ਹਰ ਸਾਲ ਕਿਸਾਨਾਂ ਦੇ ਸੁਪਨਿਆਂ ''ਤੇ ਡਿੱਗਦੀ ਐ ਪਾਵਰਕਾਮ ਦੀ ਬਿਜਲੀ
Friday, Apr 20, 2018 - 07:09 AM (IST)
ਜ਼ਿਆਦਾਤਰ ਮਾਮਲਿਆਂ 'ਚ ਢਿੱਲੀਆਂ ਤਾਰਾਂ ਬਣਦੀਆਂ ਨੇ ਫਸਲ ਨੂੰ ਅੱਗ ਲੱਗਣ ਦਾ ਕਾਰਨ
ਸੰਗਰੂਰ(ਬੇਦੀ/ਰਿਖੀ)—ਆਏ ਸਾਲ ਕਿਸਾਨਾਂ ਦੀ ਪੁੱਤਾਂ ਵਾਂਗ ਪਾਲੀ ਫਸਲ ਜਦੋਂ ਅੱਗ ਨਾਲ ਸੜ ਜਾਂਦੀ ਹੈ ਤਾਂ ਉਸ ਫਸਲ ਨਾਲ ਹੀ ਕਿਸਾਨ ਦੇ ਸਾਰੇ ਸੁਪਨੇ ਵੀ ਸੜ ਕੇ ਸੁਆਹ ਹੋ ਜਾਂਦੇ ਹਨ ਅਤੇ ਕਿਸੇ ਕਿਸਾਨ ਲਈ ਇਸ ਤੋਂ ਵੱਧ ਦੁੱਖ ਦੀ ਘੜੀ ਹੋਰ ਕੋਈ ਨਹੀਂ ਹੁੰਦੀ। ਹਰ ਸਾਲ ਕਣਕ ਸੜਣ ਦੇ ਸਾਹਮਣੇ ਆਉਂਦੇ ਜ਼ਿਆਦਾਤਰ ਮਾਮਲਿਆਂ 'ਚ ਕਣਕ ਨੂੰ ਅੱਗ ਲੱਗਣ ਕਾਰਨ ਬਿਜਲੀ ਦੀਆਂ ਢਿੱਲੀਆਂ ਤਾਰਾਂ ਨੂੰ ਹੀ ਮੰਨਿਆ ਜਾਂਦਾ ਹੈ। ਇਸ ਤਰ੍ਹਾਂ ਪਾਵਰਕਾਮ ਦੀ ਲਾਪ੍ਰਵਾਹੀ ਦੀ ਬਿਜਲੀ ਹਰ ਸਾਲ ਕਿਸਾਨਾਂ ਦੇ ਸੁਪਨਿਆਂ 'ਤੇ ਡਿੱਗਦੀ ਹੈ। ਹਰ ਸਾਲ ਸਾਹਮਣੇ ਆਉਂਦੇ ਅਜਿਹੇ ਮਾਮਲਿਆਂ ਦੇ ਬਾਵਜੂਦ ਪਾਵਰਕਾਮ ਕੋਈ ਜ਼ਿਆਦਾ ਸੁਚੇਤ ਨਹੀਂ ਲੱਗਦਾ ਕਿਉਂਕਿ ਸਾਰੇ ਜ਼ਿਲੇ 'ਚ ਬਹੁਤ ਸਾਰੇ ਸਥਾਨਾਂ 'ਤੇ ਬਿਜਲੀ ਦੀਆਂ ਤਾਰਾਂ ਢਿੱਲੀਆਂ ਹੀ ਪਈਆਂ ਹਨ ਅਤੇ ਉਨ੍ਹਾਂ ਨੂੰ ਕਣਕ ਦੇ ਸੀਜ਼ਨ ਤੋਂ ਪਹਿਲਾਂ ਕੱਸਣਾ ਕਿਸੇ ਨੇ ਜ਼ਰੂਰੀ ਨਹੀਂ ਸਮਝਿਆ।
ਮੁਲਾਜ਼ਮਾਂ ਦੀ ਕਮੀ ਵੱਡਾ ਕਾਰਨ
