ਹਰਿਆਣਾ ਵੱਲੋਂ ਦਿੱਲੀ ਲਈ ਲਾਂਘਾ ਨਾ ਦਿੱਤੇ ਜਾਣ ਤੋਂ ਬਾਅਦ ਪੰਧੇਰ ਨੇ ਕਰ ''ਤਾ ਵੱਡਾ ਐਲਾਨ

Friday, Dec 06, 2024 - 07:01 PM (IST)

ਹਰਿਆਣਾ ਵੱਲੋਂ ਦਿੱਲੀ ਲਈ ਲਾਂਘਾ ਨਾ ਦਿੱਤੇ ਜਾਣ ਤੋਂ ਬਾਅਦ ਪੰਧੇਰ ਨੇ ਕਰ ''ਤਾ ਵੱਡਾ ਐਲਾਨ

ਪਟਿਆਲਾ/ਹਰਿਆਣਾ(ਵੈੱਬ ਡੈਸਕ, ਜੋਸਨ, ਅੰਕੁਰ ਤਾਂਗੜੀ)- ਪੰਜਾਬ-ਹਰਿਆਣਾ ਸਰਹੱਦ ‘ਤੇ ਡੇਰੇ ਲਾਏ ਹੋਏ ਕਿਸਾਨਾਂ ਵੱਲੋਂ ਅੱਜ ਦੁਪਹਿਰ 1 ਵਜੇ ਦਿੱਲੀ ਕੂਚ ਕੀਤਾ ਗਿਆ ਸੀ। ਦਿੱਲੀ ਅੱਗੇ ਵਧਦੇ ਕਿਸਾਨਾਂ ਨੂੰ ਵੇਖ ਕੇ ਹਰਿਆਣਾ ਪੁਲਸ ਵੱਲੋਂ ਕਿਸਾਨਾਂ 'ਤੇ ਹੰਝੂ ਗੈਸ ਦੇ ਗੋਲੇ ਦਾਗੇ ਗਏ ਹਨ। ਇਸ ਦੌਰਾਨ ਕਿਸਾਨਾਂ ਨੂੰ ਰੋਕਣ ਲਈ ਹਰਿਆਣਾ ਪੁਲਸ ਵੱਲੋਂ ਕੰਡਿਆਲੀ ਤਾਰਾਂ ਅਤੇ ਬੈਰੀਕੇਡਿੰਗ ਕੀਤੀ ਹੋਈ ਹੈ। ਦਿੱਲੀ ਮਾਰਚ ਸ਼ੁਰੂ ਹੋਣ ਤੋਂ ਕਰੀਬ ਸਾਢੇ ਤਿੰਨ ਘੰਟੇ ਬਾਅਦ ਕਿਸਾਨ ਆਗੂ ਸਰਵਣ ਦੀ ਕਾਲ ਤੋਂ ਬਾਅਦ 101 ਕਿਸਾਨਾਂ ਦਾ ਜੱਥਾ ਸ਼ੰਭੂ ਸਰਹੱਦ ਤੋਂ ਵਾਪਸ ਪਰਤ ਆਇਆ ਹੈ। 

 ਇਹ ਵੀ ਪੜ੍ਹੋ- ਪੰਜਾਬ ਦੀਆਂ ਔਰਤਾਂ ਲਈ ਚੰਗੀ ਖ਼ਬਰ, ਖ਼ਾਤਿਆਂ 'ਚ 1100 ਰੁਪਏ ਆਉਣ ਸਬੰਧੀ ਵੱਡੀ ਅਪਡੇਟ

