ਬਰਸ਼ੀਨ ਦੇ ਖੇਤ ਚੋਂ ਕਿਸਾਨ ਨੂੰ ਮਿਲੇ 2 ਲੱਖ ਰੁਪਏ
Friday, Mar 23, 2018 - 10:21 PM (IST)

ਝਬਾਲ/ ਬੀੜ ਸਾਹਿਬ(ਲਾਲੂਘੁੰਮਣ,ਬਖਤਾਵਰ,ਭਾਟੀਆ)- ਜ਼ਿਲਾ ਤਰਨਤਾਰਨ ਦੇ ਕਸਬਾ ਗੱਗੋਬੂਆ ਦੇ ਇਕ ਕਿਸਾਨ ਦੇ ਬਰਸ਼ੀਨ ਦੇ ਖੇਤ ਚੋਂ 2 ਲੱਖ ਰੁਪਏ ਮਿਲਣ ਦੀ ਖਬਰ ਸੋਸ਼ਲ ਮੀਡੀਆ 'ਤੇ ਅੱਗ ਵਾਂਗ ਫੈਲ ਰਹੀ ਹੈ। ਕਿਸਾਨ ਵੱਲੋਂ ਦਾਅਵਾ ਕੀਤਾ ਜਾ ਰਿਹਾ ਹੈ ਕਿ ਇਹ 2 ਲੱਖ ਰੁਪਏ ਗੱਗੋਬੂਆ ਕਸਬੇ ਤੋਂ ਪਿੰਡ ਭੁੱਚਰ ਰੋਡ ਨੂੰ ਜਾਂਦੀ ਸੜਕ ਦੇ ਨਜ਼ਦੀਕ ਮੇਨ ਰੋਡ 'ਤੇ ਸਥਿਤ ਉਸਦੀ ਬਰਸ਼ੀਨ ਦੇ ਖੇਤ 'ਚ ਇਕ ਬੈੱਗ (ਲਿਫਾਫੇ) 'ਚ ਪਏ ਉਸ ਨੂੰ ਮਿਲੇ ਹਨ। ਇਸ ਸਬੰਧੀ ਭਰੋਸੇਯੋਗ ਸੂਤਰਾਂ ਮੁਤਾਬਕ ਉਕਤ ਨੌਜਵਾਨ ਕਸਬਾ ਗੱਗੋਬੂਆ ਦਾ ਵਸਨੀਕ ਹੈ। ਨੌਜਵਾਨ ਨੇ ਇਮਾਨਦਾਰੀ ਦਾ ਪ੍ਰਮਾਣ ਦਿੰਦਿਆਂ 2 ਲੱਖ ਰੁਪਏ ਸਬੰਧਤ ਵਿਅਕਤੀ ਨੂੰ ਲੈ ਜਾਣ ਸਬੰਧੀ ਅਪੀਲ ਵੀ ਸੋਸ਼ਲ ਮੀਡੀਆ 'ਤੇ ਕੀਤੀ ਹੈ। ਨੌਜਵਾਨ ਨੇ ਸੋਸ਼ਲ ਸਾਇਟਾਂ 'ਤੇ ਆਪਣੀ ਪੈਸੇ ਹੱਥ 'ਚ ਫੜੀ ਫੋਟੋ ਵਾਇਰਲ ਕਰਦਿਆਂ ਇਕ ਆਡੀਓ ਪਾਈ ਹੈ ਕੇ ਉਨ੍ਹਾਂ ਦੇ ਬਰਸ਼ੀਨ ਦੇ ਖੇਤ ਚੋਂ ਉਸ ਨੂੰ ਉਕਤ 2 ਲੱਖ ਰੁਪਏ ਮਿਲੇ ਹਨ। ਨੌਜਵਾਨ ਤਸਵੀਰ 'ਚ ਬਰਸੀਨ ਦੇ ਖੇਤ 'ਚ ਖੜ੍ਹਾ ਮਿਲੇ ਪੈਸੇ ਦਿਖਾ ਰਿਹਾ ਹੈ। ਉਸ ਨੇ ਆਡੀਓ 'ਚ ਦੱਸਿਆ ਕਿ ਉਨ੍ਹਾਂ ਦਾ ਖੇਤ ਕਸਬਾ ਗੱਗੋਬੂਆ ਸਥਿਤ ਪਿੰਡ ਭੁੱਚਰ ਨੂੰ ਜਾਂਦੀ ਸੜਕ ਦੇ ਉਪਰ ਹੈ ਅਤੇ ਉਨ੍ਹਾਂ ਦੇ ਬਰਸੀਨ ਦੇ ਖੇਤ ਚੋਂ ਉਕਤ 2 ਲੱਖ ਰੁਪਏ ਸੁਕਰਵਾਰ ਨੂੰ ਮਿਲੇ ਹਨ। ਉਕਤ ਨੌਜਵਾਨ ਨੇ ਨਿਸ਼ਾਨੀ ਦੱਸ ਕੇ ਸਬੰਧਤ ਵਿਅਕਤੀ ਨੂੰ ਆਪਣੇ ਪੈਸੇ ਲੈ ਜਾਣ ਸਬੰਧੀ ਵੀ ਅਪੀਲ ਕੀਤੀ ਹੈ।
ਇਲਾਕੇ 'ਚ ਸੋਸ਼ਲ ਮੀਡੀਆ 'ਤੇ ਵਾਇਰਲ ਹੋਈ ਇਸ ਫੋਟੋ ਅਤੇ ਆਡੀਓ ਦੀ ਕਾਫੀ ਚਰਚਾ ਚੱਲ ਰਹੀ ਹੈ। ਇਸ ਸਬੰਧੀ ਜਦੋਂ ਉਕਤ ਨੌਜਵਾਨ ਮਨਜੀਤ ਸਿੰਘ ਦੇ ਮੋਬਾਇਲ 'ਤੇ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਉਸਦਾ ਫੋਨ ਨੰਬਰ ਆਰਜੀ ਤੌਰ 'ਤੇ ਮੌਜੂਦ ਨਹੀਂ ਮਿਲਿਆ ਹੈ। ਇਲਾਕੇ ਅੰਦਰ ਉਕਤ ਨੌਜਵਾਨ ਵੱਲੋਂ 2 ਲੱਖ ਹੱਥ 'ਚ ਫੜ• ਕੇ ਸੋਸ਼ ਮੀਡੀਆ 'ਤੇ ਪਾਈ ਗਈ ਤਸਵੀਰ ਅਤੇ ਆਡੀਓ ਸਬੰਧੀ ਕਈ ਪ੍ਰਕਾਰ ਦੀਆਂ ਚਰਚਾਵਾਂ ਦਾ ਬਜ਼ਾਰ ਗਰਮ ਹੈ, ਕਿ ਨੌਜਵਾਨ ਵੱਲੋਂ ਸੋਸ਼ਲ ਮੀਡੀਆ 'ਤੇ ਵਾਹ ਵਾਹ ਖੱਟਣ ਲਈ ਅਜਿਹਾ ਕੀਤਾ ਗਿਆ ਹੈ।