ਜਮਹੂਰੀ ਢੰਗ ਨਾਲ ਸੰਘਰਸ਼ ਵਿੱਢਿਆ ਜਾਵੇਗਾ ਅਤੇ ਜੇਕਰ ਕਿਸੇ ਪ੍ਰਕਾਰ ਦੀ ਕੁਰਬਾਨੀ ਵੀ ਦੇਣੀ ਪਵੇਗੀ ਤਾਂ ਜਥੇਬੰਦੀ ਪਿੱਛੇ ਨਹੀਂ ਹਟੇਗੀ।
 ਇਸ ਮੌਕੇ ਭਗਵੰਤ ਸਿੰਘ ਗੰਡੀਵਿੰਡ, ਅਵਤਾਰ ਸਿੰਘ ਚਾਹਲ, ਸੂਬਾ ਸਿੰਘ ਮਾਣਕਪੁਰਾ, ਬਲਜੀਤ ਸਿੰਘ ਸਰਾਂ, ਨਿਰੰਜਣ ਸਿੰਘ ਚਾਹਲ, ਗੁਰਲਾਲ ਸਿੰਘ ਚੀਮਾ, ਲੱਖਾ ਸਿੰਘ ਢੰਡ, ਸਾਹਿਬ ਸਿੰਘ ਮੀਆਂਪੁਰ, ਹਰਪਾਲ ਸਿੰਘ ਨੌਸ਼ਹਿਰਾ ਢਾਲਾ, ਮਿੰਟੂ ਬਘਿਆੜੀ, ਸਰਪੰਚ ਸ਼ਾਮ ਸਿੰਘ ਕੋਟ, ਅਜੀਤ ਸਿੰਘ ਲਹੀਆਂ, ਕਾਰਜ ਸਿੰਘ ਸਰਾਂ, ਸੰਤੋਖ ਸਿੰਘ ਸੋਹਲ, ਕੁਲਦੀਪ ਸਿੰਘ ਫੌਜੀ ਆਦਿ ਕਿਸਾਨ ਆਗੂ ਹਾਜ਼ਰ ਸਨ।


Related News