ਨਹੀਂ ਰੁਕ ਰਹੀਆਂ ਕਿਸਾਨ ਖੁਦਕੁਸ਼ੀਆਂ, ਇਕ ਹੋਰ ਕਿਸਾਨ ਨੇ ਗਲ ਲਾਈ ਮੌਤ
06/02/2017 4:55:59 PM
ਲਹਿਰਾਗਾਗਾ (ਜਿੰਦਲ, ਗਰਗ) : ਨੇੜਲੇ ਪਿੰਡ ਸੰਗਤਪੁਰਾ ਵਿਖੇ ਆਰਥਿਕ ਤੰਗੀ ਤੋਂ ਪ੍ਰੇਸ਼ਾਨ ਇਕ ਕਿਸਾਨ ਨੇ ਕੋਈ ਜ਼ਹਿਰਲੀ ਚੀਜ਼ ਖਾ ਕੇ ਖੁਦਕੁਸ਼ੀ ਕਰ ਲਈ। ਇਸ ਬਾਰੇ ਜਾਣਕਾਰੀ ਦਿੰਦੇ ਹੋਏ ਪਿੰਡ ਦੇ ਸਾਬਕਾ ਸਰਪੰਚ ਕਰਤਾਰ ਸਿੰਘ ਨੇ ਦੱਸਿਆ ਕਿ ਨਾਜਰ ਸਿੰਘ ਪੁੱਤਰ ਅਜੈਬ ਸਿੰਘ (40) ਦੇ ਸਿਰ ਕਾਫ਼ੀ ਕਰਜ਼ਾ ਸੀ। ਉਸ ਕੋਲ ਜ਼ਮੀਨ ਵੀ ਬਹੁਤ ਘੱਟ ਹੋਣ ਕਰਕੇ ਪਰਿਵਾਰ ਦਾ ਗੁਜ਼ਾਰਾ ਵੀ ਮੁਸ਼ਕਲ ਨਾਲ ਚੱਲਦਾ ਸੀ। ਜਿਸ ਕਰਕੇ ਉਹ ਪ੍ਰੇਸ਼ਾਨ ਰਹਿੰਦਾ ਸੀ। ਇਸੇ ਪ੍ਰੇਸ਼ਾਨੀ ਅਤੇ ਆਰਥਿਕ ਤੰਗੀ ਦੇ ਚੱਲਦੇ ਨਾਜਰ ਸਿੰਘ ਨੇ ਕੋਈ ਜ਼ਹਿਰਲੀ ਚੀਜ਼ ਖਾ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ। ਥਾਣਾ ਧਰਮਗੜ੍ਹ ਦੀ ਪੁਲਸ ਵੱਲੋਂ ਬਣਦੀ ਕਾਰਵਾਈ ਕੀਤੀ ਜਾ ਰਹੀ।
ਦੂਜੇ ਪਾਸੇ ਪਿੰਡ ਸੰਗਤਪੁਰਾ ਦੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਦੇ ਪ੍ਰਧਾਨ ਸੂਬਾ ਸਿੰਘ ਨੇ ਕਿਹਾ ਕਿਸਾਨ ਦੀਆਂ ਖੁਦਕੁਸ਼ੀਆਂ ਕੈਪਟਨ ਦੇ ਰਾਜ ਵਿਚ ਵੀ ਰੁੱਕਣ ਦਾ ਨਾਮ ਨਹੀਂ ਲੈ ਰਹੀਆਂ ਹਨ। ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਨੇ ਜਿਹੜੇ ਕਿਸਾਨਾਂ ਨਾਲ ਵਾਅਦੇ ਕੀਤੇ ਸਨ ਕਿ ਉਨ੍ਹਾਂ ਨੂੰ ਪੂਰਾ ਕੀਤਾ ਜਾਵੇ ਅਤੇ ਮ੍ਰਿਤਕ ਕਿਸਾਨ ਦੇ ਪਰਿਵਾਰ ਦੀ ਵੱਧ ਤੋ ਵੱਧ ਮਦਦ ਕੀਤੀ ਜਾਵੇ।