ਕਰਜ਼ਾਈ ਕਿਸਾਨਾਂ ਦੀਆਂ ਜ਼ਮੀਨਾਂ ਦੀ ਵਿਕਰੀ ਨਹੀਂ ਹੋਣ ਦਿਆਂਗੇ : ਸੁਖਬੀਰ

07/19/2018 6:49:04 AM

ਚੰਡੀਗੜ੍ਹ  (ਅਸ਼ਵਨੀ) - ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਅੱਜ ਪਾਰਟੀ ਦੇ ਸਾਰੇ ਆਗੂਆਂ ਅਤੇ ਵਰਕਰਾਂ ਨੂੰ ਨਿਰਦੇਸ਼ ਦਿੱਤਾ ਹੈ ਕਿ ਉਹ ਕਾਂਗਰਸ ਸਰਕਾਰ ਵੱਲੋਂ ਹਜ਼ਾਰਾਂ ਕਰਜ਼ਾਈ ਕਿਸਾਨਾਂ ਵਿਰੁੱਧ ਕੁਰਕੀ ਦੀ ਕਾਰਵਾਈ ਸ਼ੁਰੂ ਕਰਕੇ ਉਨ੍ਹਾਂ ਦੀ ਜ਼ਮੀਨ ਵੇਚਣ ਦੀ ਕੀਤੀ ਜਾ ਰਹੀ ਕੋਸ਼ਿਸ਼ ਦਾ ਪੂਰੀ ਸਖ਼ਤੀ ਨਾਲ ਵਿਰੋਧ ਕਰਨ ।ਉਨ੍ਹਾਂ ਕਿਹਾ ਕਿ ਇਸ ਬੇਰਹਿਮ ਤੇ ਅਣਮਨੁੱਖੀ ਐਕਟ ਨੂੰ ਕਿਸੇ ਵੀ ਕੀਮਤ 'ਤੇ ਲਾਗੂ ਕੀਤੇ ਜਾਣ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ। ਇਥੇ ਇਕ ਪ੍ਰੈੱਸ ਬਿਆਨ ਜਾਰੀ ਕਰਦਿਆਂ ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਇਹ ਬਹੁਤ ਹੀ ਦੁੱਖ ਦੀ ਗੱਲ ਹੈ ਕਿ 90 ਹਜ਼ਾਰ ਕਰੋੜ ਰੁਪਏ ਦੀ ਕਰਜ਼ਾ ਮੁਆਫੀ ਦਾ ਵਾਅਦਾ ਲਾਗੂ ਕਰਨ ਵਿਚ ਪੁੱਠੀ ਛਾਲ ਮਾਰਨ ਮਗਰੋਂ ਕਾਂਗਰਸ ਸਰਕਾਰ ਨੇ ਹੁਣ 6 ਜ਼ਿਲਿਆਂ ਦੇ 12,635 ਕਿਸਾਨਾਂ ਤੋਂ ਕਰਜ਼ੇ ਦੀ ਵਸੂਲੀ ਕਰਨ ਵਾਸਤੇ ਉਨ੍ਹਾਂ ਦੀ ਖੇਤੀ ਵਾਲੀ ਜ਼ਮੀਨ ਵੇਚਣ ਦਾ ਫੈਸਲਾ ਕਰਕੇ ਕਿਸਾਨਾਂ ਨੂੰ ਤੰਗ ਕਰਨ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ। ਉਨ੍ਹਾਂ ਕਿਹਾ ਕਿ ਅਜਿਹੀ ਕਾਰਵਾਈ 20 ਹਜ਼ਾਰ ਹੋਰ ਕਿਸਾਨਾਂ ਵਿਰੁੱਧ ਵੀ ਸ਼ੁਰੂ ਕੀਤੀ ਜਾ ਚੁੱਕੀ ਹੈ।
ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਇਹ ਬਹੁਤ ਹੀ ਸ਼ਰਮ ਦੀ ਗੱਲ ਹੈ ਕਿ 28 ਕਿਸਾਨਾਂ ਨੂੰ ਗ੍ਰਿਫਤਾਰ ਕਰਕੇ ਅਤੇ 109 ਵਿਰੁੱਧ ਗ੍ਰਿਫਤਾਰੀ ਦੇ ਵਾਰੰਟ ਜਾਰੀ ਕਰਵਾ ਕੇ ਇਸ ਕਾਰਵਾਈ ਨੂੰ ਸ਼ੁਰੂ ਕਰਨ ਵਾਲੇ ਪੰਜਾਬ ਖੇਤੀਬਾੜੀ ਵਿਕਾਸ ਬੈਂਕ (ਪੀ.ਏ.ਡੀ.ਬੀ.) ਦੇ ਅਧਿਕਾਰੀ ਇਸ ਮੁਹਿੰਮ ਦੀ ਅਗਵਾਈ ਕਰਨ ਲਈ ਸਹਿਕਾਰਤਾ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਦੀ ਤਾਰੀਫ਼ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਪੰਜਾਬੀਆਂ ਨੂੰ ਇਹ ਦੱਸਣ ਲਈ ਨੈਤਿਕ ਤੌਰ 'ਤੇ ਪਾਬੰਦ ਹੈ ਕਿ ਉਨ੍ਹਾਂ ਨੇ 30 ਸਾਲਾਂ ਦੇ ਵਕਫ਼ੇ ਮਗਰੋਂ ਪੰਜਾਬ ਵਿਚ ਦੁਬਾਰਾ ਕੁਰਕੀ ਸ਼ੁਰੂ ਕਰਵਾਉਣ ਦੀ ਸਹਿਕਾਰਤਾ ਮੰਤਰੀ ਨੂੰ ਆਗਿਆ ਕਿਉਂ ਦਿੱਤੀ ਹੈ? ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਨੇ ਵਿਧਾਨ ਸਭਾ ਵਿਚ ਕਬੂਲਿਆ ਸੀ ਕਿ ਕਿਸਾਨਾਂ ਦੀ ਕੁਰਕੀ 1986 ਤੋਂ ਬੰਦ ਕੀਤੀ ਜਾ ਚੁੱਕੀ ਹੈ। ਕਾਂਗਰਸ ਸਰਕਾਰ ਨੇ ਕਿਸਾਨਾਂ ਵਿਰੁੱਧ ਉਗਰਾਹੀ ਦੀ ਕਾਰਵਾਈ ਨਾ ਕਰਨ ਵਾਸਤੇ ਇਕ ਵਜ਼ਾਰਤੀ ਫੈਸਲਾ ਵੀ ਲਿਆ ਸੀ। ਉਨ੍ਹਾਂ ਕਿਹਾ ਕਿ ਪਰ ਸਹਿਕਾਰਤਾ ਵਿਭਾਗ ਸ਼ਰੇਆਮ ਛੋਟੇ ਕਿਸਾਨਾਂ ਖ਼ਿਲਾਫ ਉਗਰਾਹੀ ਦੀ ਕਾਰਵਾਈ ਸ਼ੁਰੂ ਕਰ ਰਿਹਾ ਹੈ, ਜਿਸ ਨਾਲ ਇਸ ਧੋਖੇਬਾਜ਼ ਸਰਕਾਰ ਦਾ ਦੋਗਲਾ ਚਿਹਰਾ ਨੰਗਾ ਹੋ ਰਿਹਾ ਹੈ, ਜਿਸ ਨੇ ਆਪਣੀ ਕੈਬਨਿਟ ਦੀ ਪਾਕੀਜ਼ਗੀ ਨੂੰ ਵੀ ਧੱਬਾ ਲਾ ਦਿੱਤਾ ਹੈ। ਇਹ ਟਿੱਪਣੀ ਕਰਦਿਆਂ ਕਿ ਪਹਿਲਾਂ ਹੀ 500 ਤੋਂ ਵੱਧ ਕਿਸਾਨ ਖੁਦਕੁਸ਼ੀ ਕਰ ਚੁੱਕੇ ਹਨ, ਬਾਦਲ ਨੇ ਕਿਹਾ ਕਿ ਤਾਜ਼ਾ ਕਾਰਵਾਈ ਕਿਸਾਨਾਂ ਨੂੰ ਹੋਰ ਨਿਰਾਸ਼ਾ ਵੱਲ ਧੱਕੇਗੀ।


Related News