ਬੇਰੋਜ਼ਗਾਰ ਇੰਦਰਜੀਤ ਸਿੰਘ ਅਤੇ ਨਰਿੰਦਰ ਸਿੰਘ ਨੇ ਕਿਹਾ ਕਿ ਪਾਵਰਕਾਮ 'ਚ ਵੱਡੀ ਗਿਣਤੀ 'ਚ ਅਹੁਦੇ ਖਾਲੀ ਪਏ ਹਨ, ਜਿਸ ਕਾਰਨ ਬਹੁਤ ਸਾਰੇ ਕੰਮ ਤਾਂ ਮੁਲਾਜ਼ਮਾਂ ਦੀ ਕਮੀ ਕਾਰਨ ਨਹੀਂ ਹੁੰਦੇ। ਪਹਿਲਾਂ ਸਾਰੇ ਅਹੁਦੇ ਭਰੇ ਜਾਣ ਤਾਂ ਜੋ ਨੌਜਵਾਨਾਂ ਨੂੰ ਰੋਜ਼ਗਾਰ ਮਿਲ ਸਕੇ ਅਤੇ ਲੋਕਾਂ ਨੂੰ ਸਹੂਲਤਾਂ ਮਿਲ ਸਕਣ।
ਬੇਰੋਜ਼ਗਾਰ ਕਮਲਜੀਤ ਸਿੰਘ ਨੇ ਕਿਹਾ ਕਿ ਕਿੰਨੇ ਹੀ ਨੌਜਵਾਨਾਂ ਨੇ ਡਿਪਲੋਮੇ ਕੀਤੇ ਹੋਏ ਹਨ ਅਤੇ ਲਾਈਨਮੈਨ ਭਰਤੀ ਲਈ ਬੇਰੋਜ਼ਗਾਰਾਂ ਦਾ ਸੰਘਰਸ਼ ਚੱਲ ਰਿਹਾ ਹੈ ਪਰ ਵਿਭਾਗ ਧਿਆਨ ਹੀ ਨਹੀਂ ਦੇ ਰਿਹਾ।
ਇਨ੍ਹਾਂ ਗੱਲਾਂ ਦਾ ਰੱਖੋ ਧਿਆਨ
* ਖੇਤ 'ਚ ਟਰਾਂਸਫਾਰਮਰ ਜਾਂ ਬਿਜਲੀ ਦਾ ਖੰਭਾ ਹੋਵੇ ਤਾਂ ਉਸ ਦੇ ਆਲੇ-ਦੁਆਲੇ ਦੀ ਇਕ ਮਰਲਾ ਕਣਕ ਪਹਿਲਾਂ ਹੀ ਵੱਢ ਲਈ ਜਾਵੇ।
* ਟਰਾਂਸਫਾਰਮਰ ਦੇ ਆਲੇ-ਦੁਆਲੇ ਦੇ 10 ਮੀਟਰ ਦੇ ਘੇਰੇ ਨੂੰ ਗਿੱਲਾ ਰੱਖਿਆ ਜਾਵੇ ਤਾਂ ਜੋ ਜੇਕਰ ਕੋਈ ਚੰਗਿਆੜੀ ਡਿੱਗ ਵੀ ਜਾਵੇ ਤਾਂ ਉਸ ਨਾਲ ਅੱਗ ਲੱਗਣ ਤੋਂ ਬਚਾਅ ਹੋ ਸਕੇ।
* ਖੇਤਾਂ ਉੱਪਰੋਂ ਲੰਘਦੀਆਂ ਬਿਜਲੀ ਦੀਆਂ ਤਾਰਾਂ ਢਿੱਲੀਆਂ ਹੋਣ ਤਾਂ ਵਿਭਾਗ ਨੂੰ ਤੁਰੰਤ ਠੀਕ ਕਰਨ ਲਈ ਕਿਹਾ ਜਾਵੇ।
* ਕਣਕ ਦੀ ਕਟਾਈ ਸਮੇਂ ਫਸਲ ਦੇ ਨੇੜੇ ਬੀੜੀ-ਸਿਗਰਟ ਆਦਿ ਨਾ ਪੀਤੀ ਜਾਵੇ।
* ਫਸਲਾਂ ਦੀ ਰਹਿੰਦ-ਖੂੰਹਦ ਨੂੰ ਅੱਗ ਨਾ ਲਾਈ ਜਾਵੇ।
* ਹਰ ਪਿੰਡ ਦੇ ਹਰ ਕੋਨੇ 'ਤੇ ਪੁਲਸ ਪ੍ਰਸ਼ਾਸਨ ਅਤੇ ਅੱਗ ਬੁਝਾਊ ਵਿਭਾਗ ਦੇ ਫੋਨ ਨੰਬਰ ਲਿਖੇ ਜਾਣ।