ਕਿਸਾਨ ਨੇ ਵੀਡੀਓ ਵਾਇਰਲ ਕਰਦਿਆਂ ਕੀਤੀ ਖ਼ੁਦਕੁਸ਼ੀ ਦੀ ਕੋਸ਼ਿਸ਼
Thursday, Jul 03, 2025 - 11:38 AM (IST)

ਬੁਢਲਾਡਾ (ਬਾਂਸਲ) : ਆੜ੍ਹਤੀਆਂ ਵੱਲੋਂ ਕਿਸਾਨ ਨੂੰ ਤੰਗ-ਪਰੇਸ਼ਾਨ ਕਰਨ 'ਤੇ ਕਿਸਾਨ ਵੱਲੋਂ ਜ਼ਹਿਰੀਲੀ ਚੀਜ਼ ਖਾ ਕੇ ਖ਼ੁਦਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ ਗਈ। ਜਾਣਕਾਰੀ ਅਨੁਸਾਰ ਪਿੰਡ ਹਾਕਮਵਾਲਾ ਦੇ ਕਿਸਾਨ ਲਖਵਿੰਦਰ ਸਿੰਘ ਜੱਸਾ ਨੇ ਖ਼ੁਦਕੁਸ਼ੀ ਕਰਨ ਤੋਂ ਪਹਿਲਾਂ ਇਕ ਵੀਡੀਓ ਵਾਇਰਲ ਕਰਦਿਆਂ ਕਿਹਾ ਕਿ ਆੜ੍ਹਤੀਆ ਵੱਲੋਂ ਉਸ ਨੂੰ ਤੰਗ-ਪਰੇਸ਼ਾਨ ਕਰਦਿਆਂ ਲੱਖਾਂ ਰੁਪਏ ਦੀ ਵਸੂਲੀ ਕਰਨ ਦਾ ਦਬਾਅ ਬਣਾਇਆ ਗਿਆ, ਜਿਸ ਤੋਂ ਤੰਗ ਆ ਕੇ ਉਹ ਖ਼ੁਦਕੁਸ਼ੀ ਕਰਨ ਜਾ ਰਿਹਾ ਹੈ।
ਉਸ ਨੇ ਵੀਡੀਓ ’ਚ ਦੱਸਿਆ ਕਿ ਆੜ੍ਹਤੀਆ ਰੂਬਲ ਨੇ ਮੈਨੂੰ ਕਿਹਾ ਕਿ 10 ਲੱਖ ਰੁਪਏ 2 ਵਜੇ ਤੋਂ ਪਹਿਲਾ ਪਹਿਲਾ ਭੁਗਤਾਨ ਕਰਦੇ, ਨਹੀਂ ਤਾਂ ਤੇਰੇ ਘਰ ਪੁਲਸ ਭੇਜ ਕੇ ਤੈਨੂੰ ਚੁਕਵਾ ਦੇਵਾਂਗਾ। ਕਿਸਾਨ ਨੇ ਵੀਡੀਓ ਰਾਹੀਂ ਦੱਸਿਆ ਕਿ ਉਸਨੇ ਆੜ੍ਹਤੀਏ ਦੇ ਹਿਸਾਬ-ਕਿਤਾਬ ਵਿਚ 1 ਲੱਖ 10 ਹਜ਼ਾਰ ਰੁਪਏ ਦੇਣੇ ਸਨ ਪਰ ਉਸ ਕੋਲ ਫ਼ਸਲਾਂ ਵੇਚਣ ਦੇ ਬਾਵਜੂਦ ਵੀ ਆੜ੍ਹਤੀਆ ਉਸ ਤੋਂ 11 ਲੱਖ ਰੁਪਏ ਦੇ ਕਰੀਬ ਬਕਾਇਆ ਮੰਗ ਰਿਹਾ ਹੈ ਅਤੇ ਕਹਿ ਰਿਹਾ ਹੈ ਕਿ ਤੂੰ ਆਪਣਾ ਵਾਹਨ ਵੇਚ ਕੇ ਪੈਸੇ ਮੈਨੂੰ ਦੇ। ਉਸ ਨੇ ਦੱਸਿਆ ਕਿ ਮੇਰੀ ਮੌਤ ਦਾ ਜ਼ਿੰਮੇਵਾਰ ਆੜ੍ਹਤੀਆ ਰੂਬਲ ਹੋਵੇਗਾ। ਦੂਸਰੇ ਪਾਸੇ ਪਿੰਡ ਦੇ ਪੰਚਾਇਤ ਮੈਂਬਰ ਨੇ ਦੱਸਿਆ ਕਿ ਖ਼ੁਦਕੁਸ਼ੀ ਕਰਨ ਵਾਲਾ ਜੱਸਾ ਰਤੀਆ ਇਕ ਪ੍ਰਾਈਵੇਟ ਹਸਪਤਾਲ ਵਿਚ ਜ਼ੇਰੇ ਇਲਾਜ ਹੈ।