ਕਿਸਾਨ ਆਗੂ ਸਰਵਣ ਸਿੰਘ ਪੰਧੇਰ ਨੇ ਕਿਹਾ ਹੈ ਕਿ ਕਿਸਾਨਾਂ ਅਤੇ ਪੁਲਸ ਵਿਚਕਾਰ ਹੋਈ ਤਕਰਾਰ ਵਿੱਚ ਕਈ ਕਿਸਾਨ ਜ਼ਖ਼ਮੀ ਹੋਏ ਹਨ। ਇਸ ਲਈ ਅਸੀਂ ਜਥੇ ਨੂੰ ਵਾਪਸ ਬੁਲਾ ਲਿਆ ਹੈ। ਉਨ੍ਹਾਂ ਨੇ ਕਿਹਾ ਕਿ ਅੰਦੋਲਨ ਦੀ ਅਗਲੀ ਰਣਨੀਤੀ ਮੀਟਿੰਗ ਕਰਕੇ ਜਲਦ ਤੈਅ ਕੀਤੀ ਜਾਵੇਗੀ। ਉਨ੍ਹਾਂ ਵੱਲੋਂ ਕੇਂਦਰ ਸਰਕਾਰ ਨੂੰ ਗੱਲਬਾਤ ਕਰਨ ਦਾ ਸੱਦਾ ਦਿੱਤਾ ਗਿਆ ਹੈ।ਉਨ੍ਹਾਂ ਕਿਹਾ ਕਿ ਕੱਲ੍ਹ ਦਾ ਦਿਨ ਕਿਸਾਨਾਂ ਵੱਲੋਂ ਕੇਂਦਰ ਸਰਕਾਰ ਨੂੰ ਗੱਲਬਾਤ ਲਈ ਦਿੱਤਾ ਜਾ ਰਿਹਾ ਹੈ ਅਤੇ ਉਹ ਕੱਲ੍ਹ ਦਾ ਦਿਨ ਇੰਤਜ਼ਾਰ ਕਰਨਗੇ, ਪਰਸੋਂ ਫਿਰ ਤੋਂ 12 ਵਜੇ 101 ਕਿਸਾਨਾਂ ਦਾ ਜੱਥਾ ਦਿੱਲੀ ਵੱਲ ਕੂਚ ਕਰੇਗਾ। 
ਕਿਸਾਨ ਆਗੂ ਸਰਵਣ ਸਿੰਘ ਪੰਧੇਰ ਨੇ ਕਿਸਾਨਾਂ ਦੇ ਜਥੇ ਨੂੰ ਵਾਪਸ ਬੁਲਾਉਣ ਦਾ ਐਲਾਨ ਕੀਤਾ ਹੈ। ਉਨ੍ਹਾਂ ਕਿਹਾ ਕਿ ਸਰਕਾਰ ਸਾਡੇ ਨਾਲ ਦੁਸ਼ਮਣਾਂ ਵਾਂਗ ਵਪਾਰ ਕਰ ਰਹੀ ਹੈ ਅਤੇ ਹੰਝੂ ਗੈਸ ਦੇ ਗੋਲੇ ਸੁੱਟੇ ਜਾ ਰਹੇ ਹਨ। ਜੇਕਰ ਸਰਕਾਰ ਚਾਹੇ ਤਾਂ ਸਾਡੀ ਤਲਾਸ਼ੀ ਲੈ ਸਕਦੀ ਹੈ। ਇਸ ਦੌਰਾਨ 5 ਤੋਂ 6 ਕਿਸਾਨ ਜ਼ਖ਼ਮੀ ਹੋਏ ਹਨ, ਜਿਨ੍ਹਾਂ ਨੂੰ ਹਸਪਤਾਲ ਭੇਜਿਆ ਗਿਆ ਹੈ। ਮੌਕੇ 'ਤੇ ਕਿਸਾਨ ਅੱਥਰੂ ਗੈਸ ਦੇ ਗੋਲਿਆਂ ਤੋਂ ਬਚਾਅ ਲਈ ਗਿੱਲੀਆਂ ਬੋਰੀਆਂ ਲੈ ਕੇ ਆਏ ਸਨ।

