ਸਿੰਘੂ ਬੈਰੀਅਰ ਤੋਂ ਵਾਪਸ ਆ ਰਹੇ ਕਿਸਾਨ ਦੀ ਸਿਹਤ ਵਿਗੜਨ ਕਾਰਨ ਮੌਤ

Tuesday, Oct 26, 2021 - 01:01 PM (IST)

ਸਿੰਘੂ ਬੈਰੀਅਰ ਤੋਂ ਵਾਪਸ ਆ ਰਹੇ ਕਿਸਾਨ ਦੀ ਸਿਹਤ ਵਿਗੜਨ ਕਾਰਨ ਮੌਤ

ਸਮਾਣਾ (ਦਰਦ) : ਸਿੰਘੂ ਬੈਰੀਅਰ ’ਤੇ ਕਿਸਾਨ ਮੋਰਚੇ ਵਿਚ ਸ਼ਿਰੱਕਤ ਕਰ ਕੇ ਵਾਪਸ ਆਏ ਕਿਸਾਨ ਦੀ ਮੌਤ ਹੋਣ ਦੀ ਦੁਖ਼ਦ ਖ਼ਬਰ ਪ੍ਰਾਪਤ ਹੋਈ ਹੈ, ਜਿਸ ਦਾ ਸਿਵਲ ਹਸਪਤਾਲ ਵਿਚ ਪੋਸਟਮਾਰਟਮ ਕਰਵਾਇਆ ਗਿਆ। ਸਿਵਲ ਹਸਪਤਾਲ ਵਿਚ ਮ੍ਰਿਤਕ ਬਹਾਦੁਰ ਸਿੰਘ (56) ਪੁੱਤਰ ਹਰਦਿਆਲ ਸਿੰਘ ਵਾਸੀ ਪਿੰਡ ਫਤਿਹਗੜ੍ਹ ਛੰਨਾ ਦਾ ਪੋਸਟਮਾਰਟਮ ਕਰਵਾਉਣ ਆਏ ਮਾਮਲੇ ਦੇ ਜਾਂਚ ਅਧਿਕਾਰੀ ਪੁਲਸ ਚੌਂਕੀ ਗਾਜੇਵਾਸ ਦੇ ਏ. ਐੱਸ. ਆਈ. ਅੰਮ੍ਰਿਤਪਾਲ ਸਿੰਘ ਨੇ ਦੱਸਿਆ ਕਿ ਮ੍ਰਿਤਕ ਦੇ ਪੁੱਤਰ ਦਲਵੀਰ ਸਿੰਘ ਵੱਲੋਂ ਦਰਜ ਕਰਵਾਏ ਬਿਆਨ ਅਨੁਸਾਰ ਉਸ ਦਾ ਪਿਤਾ ਕਿਸਾਨ ਯੂਨੀਅਨ ਡਕੌਂਦਾ ਗੁਰੱਪ ਸ਼ਾਖਾ ਦਾ ਪ੍ਰਧਾਨ ਸੀ।

ਲੰਘੇ ਵੀਰਵਾਰ ਆਪਣੇ ਪਿੰਡ ਤੋਂ ਕਿਸਾਨੀ ਜੱਥੇ ਨਾਲ ਅੰਦੋਲਨ ਵਿਚ ਸ਼ਾਮਲ ਹੋਣ ਲਈ ਸਿੰਘੂ ਬੈਰੀਅਰ ’ਤੇ ਗਿਆ ਸੀ ਪਰ ਐਤਵਾਰ ਸਵੇਰੇ ਉਸ ਦੀ ਸਿਹਰ ਖ਼ਰਾਬ ਹੋ ਗਈ। ਜਦੋਂ ਉਹ ਪਿੰਡ ਦੇ 2 ਹੋਰ ਸਾਥੀਆਂ ਨਾਲ ਵਾਪਸ ਆ ਰਿਹਾ ਸੀ ਤਾਂ ਪਿੰਡ ਪਹੁੰਚਣ ਤੱਕ ਉਸ ਦੀ ਸਿਹਤ ਜ਼ਿਆਦਾ ਖ਼ਰਾਬ ਹੋਣ ’ਤੇ ਉਸ ਨੂੰ ਤੁਰੰਤ ਸਿਵਲ ਹਸਪਤਾਲ ਸਮਾਣਾ ਲਿਆਂਦਾ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਗਾਜੇਵਾਸ ਪੁਲਸ ਨੇ ਮ੍ਰਿਤਕ ਦੇ ਪੁੱਤਰ ਵੱਲੋਂ ਦਰਜ ਕਰਵਾਏ ਬਿਆਨਾਂ ਦੇ ਆਧਾਰ ’ਤੇ ਮਾਮਲੇ ਵਿਚ 174 ਦੀ ਕਾਰਵਾਈ ਤੋਂ ਬਾਅਦ ਪੋਸਟਮਾਰਟਮ ਕਰਵਾ ਕੇ ਲਾਸ਼ ਪਰਿਵਾਰ ਹਵਾਲੇ ਕਰ ਦਿੱਤੀ।


author

Babita

Content Editor

Related News