ਕਿਸਾਨ ਜਥੇਬੰਦੀ ਵੱਲੋਂ ਥਾਣੇ ਅੱਗੇ ਧਰਨਾ ਪ੍ਰਦਰਸ਼ਨ ਜਾਰੀ

Friday, Jun 22, 2018 - 06:52 AM (IST)

ਕਿਸਾਨ ਜਥੇਬੰਦੀ ਵੱਲੋਂ ਥਾਣੇ ਅੱਗੇ ਧਰਨਾ ਪ੍ਰਦਰਸ਼ਨ ਜਾਰੀ

ਝਬਾਲ,   (ਲਾਲੂਘੁੰਮਣ)-  ਥਾਣਾ ਝਬਾਲ ਦੇ ਪਿੰਡ ਝਾਮਕਾ ਦੇ 2 ਕਿਸਾਨ ਭਰਾਵਾਂ ਦੇ ਆਪਸੀ ਜ਼ਮੀਨੀ ਵਿਵਾਦ ਦਾ ਮਾਮਲਾ ਉਸ ਵੇਲੇ ਬੁਰੀ ਤਰ੍ਹਾਂ ਉਲਝ ਗਿਆ, ਜਦੋਂ ਇਕ ਧਿਰ ਦੀ ਹਮਾਇਤ ’ਤੇ ਨਿੱਤਰਦਿਆਂ ਕਿਸਾਨ ਸੰਘਰਸ਼ ਕਮੇਟੀ ਪੰਜਾਬ ਦੇ ਕਾਰਕੁੰਨਾਂ ਵੱਲੋਂ ਵੀਰਵਾਰ ਦੀ ਦੁਪਹਿਰ ਤੋਂ ਥਾਣਾ ਝਬਾਲ ਦਾ ਘਿਰਾਓ ਕਰਦਿਆਂ ਅਣਮਿੱਥੇ ਸਮੇਂ ਲਈ ਧਰਨਾ ਲਾ ਦਿੱਤਾ ਗਿਆ।
 ਇਸ ਸਬੰਧੀ ਜਾਣਕਾਰੀ ਦਿੰਦਿਆਂ ਇਕ ਧਿਰ ਦੇ ਕਿਸਾਨ ਗੁਰਜੀਤ ਸਿੰਘ ਪੁੱਤਰ ਆਤਮਾ ਸਿੰਘ ਨੇ ਦੱਸਿਆ ਕਿ ਇਸ ਦੇ ਪਿਤਾ ਦੇ ਦੋ ਵਿਆਹ ਪ੍ਰਕਾਸ਼ ਕੌਰ ਅਤੇ ਸਵਿੰਦਰ ਕੌਰ ਨਾਲ ਹੋਏ  ਸਨ। ਇਕ ਸੰਤਾਨ ’ਚੋਂ ਉਹ ਦੋ ਭਰਾ (ਗੁਰਜੀਤ ਸਿੰਘ ਅਤੇ ਹਰਦੀਪ ਸਿੰਘ) ਪ੍ਰਕਾਸ਼ ਕੌਰ ਦੀ ਅੌਲਾਦ ਹਨ। ਉਨ੍ਹਾਂ ਦੇ ਪਿਤਾ ਵੱਲੋਂ ਆਪਣੀ ਪੁਸ਼ਤੈਨੀ 89 ਕਨਾਲ ਜ਼ਮੀਨ ਦੇ ਦੋ ਹਿੱਸੇ ਕਰਦਿਆਂ ਉਨ੍ਹਾਂ ਦੋਵਾਂ ਭਰਾਵਾਂ ਦੇ ਨਾਂ 44 ਕਨਾਲ ਜ਼ਮੀਨ ਅਤੇ ਦੂਜੀ ਸੰਤਾਨ ਸਵਿੰਦਰ ਕੌਰ ਦੇ ਦੋ ਲਡ਼ਕਿਆਂ ਬਲਜਿੰਦਰ ਸਿੰਘ ਤੇ ਕੰਵਲਜੀਤ ਸਿੰਘ ਦੇ ਨਾਂ 45 ਕਨਾਲ ਜ਼ਮੀਨ ਲਈ ਗਈ ਹੈ। ਉਸ ਨੇ ਦੱਸਿਆ ਕਿ ਉਹ ਆਪਣੀ ਜ਼ਮੀਨ ’ਚ ਕਾਸ਼ਤ ਕਰਦੇ ਆ ਰਹੇ ਹਨ ਪਰ ਉਨ੍ਹਾਂ ਦਾ ਮਤਰੇਆ ਭਰਾ ਬਲਜਿੰਦਰ ਸਿੰਘ ਉਨ੍ਹਾਂ ਦੀ ਜ਼ਮੀਨ ’ਤੇ ਕਬਜ਼ਾ ਕਰਨਾ ਚਾਹੁੰਦਾ ਹੈ, ਜਿਸ ਕਰ ਕੇ ਉਸ ਵੱਲੋਂ ਉਨ੍ਹਾਂ ’ਤੇ ਦਰਜਾਨਾਂ ਅਦਾਲਤੀ ਕੇਸ ਦਾਇਰ ਕਰ ਕੇ ਮਾਨਸਿਕ ਤੌਰ ’ਤੇ ਪ੍ਰੇਸ਼ਾਨ ਵੀ ਕੀਤਾ ਜਾ ਰਿਹਾ ਹੈ। ਥਾਣੇ ਦਾ ਘਿਰਾਓ ਕਰ ਕੇ ਬੈਠੇ ਕਿਸਾਨ ਸੰਘਰਸ਼ ਕਮੇਟੀ ਦੇ ਆਗੂਆਂ ਮੁਹਿੰਦਰ ਸਿੰਘ ਭੋਜੀਆਂ, ਮੁਖਤਾਰ ਸਿੰਘ ਬਾਕੀਪੁਰ, ਜੱਸਾ ਸਿੰਘ ਝਾਮਕਾ, ਸਵਿੰਦਰ ਸਿੰਘ ਜੀਓਬਾਲਾ ਆਦਿ ਨੇ ਦੱਸਿਆ ਕਿ ਉਕਤ ਦੋਵਾਂ ਭਰਾਵਾਂ ’ਚ ਜ਼ਮੀਨ ਦੀ ਵੰਡ ਨੂੰ ਲੈ ਕੇ ਅਦਾਲਤ ’ਚ ਕੇਸ ਚੱਲ ਰਹੇ ਹਨ ਪਰ ਅਦਾਲਤ ਦੇ ਫੈਸਲਿਆਂ ਦੀ ਬਿਨਾਂ ਉਡੀਕ ਕੀਤਿਆਂ ਬਲਜਿੰਦਰ ਸਿੰਘ ਨੇ ਬੀਤੇ ਦਿਨੀਂ ਜਿੱਥੇ ਗੁਰਜੀਤ ਸਿੰਘ ਵੱਲੋਂ ਬੀਜਿਆ ਗਿਆ ਝੋਨਾ ਆਪਣੇ ਸਾਥੀਆਂ ਅਤੇ ਥਾਣਾ ਝਬਾਲ ਦੀ ਪੁਲਸ ਦੀ ਮਦਦ ਨਾਲ ਟਰੈਕਟਰ ਨਾਲ ਵਾਹ ਦਿੱਤਾ ਹੈ, ਉਥੇ ਹੀ ਬੀਤੀ ਰਾਤ ਗੁਰਜੀਤ ਸਿੰਘ ਦੀ ਕਰੀਬ 3 ਏਕਡ਼ ਜ਼ਮੀਨ ’ਚ ਪਾਣੀ ਲਾ  ਕੇ ਝੋਨਾ ਬੀਜਣ ਦੀ ਨੀਅਤ ਨਾਲ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ।
 ਕਿਸਾਨ ਆਗੂਆਂ ਨੇ ਦੱਸਿਆ ਕਿ ਗੁਰਜੀਤ ਸਿੰਘ ਵੱਲੋਂ ਬਲਜਿੰਦਰ ਸਿੰਘ ਵਿਰੁੱਧ ਥਾਣਾ ਝਬਾਲ ਵਿਖੇ ਸ਼ਿਕਾਇਤ ਵੀ ਦਰਜ ਕਰਵਾਈ ਗਈ ਹੈ ਪਰ ਪੁਲਸ ਵੱਲੋਂ ਉਸ ਵਿਰੁੱਧ ਕੋਈ ਕਾਰਵਾਈ ਨਾ ਕਰਨ ਕਰ ਕੇ ਅੱਜ ਉਨ੍ਹਾਂ ਦੀ ਜਥੇਬੰਦੀ ਵੱਲੋਂ ਪੁਲਸ ਖਿਲਾਫ ਧਰਨਾ ਲਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਜਦੋਂ ਤੱਕ ਬਲਜਿੰਦਰ ਸਿੰਘ ਅਤੇ ਉਸਦੇ ਸਾਥੀਆਂ ਵਿਰੁੱਧ ਪੁਲਸ ਵੱਲੋਂ ਬਣਦੀ ਕਾਰਵਾਈ ਨਹੀਂ ਕੀਤੀ ਜਾਂਦੀ ਅਤੇ ਗੁਰਜੀਤ ਸਿੰਘ ਦਾ ਝੋਨਾ ਵਾਹੁਣ ਵਾਲਾ ਟਰੈਕਟਰ ਥਾਣੇ ਬੰਦ ਨਹੀਂ ਕੀਤਾ ਜਾਂਦਾ, ਧਰਨਾ ਪ੍ਰਦਰਸ਼ਨ ਲਗਾਤਾਰ ਜਾਰੀ ਰੱਖਿਆ ਜਾਵੇਗਾ। ਇਸ ਮੌਕੇ ਹੋਰਨਾਂ ਤੋਂ ਇਲਾਵਾ ਕਰਨੈਲ ਸਿੰਘ, ਬਲਕਾਰ ਸਿੰਘ, ਕੁੰਨਾ ਸਿੰਘ, ਸੁਰਜੀਤ ਸਿੰਘ, ਮੱਸਾ ਸਿੰਘ, ਧਰਮਵੀਰ ਸਿੰਘ, ਮਨਜਿੰਦਰ ਸਿੰਘ, ਭੋਲਾ ਸਿੰਘ ਆਦਿ ਹਾਜ਼ਰ ਸਨ।
 


Related News