ਇਹ ਵੀ ਪੜ੍ਹੋ- ਭੰਡਾਰਿਆਂ ਮੌਕੇ ਡੇਰਾ ਬਿਆਸ ਜਾਣ ਵਾਲੀ ਸੰਗਤ ਲਈ ਵੱਡੀ ਖ਼ਬਰ

ਇਸ ਮੌਕੇ ਕਿਸਾਨ ਆਗੂ ਸਰਵਣ ਸਿੰਘ ਨੇ ਕਿਹਾ ਕਿ ਸਾਡੇ ਕਈ ਆਗੂ ਜ਼ਖ਼ਮੀ ਹੋਏ ਹਨ। ਅਜਿਹੀ ਸਥਿਤੀ ਵਿੱਚ ਅਸੀਂ ਜਥੇ ਨੂੰ ਵਾਪਸ ਬੁਲਾ ਲਿਆ। ਉਨ੍ਹਾਂ ਕਿਹਾ ਕਿ ਸਾਡੀ ਹਰਿਆਣਾ ਪੁਲਸ ਨਾਲ ਗੱਲਬਾਤ ਹੋਈ। ਉਨ੍ਹਾਂ ਸਾਡੇ ਕੋਲੋਂ ਮੰਗ ਪੱਤਰ ਮੰਗਿਆ। ਇਸ ਤੋਂ ਬਾਅਦ ਅਸੀਂ ਮੰਗ ਪੱਤਰ ਸੌਂਪਿਆ। ਕੇਂਦਰ ਸਰਕਾਰ ਨੂੰ ਗੱਲਬਾਤ ਲਈ ਇਕ ਦਿਨ ਦਾ ਸਮਾਂ ਦਿੱਤਾ ਗਿਆ ਹੈ। ਜੇਕਰ ਕੇਂਦਰ ਸਰਕਾਰ ਗੱਲ ਕਰੇ ਤਾਂ ਠੀਕ ਰਹੇਗਾ, ਨਹੀਂ ਤਾਂ ਪਰਸੋਂ ਯਾਨੀ 8 ਦਸੰਬਰ ਨੂੰ ਦੁਪਹਿਰ 12 ਵਜੇ 101 ਕਿਸਾਨਾਂ ਦਾ ਜਥਾ ਦਿੱਲੀ ਵੱਲ ਮਾਰਚ ਕਰੇਗਾ। ਉਨ੍ਹਾਂ ਨੇ ਕਿਹਾ ਕਿ ਅੰਬਾਲਾ ਦੇ ਡੀ. ਸੀ. ਵੱਲੋਂ ਜੋ ਪੋਸਟਰ ਚਿਪਕਾਏ ਗਏ ਨੇ, ਧਾਰਾ 144 ਦੇ ਉਸ ਦੇ ਉੱਤੇ ਬੋਲਦਿਆਂ ਉਨ੍ਹਾਂ ਨੇ ਕਿਹਾ ਕਿ ਪਹਿਲਾਂ ਹਰਿਆਣਾ ਦੀ ਸਰਕਾਰ ਨੇ ਹੀਂ ਪੈਦਲ ਜਾਣ ਦੇ ਉੱਤੇ ਸਹਿਮਤੀ ਦਿੱਤੀ ਸੀ । ਪਰੰਤੂ ਹੁਣ ਉਨ੍ਹਾਂ ਨੇ ਇਹ ਹਰਕਤ ਕਰਕੇ ਸਾਫ਼ ਤੌਰ 'ਤੇ ਜ਼ਾਹਰ ਕਰ ਦਿੱਤਾ ਹੈ ਕਿ ਉਹ ਉਨ੍ਹਾਂ ਨੂੰ ਅੱਗੇ ਵਧਣ ਦੇਣਾ ਨਹੀਂ ਚਾਹੁੰਦੇ। ਹਾਲਾਂਕਿ ਇਹ ਸਭ ਗ੍ਰਹਿ ਮੰਤਰਾਲਿਆਂ ਦੇ ਇਸ਼ਾਰਿਆਂ ਦੇ ਉੱਤੇ ਹੋ ਰਿਹਾ ਹੈ। ਉਸ ਦੇ ਵਿੱਚ ਮੋਹਰਾ ਅੰਬਾਲਾ ਦੇ ਡੀ. ਸੀ. ਨੂੰ ਬਣਾਇਆ ਜਾ ਰਿਹਾ ਹੈ।

