ਪੰਜਾਬ ਭਰ ''ਚ ਮਨਾਇਆ ਗਿਆ ਕਿਸਾਨ-ਮਜ਼ਦੂਰ ਏਕਤਾ ਦਿਹਾੜਾ, ਇਕਜੁਟ ਰਹਿਣ ਦੀ ਕਹਿ ਗੱਲ
Sunday, May 02, 2021 - 01:20 AM (IST)
ਚੰਡੀਗੜ੍ਹ, (ਰਮਨਜੀਤ)- ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ’ਤੇ ਪੰਜਾਬ ਦੀਆਂ 32 ਕਿਸਾਨ ਜੱਥੇਬੰਦੀਆਂ ਵਲੋਂ ਕਿਸਾਨੀ ਧਰਨਿਆਂ ਦਾ 213ਵਾਂ ਦਿਨ ‘ਕਿਸਾਨ-ਮਜ਼ਦੂਰ ਏਕਤਾ ਦਿਵਸ‘ ਵਜੋਂ ਮਨਾਇਆ ਅਤੇ ਸ਼ਿਕਾਗੋ ਦੇ ਸ਼ਹੀਦਾਂ ਨੂੰ ਸ਼ਰਧਾਂਜ਼ਲੀਆਂ ਭੇਂਟ ਕੀਤੀਆਂ। ਮਜ਼ਦੂਰ, ਕਿਸਾਨ, ਨੌਜਵਾਨ, ਵਿਦਿਆਰਥੀ ਅਤੇ ਮੁਲਾਜ਼ਮ ਜਥੇਬੰਦੀਆਂ ਨੇ ਵੱਡੀਆਂ ਗਿਣਤੀਆਂ ਵਿਚ ਸ਼ਮੂਲੀਅਤ ਕਰਦਿਆਂ ਕੇਂਦਰ ਸਰਕਾਰ ਦੀਆਂ ਲੋਕ ਮਾਰੂ ਨੀਤੀਆਂ ਖ਼ਿਲਾਫ਼ ਇਕਜੁਟਤਾ ਪ੍ਰਗਟ ਕੀਤੀ। ਬੁਲਾਰਿਆਂ ਨੇ ਖੇਤੀ-ਕਾਨੂੰਨ ਅਤੇ ਲੇਬਰ ਕੋਡ ਤੁਰੰਤ ਰੱਦ ਕਰਨ ਦੀ ਮੰਗ ਕੀਤੀ। ਖੇਤੀ ਸਾਹਿਤਕਾਰ, ਰੰਗਕਰਮੀਆਂ ਅਤੇ ਲੋਕ-ਪੱਖੀ ਸੰਗੀਤ-ਮੰਡਲੀਆਂ ਨੇ ਵੀ ਧਰਨਿਆਂ ਵਿਚ ਹਾਜ਼ਰੀ ਭਰਦਿਆਂ ਚੇਤਨਾ ਦਾ ਹੋਕਾ ਦਿੰਦਾ।
ਪੰਜਾਬ ਭਰ ਵਿਚ 100 ਤੋਂ ਵੱਧ ਥਾਵਾਂ ਟੋਲ-ਪਲਾਜ਼ਿਆਂ, ਰਿਲਾਇੰਸ ਪੰਪਾਂ, ਕਾਰਪੋਰੇਟ ਮਾਲਜ਼, ਰੇਲਵੇ ਪਾਰਕਾਂ, ਭਾਜਪਾ ਆਗੂਆਂ ਦੇ ਘਰਾਂ ਸਾਹਮਣੇ, ਅਨਾਜ ਮੰਡੀਆਂ ’ਚ ਧਰਨੇ ਦਿੱਤੇ ਗਏ।
ਕਿਸਾਨ-ਮਜ਼ਦੂਰ ਆਗੂਆਂ ਨੇ ਕਿਹਾ ਕਿ ਮੋਦੀ ਹਕੂਮਤ ਨੇ ਨਿੱਜੀਕਰਨ, ਉਦਾਰੀਕਰਨ, ਸੰਸਾਰੀਕਰਨ ਦੀ ਨੀਤੀ ਤੇ ਚਲਦਿਆਂ ਜਿੱਥੇ ਖੇਤੀ ਸੱਭਿਆਚਾਰ ਨੂੰ ਉਜਾੜਨ ਲਈ ਤਿੰਨ ਖੇਤੀ ਬਿੱਲ ਲਿਆਂਦੇ ਹਨ, ਨਾਲ ਦੀ ਨਾਲ ਇਸ ਤੋਂ ਪਹਿਲਾਂ ਜਨਤਕ ਖੇਤਰ ਦੇ ਅਦਾਰਿਆਂ ਬੈਂਕਾਂ, ਬੀਮਾ, ਰੇਲਵੇ, ਜਹਾਜਰਾਨੀ, ਰੇਲਵੇ, ਕੋਇਲਾ ਖਾਣਾਂ, ਬਿਜਲੀ ਬੋਰਡ, ਸੜਕਾਂ, ਸਿਹਤ ਸਿੱਖਿਆ, ਟਰਾਂਸਪੋਰਟ ਆਦਿ ਨੂੰ ਦੇਸੀ-ਬਦੇਸ਼ੀ ਬਹੁਕੌਮੀ ਕੰਪਨੀਆਂ ਦੇ ਹਵਾਲੇ ਕਰ ਰਹੀ ਹੈ।