ਅੱਗ ਲੱਗਣ ਨਾਲ ਕਿਸਾਨ ਦੀ 4 ਕਨਾਲ ਗੰਨੇ ਦੀ ਫਸਲ ਸੜ ਕੇ ਸੁਆਹ
Sunday, Apr 29, 2018 - 03:52 PM (IST)

ਜਲਾਲਾਬਾਦ (ਸੇਤੀਆ) : ਭਾਵੇਂ ਪੰਜਾਬ ਸਰਕਾਰ ਅਤੇ ਪ੍ਰਦੂਸ਼ਣ ਵਿਭਾਗ ਵਲੋਂ ਖੇਤਾਂ ਵਿਚ ਨਾੜ ਅਤੇ ਰਹਿੰਦ-ਖੂੰਹਦ ਨੂੰ ਅੱਗ ਲਗਾਉਣ 'ਤੇ ਮਨਾਹੀ ਦੇ ਆਦੇਸ਼ ਹਨ ਪਰ ਇਸਦੇ ਬਾਵਜੂਦ ਕਿਸਾਨਾਂ ਵਲੋਂ ਨਾੜ ਨੂੰ ਅੱਗ ਲਗਾਉਣ ਦਾ ਸਿਲਸਿਲਾ ਜਾਰੀ ਹੈ। ਆਲਮ ਇਹ ਹੈ ਕਿ ਕਿਸਾਨਾਂ ਦੀ ਇਸ ਕਾਰਵਾਈ ਨਾਲ ਜਿੱਥੇ ਨਿਯਮਾਂ ਦੀਆਂ ਧੱਜੀਆਂ ਉੱਡ ਰਹੀਆਂ ਹਨ ਉਥੇ ਕਈ ਹੋਰ ਫਸਲਾਂ ਦੀ ਬਿਜਾਈ ਕਰਨ ਵਾਲੇ ਕਿਸਾਨਾਂ ਦਾ ਵੀ ਭਾਰੀ ਨੁਕਸਾਨ ਹੋ ਰਿਹਾ ਹੈ। ਜਿਸਦੀ ਮਿਸਾਲ ਬੀਤੇ ਦਿਨੀ ਪਿੰਡ ਰੂੰਮ ਵਾਲਾ ਦੇ ਖੇਤੀਬਾੜੀ ਰਕਬੇ ਵਿਚ ਨਾੜ ਨੂੰ ਲਗਾਈ ਗਈ ਅੱਗ ਤੋਂ ਬਾਅਦ ਦੂਸਰੇ ਕਿਸਾਨ ਦੀ ਗੰਨੇ ਦੀ ਫਸਲ ਦੇ ਹੋਏ ਨੁਕਸਾਨ ਤੋਂ ਲਗਾਈ ਜਾ ਸਕਦੀ ਹੈ ਕਿਉਂਕਿ ਅੱਗ ਲੱਗਣ ਨਾਲ ਕਿਸਾਨ ਦਾ ਕਰੀਬ 4 ਕਨਾਲ ਗੰਨਾ ਸੜ ਕੇ ਸੁਆਹ ਹੋ ਗਿਆ।
ਇਸ ਸੰਬੰਧੀ ਪ੍ਰਭਾਵਿਤ ਕਿਸਾਨ ਹਰਕ੍ਰਿਸ਼ਨ ਲਾਲ ਪੁੱਤਰ ਲਛਮਣ ਦਾਸ ਨੇ ਥਾਣਾ ਸਦਰ ਨੂੰ ਲਿਖਤ ਸ਼ਿਕਾਇਤ ਦੇ ਕੇ ਕਾਰਵਾਈ ਦੀ ਮੰਗ ਕੀਤੀ ਹੈ। ਪੁਲਸ ਨੂੰ ਦਿੱਤੀ ਸ਼ਿਕਾਇਤ ਵਿਚ ਕਿਸਾਨ ਹਰਕ੍ਰਿਸ਼ਨ ਲਾਲ ਨੇ ਦੱਸਿਆ ਕਿ ਉਸਨੇ ਪਿੰਡ ਦੇ ਖੇਤੀਬਾੜੀ ਰਕਬੇ ਵਿਚ ਗੰਨੇ ਦੀ ਫਸਲ ਦੀ ਬਿਜਾਈ ਕੀਤੀ ਹੋਈ ਸੀ ਅਤੇ ਬੀਤੇ ਦਿਨੀ ਪਿੰਡ ਭੜੋਲੀ ਵਾਲਾ ਦੇ ਕਿਸਾਨ ਫੁੰਮਣ ਸਿੰਘ ਨੇ ਆਪਣੇ ਖੇਤਾਂ ਵਿਚ ਨਾੜ ਨੂੰ ਅੱਗ ਲਗਾ ਦਿੱਤੀ ਅਤੇ ਅੱਗ ਇੰਨੀ ਤੇਜ਼ੀ ਨਾਲ ਫੈਲੀ ਕਿ ਉਸ ਵਲੋਂ ਬਿਜਾਈ ਕੀਤੀ ਗਈ ਗੰਨੇ ਦੀ ਕਰੀਬ 4 ਕਨਾਲਾ ਫਸਲ ਅੱਗ ਦੀ ਚਪੇਟ ਵਿਚ ਆ ਜਾਣ ਕਾਰਣ ਝੁਲਸ ਗਈ। ਇਸ ਨਾਲ ਉਸਦਾ ਕਰੀਬ 2 ਲੱਖ ਰੁਪਏ ਦਾ ਨੁਕਸਾਨ ਹੋਇਆ ਹੈ।
ਇਸ ਤੋਂ ਇਲਾਵਾ ਹੋਰ ਕਿਸਾਨ ਸਤਪਾਲ ਸਿੰਘ ਅਤੇ ਜਰਨੈਲ ਸਿੰਘ ਵਾਸੀ ਰੁੰਮ ਵਾਲਾ ਨੇ ਦੱਸਿਆ ਕਿ ਇਸ ਘਟਨਾ ਵਿੱਚ ਉਨ੍ਹਾਂ ਦੀ ਵੀ ਕਰੀਬ 20 ਤੋਂ 22 ਕਿੱਲੇ ਨਾੜ ਜੋ ਕਿ ਤੂੜੀ ਬਣਾਉਣ ਦੇ ਲਈ ਖੜਾ ਸੀ ਅੱਗ ਦੀ ਚਪੇਟ ਵਿੱਚ ਆ ਜਾਣ ਕਾਰਣ ਸੜ ਕੇ ਸੁਆਹ ਹੋ ਗਿਆ। ਇਸ ਸੰਬੰਧੀ ਜਦੋਂ ਥਾਣਾ ਸਦਰ ਮੁੱਖੀ ਭੋਲਾ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ ਜੋ ਵੀ ਸ਼ਿਕਾਇਤਾਂ ਇਸ ਮਾਮਲੇ ਸੰਬੰਧੀ ਪਹੁੰਚੀਆਂ ਹਨ ਉਨ੍ਹਾਂ ਦੀ ਜਾਂਚ ਪੜਤਾਲ ਕਰਕੇ ਜੋ ਬਣਦੀ ਕਾਰਵਾਈ ਹੈ ਕੀਤੀ ਜਾਵੇਗੀ।