PunjabKesari

ਇਹ ਵੀ ਪੜ੍ਹੋ- ਪੰਜਾਬ ਦੇ ਪੁਲਸ ਥਾਣਿਆਂ ਲਈ ਖ਼ਤਰੇ ਦੀ ਘੰਟੀ, ਅਲਰਟ ਜਾਰੀ

101 ਕਿਸਾਨਾਂ ਨੇ ਪਾਏ ਸਨ ਅੱਜ ਦਿੱਲੀ ਵੱਲ ਚਾਲੇ 
ਜ਼ਿਕਰਯੋਗ ਹੈ ਕਿ ਪਹਿਲਾਂ ਤੋਂ ਤੈਅ ਸਮੇਂ ਮੁਤਾਬਕ ਅੱਜ ਦੁਪਹਿਰ ਵੇਲੇ 101 ਕਿਸਾਨਾਂ ਦੇ ਜਥੇ ਨੇ ਦਿੱਲੀ ਨੂੰ ਚਾਲੇ ਪਾਏ ਸਨ। ਸਭ ਤੋਂ ਪਹਿਲਾਂ ਕਿਸਾਨਾਂ ਬੈਰੀਕੇਡ ਨੂੰ ਹਟਾਉਂਦੇ ਹੋਏ ਅਤੇ ਕੰਡਿਆਲੀ ਤਾਰ ਨੂੰ ਉਖਾੜਦੇ ਹੋਏ ਅੱਗੇ ਵਧੇ। ਇਕ ਕਿਸਾਨ ਦਿੱਲੀ ਵਲ ਵਧਣ ਲਈ ਹਰਿਆਣਾ ਪੁਲਸ ਵੱਲੋਂ ਬਣਾਈ ਸ਼ੈਡ ਉੱਤੇ ਚੜ੍ਹ ਗਿਆ ਸੀ, ਜਿਸ ਨੂੰ ਹਰਿਆਣਾ ਪੁਲਸ ਵੱਲੋਂ ਪਿੱਛੇ ਕਰ ਦਿੱਤਾ ਗਿਆ। ਕਿਸਾਨਾਂ ਨੇ ਇਸ ਜਥੇ ਦਾ ਨਾਮ ਮਰਜੀਵਾੜੇ ਰੱਖਿਆ ਹੋਇਆ ਹੈ। ਇਸ ਦੌਰਾਨ ਕਿਸਾਨਾਂ ਦੀ ਹਰਿਆਣਾ ਪੁਲਸ ਨਾਲ ਗੱਲਬਾਤ ਕੀਤੀ। ਹਰਿਆਣਾ ਪੁਲਸ ਵੱਲੋਂ ਦੱਸਿਆ ਗਿਆ ਕਿ ਕਿਸਾਨਾਂ ਨੂੰ ਬੀ. ਐੱਨ. ਐੱਸ. ਦੀ ਧਾਰਾ 163 ਲਗਾਈ ਹੋਈ ਹੈ, ਜਿਸ ਕਾਰਨ ਤੁਹਾਨੂੰ ਅੱਗੇ ਜਾਣ ਦੀ ਇਜ਼ਾਜਤ ਨਹੀਂ ਹੈ। ਹਰਿਆਣਾ ਪੁਲਸ ਨੇ ਕਿਸਾਨਾਂ ਨੂੰ ਅੱਗੇ ਨਾ ਆਉਣ ਦੀ ਅਪੀਲ ਵੀ ਕੀਤੀ, ਜਿਸ ਤੋਂ ਬਾਅਦ ਕਿਸਾਨਾਂ ਦਾ ਜਥਾ ਬੈਰੀਕੇਡ ਕੋਲ ਜਾ ਕੇ ਰੁਕ ਗਿਆ ਸੀ। ਇਸ ਦੇ ਬਾਅਦ ਇਥੇ ਹੋਏ ਟਕਰਾਅ ਮਗਰੋਂ ਹਰਿਆਣਾ ਪੁਲਸ ਵੱਲੋਂ ਕਿਸਾਨਾਂ ਦੇ ਜਥੇ ਨੂੰ ਰੋਕਣ ਲਈ ਹੰਝੂ ਗੈਸ ਦੀ ਵਰਤੋਂ ਕੀਤੀ ਗਈ। ਜਿਵੇਂ ਹੀ ਮੀਡੀਆ ਕਰਮਚਾਰੀ ਪਿੱਛੇ ਹੱਟੇ ਤਾਂ ਹਰਿਆਣਾ ਪੁਲਸ ਨੇ ਕਿਸਾਨਾਂ ‘ਤੇ ਹੰਝੂ ਗੈਸ ਦੇ ਗੋਲੇ ਦਾਗ ਦਿੱਤੇ। ਇਸ ਦੌਰਾਨ ਕਈ ਕਿਸਾਨ ਜ਼ਖ਼ਮੀ ਹੋਏ ਹਨ।


