ਕਿਸਾਨੀ ਅੰਦੋਲਨ ਸਬੰਧੀ ਸਿੱਖ ਵਿਦਵਾਨਾਂ, ਕਥਾ ਵਾਚਕਾਂ, ਰਾਗੀ ਤੇ ਗ੍ਰੰਥੀ ਸਿੰਘਾਂ ਦੀ ਅਹਿਮ ਮੀਟਿੰਗ
Thursday, Dec 10, 2020 - 03:22 PM (IST)
ਲੁਧਿਆਣਾ (ਸਲੂਜਾ) : ਭਾਈ ਗੁਰਦਾਸ ਮਿਸ਼ਨਰੀ ਕਾਲਜ ਲੁਧਿਆਣਾ ਵਿਖੇ ਅੱਜ ਕਿਸਾਨ ਅੰਦੋਲਨ ਸਬੰਧੀ ਸਿੱਖ ਵਿਦਵਾਨਾਂ, ਕਥਾ ਵਾਚਕਾਂ, ਰਾਗੀ, ਗ੍ਰੰਥੀ ਸਿੰਘਾਂ ਅਤੇ ਕਾਲਜ ਦੇ ਵਿਦਿਆਰਥੀਆਂ ਦੀ ਮਹੱਤਵਪੂਰਨ ਮੀਟਿੰਗ ਹੋਈ, ਜਿਸ 'ਚ ਸਭ ਤੋਂ ਪਹਿਲਾਂ ਕਿਸਾਨ ਵਿਰੋਧੀ ਬਿੱਲਾਂ ਨੂੰ ਲੈ ਕੇ ਮੋਰਚੇ 'ਤੇ ਡਟੇ ਕਿਸਾਨਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਦੀ ਚੜ੍ਹਦੀ ਕਲਾ ਲਈ ਅਰਦਾਸ ਕੀਤੀ ਗਈ।
ਇਕਜੁੱਟਤਾ ਨਾਲ ਦੇਸ਼ ਦੀ ਕੇਂਦਰੀ ਸਰਕਾਰ ਨੂੰ ਇਹ ਸਪੱਸ਼ਟ ਕੀਤਾ ਗਿਆ ਕਿ ਚੱਲ ਰਹੇ ਦੇਸ਼ ਵਿਆਪੀ ਕਿਸਾਨੀ ਸੰਘਰਸ਼ ਨੂੰ ਸਿਰਫ ਸਿੱਖਾਂ ਨਾਲ ਜੋੜ ਕੇ ਨਾ ਦੇਖਿਆ ਜਾਵੇ, ਸਗੋਂ ਇਹ ਤਾਂ ਸਮੁੱਚੀ ਮਾਨਵਤਾ ਨਾਲ ਸਬੰਧਿਤ ਮੁੱਦਾ ਹੈ। ਇਨ੍ਹਾਂ ਸਿੱਖ ਵਿਦਵਾਨਾਂ ਨੇ ਕਿਹਾ ਕਿ ਸਰਕਾਰਾਂ ਨੂੰ ਇਹ ਕਦੇ ਵੀ ਨਹੀਂ ਭੁੱਲਣਾ ਚਾਹੀਦਾ ਕਿ ਇਹ ਉਹੀ ਪੰਜਾਬ ਦੇ ਕਿਸਾਨ ਹਨ, ਜਿਨ੍ਹਾਂ ਨੇ ਭਾਰਤ ਦੇਸ਼ ਨੂੰ ਸੰਕਟ ਦੇ ਸਮੇਂ ਅਨਾਜ ਦੇ ਖੇਤਰ 'ਚ ਆਤਮ ਨਿਰਭਰ ਬਣਾਇਆ ਸੀ।
ਕਰੋਨਾ ਮਹਾਮਾਰੀ ਦੌਰਾਨ ਖੇਤੀਬਾੜੀ ਦੀ ਬਦੌਲਤ ਹੀ ਦੇਸ਼ ਦੀ ਆਰਥਿਕਤਾ ਨੂੰ ਬਲ ਮਿਲਿਆ ਸੀ, ਇਸ ਲਈ ਸਰਕਾਰ ਨੂੰ ਚਾਹੀਦਾ ਹੈ ਕਿ ਉਹ ਜ਼ਿੱਦ ਛੱਡ ਕੇ ਕਿਸਾਨੀ ਦੀਆਂ ਮੰਗਾਂ ਨੂੰ ਮਨਜ਼ੂਰ ਕਰੇ। ਇਸ ਮੀਟਿੰਗ 'ਚ ਭਾਈ ਪਰਮਜੀਤ ਸਿੰਘ ਖਾਲਸਾ, ਗਿਆਨੀ ਸਰਬਜੀਤ ਸਿੰਘ ਲੁਧਿਆਣਾ, ਗਿਆਨੀ ਬਲਦੇਵ ਸਿੰਘ ਪਾਉਂਟਾ ਸਾਹਿਬ, ਗਿਆਨੀ ਰਛਪਾਲ ਸਿੰਘ, ਗਿਆਨੀ ਸਰਬਜੀਤ ਸਿੰਘ, ਗਿਆਨੀ ਹਰਜਿੰਦਰ ਸਿੰਘ, ਗਿਆਨੀ ਜੋਗਿੰਦਰ ਸਿੰਘ ਅਤੇ ਹੋਰ ਮੌਜੂਦ ਸਨ।