ਆਵਾਰਾ ਪਸ਼ੂਆਂ ਤੇ ਕੁੱਤਿਆਂ ਨੇ ਲੋਕਾਂ ਦਾ ਜਿਊਣਾ ਕੀਤਾ ਦੁੱਭਰ

04/03/2018 11:17:39 AM

ਮੰਡੀ ਲੱਖੇਵਾਲੀ (ਸੁਖਪਾਲ)-ਇਸ ਖੇਤਰ ਦੇ ਸਾਰੇ ਹੀ ਪਿੰਡਾਂ ਵਿਚ ਆਵਾਰਾ ਪਸ਼ੂਆਂ ਅਤੇ ਕੁੱਤਿਆਂ ਭਰਮਾਰ ਹੈ, ਜਿਸ ਕਾਰਨ ਲੋਕਾਂ ਦਾ ਜਿਊਣਾ ਦੁੱਭਰ ਹੋਇਆ ਪਿਆ ਹੈ। ਭਾਵੇਂ ਆਮ ਲੋਕ ਅਤੇ ਕਿਸਾਨ ਜਥੇਬੰਦੀਆਂ ਨੇ ਆਵਾਰਾ ਪਸ਼ੂਆਂ ਅਤੇ ਕੁੱਤਿਆਂ ਦੇ ਹੱਲ ਲਈ ਪੰਜਾਬ ਸਰਕਾਰ ਨੂੰ ਬਹੁਤ ਵਾਰ ਅਪੀਲਾਂ ਅਤੇ ਦਲੀਲਾਂ ਦਿੱਤੀਆਂ ਹਨ ਪਰ ਅਜੇ ਤੱਕ ਸਮੇਂ ਦੀਆਂ ਸਰਕਾਰਾਂ ਲੋਕਾਂ ਨੂੰ ਇਸ ਸਮੱਸਿਆ ਤੋਂ ਛੁਟਕਾਰਾ ਦਿਵਾਉਣ ਲਈ ਅਸਫ਼ਲ ਹੀ ਸਾਬਤ ਹੋਈਆਂ ਹਨ। ਇਸ ਤੋਂ ਇਲਾਵਾ ਆਵਾਰਾ ਕੁੱਤਿਆਂ ਅਤੇ ਪਸ਼ੂਆਂ ਦੀ ਗਿਣਤੀ ਘਟਣ ਦੀ ਬਜਾਏ ਹੋਰ ਵਧ ਰਹੀ ਹੈ, ਜਿੱਥੇ ਖੇਤਾਂ ਵਿਚ ਆਵਾਰਾ ਪਸ਼ੂਆਂ ਦੇ ਵੱਡੇ-ਵੱਡੇ ਝੁੰਡ ਕਿਸਾਨਾਂ ਦੀਆਂ ਫ਼ਸਲਾਂ ਦਾ ਭਾਰੀ ਨੁਕਸਾਨ ਕਰਦੇ ਹਨ, ਉੱਥੇ ਹੀ ਇਹ ਪਸ਼ੂ ਪਿੰਡਾਂ ਦੀਆਂ ਗਲੀਆਂ 'ਚ ਵੀ ਘੁੰਮਦੇ ਰਹਿੰਦੇ ਹਨ ਅਤੇ ਲੋਕਾਂ ਦੇ ਘਰਾਂ ਵਿਚ ਵੀ ਦਾਖਲ ਹੋ ਜਾਂਦੇ ਹਨ।
ਲੋਕਾਂ ਦਾ ਘਰਾਂ 'ਚੋਂ ਨਿਕਲਣਾ ਔਖਾ ਹੋਇਆ ਪਿਆ ਹੈ। ਸਮਾਜ ਸੇਵਕ ਸੁਖਪਾਲ ਸਿੰਘ ਗਿੱਲ, ਜਸਵਿੰਦਰ ਸਿੰਘ ਨੰਦਗੜ੍ਹ ਅਤੇ ਪਰਮਜੀਤ ਸਿੰਘ ਲੱਖੇਵਾਲੀ ਨੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਇਸ ਗੰਭੀਰ ਸਮੱਸਿਆ ਦਾ ਢੁੱਕਵਾਂ ਹੱਲ ਕੱਢਿਆ ਜਾਵੇ।


Related News