ਵੱਡੀ ਖ਼ਬਰ : ਕਿਸਾਨ ਅੰਦੋਲਨ ’ਚ ਮੋਹਰੀ ਕਤਾਰ ਦੇ ਆਗੂ ਜੋਗਿੰਦਰ ਉਗਰਾਹਾਂ ਨੂੰ ਹੋਇਆ ਕੋਰੋਨਾ
Saturday, Mar 20, 2021 - 10:16 PM (IST)
ਬਠਿੰਡਾ : ਮੁੜ ਤੋਂ ਤੇਜ਼ੀ ਨਾਲ ਫੈਲ ਰਹੀ ਕੋਰੋਨਾ ਮਹਾਮਾਰੀ ਨੇ ਹੁਣ ਕਿਸਾਨਾਂ ਨੂੰ ਵੀ ਆਪਣੀ ਚਪੇਟ ਵਿਚ ਲੈਣਾ ਸ਼ੁਰੂ ਕਰ ਦਿੱਤਾ ਹੈ। ਤਾਜ਼ਾ ਜਾਣਕਾਰੀ ਮੁਤਾਬਕ ਕੇਂਦਰ ਦੇ ਖੇਤੀ ਕਾਨੂੰਨਾਂ ਖ਼ਿਲਾਫ਼ ਚੱਲ ਰਹੇ ਅੰਦੋਲਨ ਵਿਚ ਮੋਹਰੀ ਭੂਮਿਕਾ ਨਿਭਾਉਣ ਵਾਲੇ ਉਗਰਾਹਾਂ ਜਥੇਬੰਦੀ ਦੇ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਦੀ ਕੋਰੋਨਾ ਰਿਪੋਰਟ ਪਾਜ਼ੇਟਿਵ ਆਈ ਹੈ। ਮਿਲੀ ਜਾਣਕਾਰੀ ਮੁਤਾਬਕ ਬਠਿੰਡਾ ਦੇ ਇਕ ਪ੍ਰਾਈਵੇਟ ਹਸਪਤਾਲ ਵਿਚ ਕਿਸਾਨ ਆਗੂ ਉਗਰਾਹਾਂ ਨੂੰ ਦਾਖ਼ਲ ਕਰਵਾਇਆ ਗਿਆ ਹੈ, ਜਿੱਥੇ ਉਨ੍ਹਾਂ ਦਾ ਇਲਾਜ ਚੱਲ ਰਿਹਾ ਹੈ।
ਇਹ ਵੀ ਪੜ੍ਹੋ : ਕੋਰੋਨਾ ਦੇ ਚੱਲਦੇ ਪੰਜਾਬ ਸਰਕਾਰ ਦੇ ਸਖ਼ਤ ਹੁਕਮ, ਵਿਦਿਅਕ ਅਦਾਰੇ ਬੰਦ, ਸਿਨੇਮਾ ਘਰਾਂ ਤੇ ਬਾਜ਼ਾਰਾਂ ਲਈ ਹੁਕਮ ਜਾਰੀ
ਹਾਸਲ ਜਾਣਕਾਰੀ ਮੁਤਾਬਕ ਉਹ ਦੋ ਦਿਨਾਂ ਤੋਂ ਹਸਪਤਾਲ ਵਿਚ ਜ਼ੇਰੇ ਇਲਾਜ ਹਨ। ਨਾਲ ਹੀ ਡਾਕਟਰਾਂ ਮੁਤਾਬਕ 17 ਮਾਰਚ ਨੂੰ ਜੋਗਿੰਦਰ ਸਿੰਘ ਉਗਰਾਹਾਂ ਨੂੰ ਫੇਫੜਿਆਂ 'ਚ ਇਨਫੈਕਸ਼ਨ ਦੀ ਸ਼ਿਕਾਇਤ ਦੇ ਚੈੱਕਅਪ ਲਈ ਹਸਪਤਾਲ ਲਿਆਂਦਾ ਗਿਆ ਸੀ। ਜਿਸ ਤੋਂ ਬਾਅਦ ਉਨ੍ਹਾਂ ਦਾ ਕੋਵਿਡ ਟੈਸਟ ਕੀਤਾ ਗਿਆ, ਜਿਸ ਦੀ ਰਿਪੋਰਟ ਪਾਜ਼ੇਟਿਵ ਆਈ ਹੈ।
