ਸੰਗਰੂਰ ਦੇ ਪਿੰਡ ਕਹੇਰੂ ਦੇ ਕਿਸਾਨਾਂ ਨੇ ਕੀਤੀ ਪਹਿਲ, ਪਰਾਲੀ ਸਾੜਨ ਦੀ ਬਜਾਇ ਵੇਚ ਕੇ ਕਮਾਏ ਪੈਸੇ

Friday, Nov 03, 2017 - 02:18 PM (IST)

ਸੰਗਰੂਰ (ਰਾਜੇਸ਼, ਹਨੀ ਕੋਹਲੀ) — ਅੱਜ ਜਿਥੇ ਪੰਜਾਬ ਦਾ ਕਿਸਾਨ ਤੇ ਸਰਕਾਰ ਪਰਾਲੀ ਨੂੰ ਸਾੜ੍ਹਨ ਦੇ ਮੁੱਦੇ 'ਤੇ ਇਕ-ਦੂਜੇ ਦੇ ਕੱਟੜ ਵਿਰੋਧੀ ਦੇ ਰੂਪ 'ਚ ਆਹਮੋ-ਸਾਹਮਣੇ ਖੜ੍ਹੇ ਹਨ। ਉਥੇ ਹੀ ਸੰਗਰੂਰ ਦਾ ਇਕ ਕਿਸਾਨ ਪ੍ਰਗਟ ਸਿੰਘ ਪਰਾਲੀ ਸਾੜਨ ਦੇ ਮਾਮਲੇ 'ਚ ਬਾਕੀ ਕਿਸਾਨਾਂ ਲਈ ਇਕ ਮਿਸਾਲ ਬਣ ਕੇ ਉਭਰਿਆ ਹੈ। ਇਹ ਕਿਸਾਨ ਪਰਾਲੀ ਨੂੰ ਸਾੜਨ ਦੀ ਬਜਾਇ ਇਸ ਨੂੰ ਵੇਚ ਕੇ ਪੈਸੇ ਕਮਾ ਰਿਹਾ ਹੈ। ਇਹ ਹੀ ਨਹੀਂ ਇਸ ਦੇ ਨਾਲ ਉਸ ਨੇ ਆਪਣੀ ਇਸ ਕੋਸ਼ਿਸ਼ ਦੇ ਸਦਕਾ ਵਾਤਾਵਰਣ ਵੀ ਪ੍ਰਦੂਸ਼ਣ ਤੋਂ ਬਚਾਇਆ ਤੇ ਪਰਾਲੀ ਨੂੰ ਅੱਗ ਲਗਾਉਣ ਸਮੇਂ ਮਿੱਟੀ 'ਚ ਮੌਜੂਦ ਫਸਲ ਦੇ ਸਹਾਇਕ ਕੀੜੇਆਂ ਨੂੰ ਨਸ਼ਟ ਹੋਣ ਤੋਂ ਵੀ ਬਚਾਇਆ ਹੈ। ਇਥੇ ਪ੍ਰਗਟ ਸਿੰਘ ਨੇ ਦੱਸਿਆ ਕਿ ਕਿਸਾਨਾਂ ਦੀ ਮੰਨੀਏ ਤਾਂ ਇਹ ਤਕਨੀਕ ਕੁਝ ਮਹਿੰਗੀ ਹੋਣ ਦੇ ਨਾਲ ਕੁਝ ਸਮਾਂ ਵੀ ਲੈਂਦੀ ਹੈ, ਜਿਸ ਕਾਰਨ ਉਨ੍ਹਾਂ ਨੂੰ ਇਸ ਤਰੀਕੇ ਨਾਲ ਪਰਾਲੀ ਨਸ਼ਟ ਕਰਨ 'ਚ ਕੁਝ ਦਿਨ ਲੱਗਦੇ ਹਨ ਪਰ ਇਸ ਨਾਲ ਨਾ ਤਾਂ ਵਾਤਾਵਰਣ ਪ੍ਰਦੂਸ਼ਿਤ ਹੁੰਦਾ ਹੈ ਤੇ ਨਾ ਹੀ ਫਸਲ ਲਈ ਮਿੱਤਰ ਕੀੜੇ ਨਸ਼ਟ ਹੁੰਦੇ ਹਨ, ਜੇਕਰ ਸਰਕਾਰ ਕਿਸਾਨਾਂ ਨੂੰ ਪ੍ਰਤੀ ਏਕੜ ਹਿਸਾਬ ਨਾਲ ਕੁਝ ਸਹਾਇਤਾ ਕਰੇ ਤਾਂ ਕਿਸਾਨ ਇਸ ਤਕਨੀਕ ਨੂੰ ਅਪਨਾਉਣ ਨੂੰ ਤਿਆਰ ਹਨ।
ਉਥੇ ਹੀ ਇਸ ਸੰਬੰਧੀ ਪਿੰਡ ਦੇ ਸਰਪੰਚ ਅਮਰਜੀਤ ਸਿੰਘ ਨੇ ਕਿਹਾ ਕਿ ਪਰਾਲੀ ਨੂੰ ਸੰਭਾਲਣ ਦੀ ਇਹ ਤਕਨੀਕ ਕਾਫੀ ਚੰਗੀ ਹੈ। ਇਸ ਨਾਲ ਪ੍ਰਦੂਸ਼ਣ ਵੀ ਨਹੀਂ ਹੁੰਦਾ ਤੇ ਝਾੜ ਵੀ ਵੱਧ ਹੁੰਦਾ ਹੈ। ਪਰਾਲੀ ਨੂੰ ਅੱਗ ਲਗਾਉਣ ਨਾਲ ਇੰਨਾ ਪ੍ਰਦੂਸ਼ਣ ਹੋ ਜਾਂਦਾ ਹੈ ਕਿ ਸਾਹ ਲੈਣਾ ਵੀ ਮੁਸ਼ਕਲ ਹੋ ਜਾਂਦਾ ਹੈ ਤੇ ਅੱਖਾਂ 'ਤੇ ਵੀ ਇਸ ਦਾ ਮਾੜਾ ਅਸਰ ਪੈਂਦਾ ਹੈ। ਉਨ੍ਹਾਂ ਸਰਕਾਰ ਨੂੰ ਅਪੀਲ ਕਰਦੇ ਕਿਹਾ ਕਿ ਪਰਾਲੀ ਨੂੰ ਸੰਭਾਲਣ ਲਈ ਵਰਤੀ ਜਾਣ ਵਾਲੀ ਮਸ਼ੀਨ ਕਾਫੀ ਮਹਿੰਗੀ ਹੈ, ਜਿਸ ਨੂੰ ਗਰੀਬ ਕਿਸਾਨ ਖਰੀਦ ਨਹੀਂ ਸਕਦਾ। ਇਸ ਲਈ ਸਰਕਾਰ ਨੂੰ ਕਿਸਾਨਾਂ ਦੀ ਆਰਥਿਕ ਸਹਾਇਤਾ ਕਰਨੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਸਾਡਾ ਇਕ ਏਕੜ 'ਤੇ 2000 ਰੁਪਏ ਦੇ ਕਰੀਬ ਖਰਚ ਆ ਜਾਂਦਾ ਹੈ। ਉਨ੍ਹਾਂ ਸਰਕਾਰ ਨੂੰ ਇਸ ਕੰਮ 'ਤੇ ਸਬਸਿਡੀ ਦੇਣ ਦੀ ਅਪੀਲ ਵੀ ਕੀਤੀ ਤਾਂ ਜੋਂ ਵੱਧ ਤੋਂ ਵੱਧ ਕਿਸਾਨ ਇਸ ਤਰੀਕੇ ਨੂੰ ਅਪਣਾ ਸਕਣ। 


Related News