ਕਿਸਾਨ ਜਥੇਬੰਦੀ ਨੇ ਕੀਤਾ ਉਪ ਮੰਡਲ ਸਰਾਏ ਅਮਾਨਤ ਖਾਂ ਮੂਹਰੇ ਰੋਸ ਪ੍ਰਦਰਸ਼ਨ
Wednesday, Jul 11, 2018 - 05:33 AM (IST)
ਝਬਾਲ, (ਲਾਲੂਘੁੰਮਣ)- ਜਮਹੂਰੀ ਕਿਸਾਨ ਸਭਾ ਪੰਜਾਬ ਵੱਲੋਂ ਝੋਨੇ ਦੀ ਫਸਲ ਨੂੰ ਪਾਲਣ ਲਈ 16 ਘੰਟੇ ਲਗਾਤਾਰ ਬਿਜਲੀ ਸਪਲਾਈ ਜਾਰੀ ਕਰਾਉਣ ਲਈ ਅਤੇ ਬਿਜਲੀ ਸਬੰਧੀ ਹੋਰ ਸਮੱਸਿਆਵਾਂ ਹੱਲ ਕਰਾਉਣ ਲਈ ਪਾਵਰਕਾਮ ਉਪ ਮੰਡਲ ਸਰਾਏ ਅਮਾਨਤ ਖਾਂ ਮੂਹਰੇ ਧਰਨਾ ਲਾ ਕੇ ਰੋਸ-ਪ੍ਰਦਰਸ਼ਨ ਕੀਤਾ ਗਿਆ। ਧਰਨਾਕਾਰੀਆਂ ਦੀ ਅਗਵਾਈ ਕਰ ਰਹੇ ਹਰਦੀਪ ਸਿੰਘ ਰਸੂਲਪੁਰ, ਮੰਗਲ ਸਿੰਘ ਸਾਂਘਣਾ, ਲੱਖਾ ਸਿੰਘ ਢੰਡ, ਤਹਿਸੀਲ ਕਮੇਟੀ ਪ੍ਰਧਾਨ ਜਸਬੀਰ ਸਿੰਘ ਗੰਡੀਵਿੰਡ ਤੇ ਤਹਿਸੀਲ ਸਕੱਤਰ ਚਰਨਜੀਤ ਸਿੰਘ ਬਾਠ ਨੇ ਦੱਸਿਆ ਕਿ ਝੋਨੇ ਦੀ ਬੀਜੀ ਜਾ ਰਹੀ ਫਸਲ ਨੂੰ ਪਾਲਣ ਲਈ ਦਿੱਤੀ ਜਾ ਰਹੀ ਬਿਜਲੀ ਸਪਲਾਈ ਲੋਡ਼ ਅਨੁਸਾਰ ਘੱਟ ਹੈ।
ਉਨ੍ਹਾਂ ਕਿਹਾ ਕਿ ਪਹਿਲਾਂ ਹੀ ਝੋਨੇ ਦੀ ਲਵਾਈ ਦੇਰੀ ਨਾਲ ਸ਼ੁਰੂ ਹੋਣ ਕਰ ਕੇ ਕਿਸਾਨਾਂ ਨੂੰ ਕਈ ਤਰ੍ਹਾਂ ਦੀਆਂ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਉਪਰੋਂ ਪਾਵਰਕਾਮ ਵੱਲੋਂ ਜੋ ਸਪਲਾਈ ਝੋਨੇ ਲਈ ਦਿੱਤੀ ਜਾ ਰਹੀ ਹੈ, ਉਹ ਵੀ ਕਈ-ਕਈ ਘੰਟਿਅਾਂ ਦਾ ਕੱਟ ਲਾ ਕੇ ਕਿਸ਼ਤਾਂ ’ਚ ਦਿੱਤੀ ਜਾ ਰਹੀ ਹੈ। ਕਿਸਾਨ ਆਗੂਆਂ ਨੇ ਕਿਹਾ ਕਿ ਬਿਜਲੀ ਦਰਾਂ ’ਚ 2 ਫੀਸਦੀ ਦਾ ਵਾਧਾ ਕਰ ਕੇ ਸਰਕਾਰ ਨੇ ਲੋਕਾਂ ’ਤੇ ਹੋਰ ਵਾਧੂ ਬੋਝ ਪਾਇਆ ਹੈ। ਉਨ੍ਹਾਂ ਦੱਸਿਅਾ ਕਿ ਕਿਸਾਨਾਂ ਨੂੰ ਝੋਨੇ ਦੀ ਫਸਲ ਪਾਲਣ ਲਈ 16 ਘੰਟੇ ਲਗਾਤਾਰ ਬਿਜਲੀ ਸਪਲਾਈ ਦਿੱਤੀ ਜਾਵੇ ਅਤੇ ਕਿਸਾਨਾਂ ਦੀਆਂ ਮੋਟਰਾਂ ਦੇ ਸਡ਼ੇ ਟਰਾਂਸਫਾਰਮਰ 24 ਘੰਟੇ ਦੇ ਅੰਦਰ-ਅੰਦਰ ਬਦਲੇ ਜਾਣ। ਆਗੂਆਂ ਨੇ ਕਿਹਾ ਕਿ ਮਜ਼ਦੂਰਾਂ ਨੂੰ 200 ਯੂਨਿਟ ਦੀ ਪ੍ਰਤੀ ਮਹੀਨਾ ਦਿੱਤੀ ਗਈ ਮੁਆਫੀ ਬਿਨਾਂ ਸ਼ਰਤ ਬਹਾਲ ਰੱਖੀ ਜਾਵੇ, ਬਿਜਲੀ ਦਫਤਰਾਂ ’ਚ ਫੈਲਿਆ ਭ੍ਰਿਸ਼ਟਾਚਾਰ ਬੰਦ ਕੀਤਾ ਜਾਵੇ ਅਤੇ ਖਪਤਕਾਰਾਂ ਦੀਆਂ ਬਿਜਲੀ ਸਬੰਧੀ ਸ਼ਿਕਾਇਤਾਂ ਦਾ ਨਿਪਟਾਰਾ ਯਕੀਨੀ ਬਣਾਇਆ ਜਾਵੇ ਅਤੇ ਢਿੱਲੀਆਂ, ਪੁਰਾਣੀਅਾਂ ਤਾਰਾਂ ਸਮੇਤ ਓਵਰਲੋਡ ਟਰਾਂਸਫਾਰਮਰ ਗਰਿੱਡ ਤੁਰੰਤ ਬਦਲੇ ਜਾਣ।
ਇਸ ਦੌਰਾਨ ਕਿਸਾਨ ਜਥੇਬੰਦੀ ਵੱਲੋਂ ਉਕਤ ਮੰਗਾਂ ਨੂੰ ਲੈ ਕੇ ਐੱਸ. ਡੀ. ਓ. ਸਰਾਏ ਅਮਾਨਤ ਖਾਂ ਜਰਨੈਲ ਸਿੰਘ ਨੂੰ ਮੰਗ ਪੱਤਰ ਵੀ ਦਿੱਤਾ ਗਿਅਾ, ਜਿਸ ਸਬੰਧੀ ਐੱਸ. ਡੀ. ਓ. ਵੱਲੋਂ ਕਿਸਾਨਾਂ ਦੀਆਂ ਜਾਇਜ਼ ਮੰਗਾਂ ਜਲਦ ਹੱਲ ਕਰਨ ਦਾ ਭਰੋਸਾ ਦਿੱਤਾ ਗਿਅਾ। ਇਸ ਮੌਕੇ ਗੁਰਵਿੰਦਰ ਸਿੰਘ ਦੋਦੇ, ਜਗਬੀਰ ਸਿੰਘ ਬੱਬੂ ਗੰਡੀਵਿੰਡ, ਸੰਦੀਪ ਸਿੰਘ ਰਸੂਲਪੁਰ, ਹਰਭਜਨ ਸਿੰਘ ਚੀਮਾ, ਗੁਰਦੇਵ ਸਿੰਘ ਢੰਡ, ਮੰਗਲ ਸਿੰਘ ਸਾਂਘਣਾ, ਪੂਰਨ ਸਿੰਘ ਜਗਤਪੁਰਾ, ਸ਼ਮਸ਼ੇਰ ਸਿੰਘ, ਸੁਰਿੰਦਰ ਸਿੰਘ ਦੋਦੇ, ਕਰਮ ਸਿੰਘ ਪੰਡੋਰੀ, ਰਸ਼ਪਾਲ ਸਿੰਘ, ਹਰਦੇਵ ਸਿੰਘ ਬਾਠ, ਰਵਿੰਦਰ ਸਿੰਘ ਚੀਮਾ, ਹਰਦੀਪ ਸਿੰਘ ਦੋਦੇ, ਬਲਜੀਤ ਸਿੰਘ, ਸਵਿੰਦਰ ਸਿੰਘ ਦੋਦੇ ਆਦਿ ਹਾਜ਼ਰ ਸਨ।
