ਕਰਜ਼ੇ ਦੇ ਬੋਝ ਹੇਠ ਦੱਬੇ ਕਿਸਾਨ ਨੇ ਪੌੜੀਆਂ ਦੀ ਗਰਿੱਲ ਨਾਲ ਫਾਹਾ ਲੈ ਕੀਤੀ ਖ਼ੁਦਕੁਸ਼ੀ
Sunday, Feb 28, 2021 - 02:25 PM (IST)
ਵੈਰੋਵਾਲ (ਗਿੱਲ)- ਥਾਣਾ ਵੈਰੋਵਾਲ ਅਧੀਨ ਆਉਂਦੇ ਪਿੰਡ ਦਾਰਾਪੁਰ ਵੈਰੋਵਾਲ ਦੇ ਵਸਨੀਕ ਕਿਸਾਨ ਸਰਬਜੀਤ ਸਿੰਘ ਉਮਰ 55 ਸਾਲ ਪੁੱਤਰ ਨਰਿੰਦਰ ਸਿੰਘ ਨੇ ਕਰਜ਼ੇ ਦੇ ਬੋਝ ਨੂੰ ਨਾ ਸਹਾਰਦਿਆਂ ਹੋਇਆਂ ਖ਼ੁਦਕੁਸ਼ੀ ਕਰ ਲਈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਮ੍ਰਿਤਕ ਕਿਸਾਨ ਦੇ ਭਰਾ ਹਰਵਿੰਦਰ ਸਿੰਘ ਹੈਪੀ ਗਿੱਲ ਅਤੇ ਕਿਸਾਨ ਆਗੂ ਲਖਬੀਰ ਸਿੰਘ ਨੇ ਦੱਸਿਆ ਕਿ ਮ੍ਰਿਤਕ ਦੇ ਸਿਰ ਉੱਪਰ ਲੱਗਭਗ 30 ਲੱਖ ਦੇ ਕਰੀਬ ਬੈਂਕਾਂ ਅਤੇ ਆੜ੍ਹਤੀਆਂ ਦਾ ਕਰਜ਼ਾ ਸੀ। ਉਨ੍ਹਾਂ ਦੱਸਿਆ ਕਿ ਮ੍ਰਿਤਕ ਦੀ ਪਤਨੀ ਲੰਮਾ ਸਮਾਂ ਬਿਮਾਰ ਰਹਿਣ ਕਾਰਨ ਸਰਬਜੀਤ ਸਿਰ ਇਹ ਕਰਜ਼ਾ ਚੜਿਆ ਸੀ, ਤਿੰਨ ਸਾਲ ਪਹਿਲਾਂ ਪਤਨੀ ਦੀ ਮੌਤ ਹੋ ਜਾਣ ਤੋਂ ਬਾਅਦ ਸਰਬਜੀਤ ਸਦਮੇ ਵਿਚ ਚਲਾ ਗਿਆ ਸੀ ਤੇ ਅੱਜ ਉਸ ਨੇ ਦੁਪਿਹਰ 1 ਵਜੇ ਜਦੋਂ ਪਰਿਵਾਰਕ ਮੈਂਬਰ ਘਰੋਂ ਬਾਹਰ ਗਏ ਸਨ, ਪੌੜੀਆਂ ਦੀ ਗਰਿੱਲ ਨਾਲ ਫਾਹਾ ਲੈ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ।
ਕਿਸਾਨ ਆਗੂ ਲਖਬੀਰ ਸਿੰਘ ਨੇ ਪੰਜਾਬ ਸਰਕਾਰ ਪਾਸੋਂ ਮੰਗ ਕੀਤੀ ਕਿ ਮ੍ਰਿਤਕ ਕਿਸਾਨ ਸਿਰ ਚੜ੍ਹਿਆ ਸਮੁੱਚਾ ਕਰਜ਼ਾ ਮੁਆਫ ਕੀਤਾ ਜਾਵੇ ਅਤੇ ਪਰਿਵਾਰ ਨੂੰ ਬਣਦਾ ਯੋਗ ਮੁਆਵਜ਼ਾ ਦਿੱਤਾ ਜਾਵੇ। ਇਸ ਸਬੰਧੀ ਥਾਣਾ ਵੈਰੋਵਾਲ ਦੇ ਐੱਸ.ਐੱਚ.ਓ. ਬਲਵਿੰਦਰ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਲਾਸ਼ ਦਾ ਪੋਸਟਮਾਰਟਮ ਕਰਵਾ ਕੇ ਪਰਿਵਾਰਕ ਮੈਂਬਰਾਂ ਦੇ ਬਿਆਨਾਂ ਦੇ ਆਧਾਰ ’ਤੇ 174 ਦੀ ਕਾਰਵਾਈ ਕੀਤੀ ਜਾ ਰਹੀ ਹੈ।