ਕੀ ਹਨ ਕਿਸਾਨ ਜਥੇਬੰਦੀਆਂ ਦੀਆਂ ਮੁੱਖ ਮੰਗਾਂ?
ਸਾਰੀਆਂ ਫ਼ਸਲਾਂ ਦੀ ਘੱਟੋ-ਘੱਟ ਸਮਰਥਨ ਮੁੱਲ 'ਤੇ ਖ਼ਰੀਦ ਦੀ ਗਰੰਟੀ ਦੇਣ ਲਈ ਕਾਨੂੰਨ ਬਣਾਇਆ ਜਾਣਾ ਚਾਹੀਦਾ ਹੈ। ਫ਼ਸਲ ਦਾ ਭਾਅ ਡਾ. ਸਵਾਮੀਨਾਥਨ ਕਮਿਸ਼ਨ ਦੀ ਰਿਪੋਰਟ ਅਨੁਸਾਰ ਤੈਅ ਕੀਤਾ ਜਾਵੇ। ਡੀ. ਏ. ਪੀ. ਖਾਦ ਦੀ ਘਾਟ ਨੂੰ ਦੂਰ ਕੀਤਾ ਜਾਵੇ। ਕਿਸਾਨਾਂ ਅਤੇ ਖੇਤ ਮਜ਼ਦੂਰਾਂ ਦੇ ਕਰਜ਼ੇ ਮੁਆਫ਼ ਕੀਤੇ ਜਾਣ ਅਤੇ ਪੈਨਸ਼ਨਾਂ ਦਿੱਤੀਆਂ ਜਾਣ। ਭੂਮੀ ਗ੍ਰਹਿਣ ਐਕਟ 2013 ਨੂੰ ਮੁੜ ਲਾਗੂ ਕੀਤਾ ਜਾਵੇ। ਲਖੀਮਪੁਰ ਖੇੜੀ ਕਾਂਡ ਦੇ ਦੋਸ਼ੀਆਂ ਨੂੰ ਸਜ਼ਾਵਾਂ ਮਿਲਣੀਆਂ ਚਾਹੀਦੀਆਂ ਹਨ। ਇਸ ਤੋਂ ਇਲਾਵਾਂ ਕਿਸਾਨਾਂ ਦੀਆਂ ਹੋਰ ਵੀ ਕਈ ਮੁੱਖ ਮੰਗਾਂ ਹਨ ਜਿਸ ਨੂੰ ਲੈ ਕੇ ਦਿੱਲੀ ਕੂਚ ਕੀਤਾ ਜਾ ਰਿਹਾ ਹੈ।
ਇਹ ਵੀ ਪੜ੍ਹੋ- 4 ਮਹੀਨੇ ਪਹਿਲਾਂ ਕੈਨੇਡਾ ਗਏ ਪੰਜਾਬੀ ਨੌਜਵਾਨ ਦਾ ਕਤਲ, ਆਖ਼ਰੀ ਵਾਰ ਮਾਂ ਨਾਲ ਕੀਤੀ ਇਹ ਭਾਵੁਕ ਗੱਲ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

 


author

shivani attri

Content Editor

Related News