ਅਨਾਊਂਸਮੈਂਟ ਮਗਰੋਂ ਵੀ ਦਿੱਲੀ ਅੰਦੋਲਨ ਲਈ ਤਿਆਰ ਨਾ ਹੋਇਆ ਕੋਈ ਪਿੰਡ ਵਾਸੀ, ਕਿਸਾਨ ਨੇ ਕੀਤੀ ਖੁਦਕੁਸ਼ੀ
Monday, Feb 15, 2021 - 01:20 AM (IST)
ਬਟਾਲਾ/ਧਿਆਨਪੁਰ, (ਬੇਰੀ, ਬਲਵਿੰਦਰ)- ਗੁਰਦਆਰੇ ’ਚੋਂ ਅਨਾਊਂਸਮੈਂਟ ਕਰਨ ਤੋਂ ਬਾਅਦ ਵੀ ਲੋਕ ਕਿਸਾਨੀ ਅੰਦੋਲਨ ’ਚ ਜਾਣ ਲਈ ਤਿਆਰ ਨਹੀਂ ਹੋਏ ਤਾਂ ਪਿੰਡ ਗੁਰਾਇਆ ਦੇ ਰਹਿਣ ਵਾਲੇ 46 ਸਾਲ ਦਾ ਕਿਸਾਨ ਨੇ ਐਤਵਾਰ ਸਵੇਰੇ ਕੋਈ ਜ਼ਹਿਰੀਲਾ ਪਦਾਰਥ ਨਿਗਲ ਕੇ ਜਾਨ ਦੇ ਦਿੱਤੀ। ਮ੍ਰਿਤਕ ਕਿਸਾਨ ਪਰਵਿੰਦਰ ਸਿੰਘ ਦੇ ਪਿਤਾ ਅਜੀਤ ਸਿੰਘ ਨੇ ਦੱਸਿਆ ਕਿ ਪਰਵਿੰਦਰ ਸਿੰਘ ਜਮਹੂਰੀ ਕਿਸਾਨ ਸਭਾ ਦੀ ਇਕਾਈ ਕਲਾਨੌਰ ਤੋਂ ਜੁੜਿਆ ਸੀ, ਉਹ ਦਿੱਲੀ ’ਚ ਚੱਲ ਰਹੇ ਅੰਦੋਲਨ ’ਚ ਸ਼ੁਰੂ ਤੋਂ ਸ਼ਾਮਲ ਰਿਹਾ ਸੀ।
ਅੰਦੋਲਨ ਤੋਂ ਪਰਤਣ ਦੇ ਬਾਅਦ ਪਰਵਿੰਦਰ ਸਿੰਘ ਨੇ ਮੁੜ ਦਿੱਲੀ ਜਾਣ ਲਈ ਸ਼ਨੀਵਾਰ ਨੂੰ ਤਿਆਰੀ ਕੀਤੀ ਸੀ, ਦੋ ਦਿਨ ਤੋਂ ਲੋਕਾਂ ਨੂੰ ਦਿੱਲੀ ਅੰਦੋਲਨ ’ਚ ਸ਼ਾਮਲ ਹੋਣ ਲਈ ਅਪੀਲ ਕਰ ਰਿਹਾ ਸੀ। ਐਤਵਾਰ ਸਵੇਰੇ ਉਸਨੇ ਦਿੱਲੀ ਅੰਦੋਲਨ ’ਚ ਜਾਣ ਲਈ ਟਰੈਕਟਰ-ਟਰਾਲੀ ਨੂੰ ਗੁਰਦੁਆਰਾ ਸਾਹਿਬ ਦੇ ਬਾਹਰ ਲਾਇਆ ਸੀ ਅਤੇ ਅਨਾਊਂਸਮੈਂਟ ਕੀਤੀ ਕਿ ਆਪਣੀਆਂ ਜ਼ਮੀਨਾਂ ਨੂੰ ਬਚਾਉਣ ਲਈ ਪਿੰਡ ’ਚੋਂ ਜ਼ਿਆਦਾ ਤੋਂ ਜ਼ਿਆਦਾ ਲੋਕ ਦਿੱਲੀ ਚੱਲੀਏ। ਫਿਰ ਵੀ ਲੋਕ ਦਿੱਲੀ ਜਾਣ ਲਈ ਤਿਆਰ ਨਹੀਂ ਹੋਏ, ਜਿਸ ਤੋਂ ਪ੍ਰੇਸ਼ਾਨ ਹੋ ਕੇ ਉਸਨੇ ਖ਼ੁਦਕੁਸ਼ੀ ਕਰ ਲਈ, ਜਿਸਦੀ ਮ੍ਰਿਤਕ ਦੇਹ ਪਿੰਡ ਦੇ ਸ਼ਮਸ਼ਾਨਘਾਟ ਤੋਂ ਮਿਲੀ।
ਇਸ ਸਬੰਧੀ ਪੁਲਸ ਥਾਣਾ ਕੋਟਲੀ ਸੂਰਤ ਮੱਲ੍ਹੀ ਦੇ ਐਸ.ਐੱਚ.ਓ. ਬਲਕਾਰ ਸਿੰਘ ਨੇ ਕਿਹਾ ਕਿ ਪੁਲਸ ਨੇ ਲਾਸ਼ ਨੂੰ ਆਪਣੇ ਕਬਜ਼ੇ ’ਚ ਲੈ ਕੇ ਧਾਰਾ 174 ਤਹਿਤ ਮਾਮਲਾ ਦਰਜ ਕੀਤਾ ਹੈ।