ਇਹ ਵੀ ਪੜ੍ਹੋ : ਪ੍ਰਕਾਸ਼ ਸਿੰਘ ਬਾਦਲ ਦੀ ਕੋਰੋਨਾ ਰਿਪੋਰਟ ਆਈ ਸਾਹਮਣੇ
ਕੌਣ ਹਨ ਜੋਗਿੰਦਰ ਉਗਰਾਹਾਂ
ਜੋਗਿੰਦਰ ਸਿੰਘ ਉਗਰਾਹਾਂ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦੇ ਮੁਖੀ ਹਨ। ਉਗਰਾਹਾਂ ਦਾ ਸੰਬੰਧ ਪੰਜਾਬ ਦੇ ਸੰਗਰੂਰ ਜ਼ਿਲ੍ਹੇ ਦੇ ਸ਼ਹਿਰ ਸੁਨਾਮ ਨਾਲ ਹੈ। ਉਨ੍ਹਾਂ ਦਾ ਪਾਲਣ ਪੋਸ਼ਣ ਨਿਰੋਲ ਰੂਪ ਵਿਚ ਇਕ ਕਿਸਾਨੀ ਪਰਿਵਾਰ ਵਿਚ ਹੋਇਆ ਹੈ। ਜੋਗਿੰਦਰ ਸਿੰਘ ਭਾਰਤੀ ਫ਼ੌਜ ਵਿਚ ਸੇਵਾਮੁਕਤੀ ਉਪਰੰਤ ਕਿਸਾਨੀ ਵੱਲ ਆ ਗਏ ਅਤੇ ਸਾਲ 2002 ਵਿਚ ਉਨ੍ਹਾਂ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦਾ ਗਠਨ ਕੀਤਾ ਅਤੇ ਉਦੋਂ ਤੋਂ ਲੈ ਕੇ ਹੁਣ ਤੱਕ ਲਗਾਤਾਰ ਉਹ ਕਿਸਾਨੀ ਮੁੱਦਿਆਂ ਉੱਤੇ ਸੰਘਰਸ਼ ਕਰਦੇ ਆ ਰਹੇ ਹਨ। ਉਗਰਾਹਾਂ ਹੁਰੀਂ ਇਕ ਬਿਹਤਰੀਨ ਬੁਲਾਰੇ ਹਨ ਅਤੇ ਉਨ੍ਹਾਂ ਦੀ ਇਸੇ ਕਲਾ ਅਤੇ ਲੋਕਾਂ ਨੂੰ ਲਾਮਬੰਦ ਕਰਨ ਦੀ ਸਮਰੱਥਾ ਕਾਰਨ ਉਗਰਾਹਾਂ ਜਥੇਬੰਦੀ ਲੋਕ ਅਧਾਰ ਪੱਖੋਂ ਪੰਜਾਬ ਦੀ ਮੁੱਖ ਕਿਸਾਨ ਜਥੇਬੰਦੀ ਹੈ। ਪੰਜਾਬ ਦਾ ਮਾਲਵਾ ਖੇਤਰ ਨੂੰ ਇਸ ਦਾ ਗੜ੍ਹ ਮੰਨਿਆ ਜਾਂਦਾ ਹੈ। ਜੋਗਿੰਦਰ ਸਿੰਘ ਉਗਰਾਹਾਂ ਖੱਬੇਪੱਖੀ ਵਿਚਾਰਧਾਰਾ ਵਾਲੇ ਕਿਸਾਨ ਆਗੂ ਹਨ।
ਇਹ ਵੀ ਪੜ੍ਹੋ : ਸੁਰੱਖਿਆ ਏਜੰਸੀਆਂ, ਗ੍ਰਹਿ ਮੰਤਰਾਲਾ, ਪੁਲਸ ਤੇ ਜੇਲਾਂ ਲਈ ਮੁਸੀਬਤ ਬਣਿਆ ‘ਗੈਂਗਸਟਰ ਰਾਜਾ’
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?