ਸੱਠੀ ਮੂੰਗੀ ਦੀ ਆਮਦ ਤੇਜ਼, ਭਾਅ ਨਾ ਮਿਲਣ ਕਾਰਨ ਕਿਸਾਨ ਮਾਯੂਸ

06/23/2018 7:30:48 AM

 ਤਪਾ ਮੰਡੀ (ਸ਼ਾਮ, ਗਰਗ) - ਅਨਾਜ ਮੰਡੀ ’ਚ ਸੱਠੀ ਮੂੰਗੀ ਦੀ ਆਮਦ  ਤੇਜ਼ ਹੋ  ਗਈ  ਹੈ ਪਰ ਭਾਅ ਮੰਦਾ ਹੋਣ ਕਾਰਨ ਕਿਸਾਨ ਮਾਯੂਸ  ਹਨ। ਕਿਸਾਨ ਬਲਵੀਰ ਸਿੰਘ ਪੁੱਤਰ ਦਰਬਾਰਾ ਸਿੰਘ ਸਿੰਘ ਵਾਸੀ ਫੂਲ ਨੇ  ਕਿਹਾ  ਕਿ ਉਸ ਨੇ ਮਾਰਚ ਮਹੀਨੇ ’ਚ ਆਲੂਆਂ ਦੀ ਪੁਟਾਈ ਕਰ ਕੇ ਸਾਢੇ 4 ਏਕਡ਼ ਦੇ ਕਰੀਬ ਮੂੰਗੀ ਦੀ ਬੀਜਾਈ ਕੀਤੀ ਸੀ, ਜਿਸ ’ਤੇ ਉਨ੍ਹਾਂ ਦਾ 8-9 ਹਜ਼ਾਰ ਰੁਪਏ ਪ੍ਰਤੀ ਏਕਡ਼ ਖਰਚਾ ਆ ਗਿਆ।  ਕਿਸਾਨ ਅਨੁਸਾਰ ਸਾਢੇ 4 ਏਕਡ਼ ਰਕਬੇ ’ਚੋਂ ਸਿਰਫ 50 ਮਣ ਮੂੰਗੀ ਨਿਕਲੀ ਹੈ। ਇਕ ਅਗਾਂਹਵਧੂ ਕਿਸਾਨ ਮਲਕੀਤ ਸਿੰਘ ਨੇ ਕਿਹਾ ਕਿ  ਮੋਦੀ ਸਰਕਾਰ ਵੱਲੋਂ  ਕੀਤੀ ਨੋਟਬੰਦੀ ਕਾਰਨ ਪਹਿਲਾਂ ਕਿਸਾਨ ਆਲੂਆਂ ਦੀ ਫਸਲ ਨੇ ਮਾਰ ਦਿੱਤਾ ਅਤੇ ਹੁਣ ਮੂੰਗੀ ਦੇ ਭਾਅ ਘੱਟ ਹੋਣ ਕਾਰਨ ਕਿਸਾਨ ਪ੍ਰੇਸ਼ਾਨੀ ਦੇ ਆਲਮ ’ਚੋਂ ਗੁਜ਼ਰ ਰਿਹਾ ਹੈ।
ਆਡ਼੍ਹਤੀ ਜੀਵਨ ਬਾਂਸਲ, ਸੱਤ ਪਾਲ ਮੋਡ਼, ਪਵਨ ਕੁਮਾਰ ਢਿੱਲਵਾਂ ਨੇ ਕਿਹਾ ਕਿ ਮੂੰਗੀ ਦਾ ਰੇਟ ਘੱਟ ਹੋਣ ਕਾਰਨ ਉਨ੍ਹਾਂ ਨੂੰ ਆਡ਼੍ਹਤ ਦਾ ਵੀ ਬਹੁਤ ਨੁਕਸਾਨ ਹੁੰਦਾ ਹੈ।  ਪ੍ਰਾਈਵੇਟ ਵਪਾਰੀ 4500 ਤੋਂ ਲੈ ਕੇ 4655 ਤੱਕ ਮੂੰਗੀ ਦੀ ਖਰੀਦ ਕਰਦੇ ਹਨ। ਜੇਕਰ ਸਰਕਾਰ ਅਜਿਹੀਆਂ ਫਸਲਾਂ ਵੱਲ ਧਿਆਨ ਨਾ ਦਿੱਤਾ ਤਾਂ ਇਕ ਦਿਨ ਕਿਸਾਨ ਅਜਿਹੀਆਂ ਘਾਟੇ ਵਾਲੀਆਂ ਫਸਲਾਂ ਬੀਜਣ ਤੋਂ ਪਾਸਾ ਵੱਟਣ ਲੱਗ ਜਾਵੇਗਾ। ਮਾਰਕੀਟ ਕਮੇਟੀ ਦੇ ਇਕ ਮੁਲਾਜ਼ਮ ਧਰਮਿੰਦਰ ਸਿੰਘ ਮਾਂਗਟ  ਨੇ   ਕਿਹਾ ਕਿ ਪਿਛਲੇ ਸਾਲ ਮੂੰਗੀ ਦੀ ਕੁਲ ਆਮਦ 8220 ਕੁਇੰਟਲ ਸੀ, ਇਸ ਵਾਰ ਅੱਜ ਤੱਕ 3000 ਕੁਇੰਟਲ ਦੇ ਕਰੀਬ ਮੰਡੀ ’ਚ ਆ ਚੁੱਕੀ ਹੈ। ਮੂੰਗੀ ’ਤੇ ਮਾਰਕੀਟ ਫੀਸ ਅਤੇ ਆਰ. ਟੀ. ਐੱਫ. ਨਹੀਂ ਲੱਗਦੀ, ਜਿਸ ਕਾਰਨ ਮਾਰਕੀਟ ਕਮੇਟੀ ਦੀ ਆਮਦਨ ਦਾ ਇਸ ’ਤੇ ਕੋਈ ਅਸਰ ਨਹੀਂ ਹੈ। ਇਸ ਵਾਰ ਮਾਰਕੀਟ ਰੇਟ 4600 ਰੁਪਏ ਦੇ ਕਰੀਬ ਚੱਲ ਰਿਹਾ ਹੈ। ਕੰਮ ਕਰ ਰਹੇ ਮਜ਼ਦੂਰਾਂ ਦਾ ਕਹਿਣਾ ਹੈ ਕਿ ਜੇਕਰ ਸਰਕਾਰ ਕਣਕ, ਝੋਨੇ ਵਾਂਗ ਆਲੂਆਂ, ਮੂੰਗੀ ਅਤੇ ਹੋਰ ਫਸਲਾਂ ਦਾ ਸਮਰਥਨ ਮੁੱਲ ਤੈਅ ਕਰ ਦੇਵੇ ਤਾਂ ਮਜ਼ਦੂਰਾਂ ਨੂੰ ਕੰਮ ਮਿਲਦਾ ਰਹੇਗਾ ਅਤੇ ਕਿਸਾਨ ਖੁਸ਼ਹਾਲ ਰਹੇਗਾ।


Related News