ਮੋਗਾ ਦੀ ਦਰਦਨਾਕ ਘਟਨਾ, ਕਰਜ਼ੇ ਤੋਂ ਪ੍ਰੇਸ਼ਾਨ ਦਾਦੇ-ਪੋਤੇ ਨੇ ਖਾਧਾ ਜ਼ਹਿਰ, ਘਰ ''ਚ ਮਚਿਆ ਕੋਹਰਾਮ (ਤਸਵੀਰਾਂ)

Sunday, Jul 23, 2017 - 07:35 PM (IST)

ਮੋਗਾ ਦੀ ਦਰਦਨਾਕ ਘਟਨਾ, ਕਰਜ਼ੇ ਤੋਂ ਪ੍ਰੇਸ਼ਾਨ ਦਾਦੇ-ਪੋਤੇ ਨੇ ਖਾਧਾ ਜ਼ਹਿਰ, ਘਰ ''ਚ ਮਚਿਆ ਕੋਹਰਾਮ (ਤਸਵੀਰਾਂ)

ਕੋਟ ਈਸੇ ਖਾਂ (ਹਰਜੀਤ ਛਾਬੜਾ) : ਭਾਵੇਂ ਮੌਜੂਦਾ ਸਰਕਾਰ ਨੇ ਚੋਣਾਂ ਵੇਲੇ ਕਿਸਾਨੀ ਕਰਜ਼ੇ ਨੂੰ ਪ੍ਰਮੁੱਖਤਾ ਨਾਲ ਉਭਾਰਕੇ ਸੱਤਾ ਹਾਸਲ ਕੀਤੀ ਸੀ, ਪਰ ਕਰੀਬ ਪੰਜ ਮਹੀਨੇ ਬੀਤਣ ਦੇ ਬਾਵਯੂਦ ਵੀ ਕੈਪਟਨ ਸਰਕਾਰ ਕਿਸਾਨੀ ਕਰਜ਼ਿਆਂ ਸਬੰਧੀ ਠੋਸ ਫੈਸਲਾ ਨਹੀਂ ਲੈ ਸਕੀ ਹੈ। ਜਿਸ ਕਾਰਨ ਕਿਸਾਨਾਂ ਦੀਆਂ ਖੁਦਕੁਸ਼ੀਆਂ ਦਾ ਦੌਰ ਬਾ-ਦਸਤੂਰ ਜਾਰੀ ਹੈ। ਇਸ ਦੇ ਚਲਦਿਆਂ ਸ਼ਨੀਵਾਰ ਦੇਰ ਸ਼ਾਮ ਜ਼ਿਲਾ ਮੋਗਾ ਦੇ ਥਾਣਾ ਕੋਟ ਈਸੇ ਖਾਂ ਅਧੀਨ ਆਉਂਦੇ ਪਿੰਡ ਤਲਵੰਡੀ ਨੌ-ਬਹਾਰ ਵਿਖੇ ਕਰਜ਼ੇ ਦੀ ਪੰਡ ਨੂੰ ਨਾ-ਸਹਾਰਦਿਆਂ ਕਿਸਾਨ ਤੇ ਉੇਸ ਦੇ ਪੋਤੇ ਨੇ ਜ਼ਹਿਰੀਲੀ ਦਵਾਈ ਨਿਗਲ ਲਈ। ਜਿਸ ਕਾਰਨ ਕਿਸਾਨ ਬਲਦੇਵ ਸਿੰਘ ਦੀ ਮੌਤ ਹੋ ਗਈ ਅਤੇ ਪੋਤਾ ਜਸਪਾਲ ਸਿੰਘ ਹਸਪਤਾਲ ਵਿਖੇ ਜ਼ਿੰਦਗੀ ਮੌਤ ਦੀ ਲੜਾਈ ਲੜ ਰਿਹਾ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਕਿਸਾਨ ਬਲਦੇਵ ਸਿੰਘ (62 ਸਾਲ) ਪੁੱਤਰ ਕਸ਼ਮੀਰ ਸਿੰਘ ਅਤੇ ਉਸ ਦਾ ਪੋਤਰਾ ਜਸਪਾਲ ਸਿੰਘ (20 ਸਾਲ) ਪੁੱਤਰ ਲਖਵਿੰਦਰ ਸਿੰਘ ਆਪਣੇ ਖੇਤਾਂ ਵਿਚ ਬੀਜੀ ਫਸਲ ਨੂੰ ਕੀਟਨਾਸ਼ਕ ਦਵਾਈ ਪਾਉਣ ਗਏ ਸਨ। ਸ਼ਾਮ 6 ਵਜੇ ਕਰਜ਼ੇ ਤੋਂ ਪ੍ਰੇਸ਼ਾਨ ਦਾਦੇ ਨੇ ਖੇਤ ਵਿਚ ਹੀ ਜ਼ਹਿਰੀਲੀ ਦਵਾਈ ਨਿਗਲ ਲਈ ਅਤੇ ਹਾਲਤ ਵਿਗੜਦਿਆਂ ਹੀ ਜਸਪਾਲ ਸਿੰਘ ਨੇ ਦਾਦੇ ਨੂੰ ਘਰ ਪਹੁੰਚਾਇਆ, ਜਿਥੇ ਉਸ ਦੀ ਮੌਤ ਹੋ ਗਈ। ਦਾਦੇ ਦੀ ਮੌਤ ਨੂੰ ਨਾ ਸਹਾਰਦਿਆਂ ਪੋਤੇ ਜਸਪਾਲ ਸਿੰਘ ਨੇ ਵੀ ਜ਼ਹਿਰੀਲੀ ਦਵਾਈ ਨਿਗਲ ਲਈ ਜੋ ਕਿ ਹੁਣ ਕੋਟ ਈਸੇ ਖਾਂ ਦੇ ਇਕ ਨਿੱਜੀ ਹਸਪਤਾਲ ਵਿਖੇ ਜ਼ਿੰਦਗੀ ਮੌਤ ਦੀ ਲੜਾਈ ਲੜ ਰਿਹਾ ਹੈ। ਮ੍ਰਿਤਕ ਕਿਸਾਨ ਦੇ ਪਰਿਵਾਰਕ ਮੈਂਬਰਾਂ ਮੁਤਾਬਿਕ ਕਰਜ਼ੇ ਕਾਰਨ ਪਹਿਲਾਂ ਹੀ 11 ਏਕੜ ਜ਼ਮੀਨ 'ਚੋਂ 7 ਏਕੜ ਦੇ ਕਰੀਬ ਜ਼ਮੀਨ ਵਿਕ ਚੁੱਕੀ ਹੈ, ਬਾਕੀ ਬਚੀ ਜ਼ਮੀਨ 'ਤੇ ਵੀ ਆੜ੍ਹਤੀਆਂ, ਸ਼ਾਹੂਕਾਰਾਂ ਅਤੇ ਬੈਂਕਾਂ ਦਾ 40 ਲੱਖ ਦੇ ਕਰੀਬ ਕਰਜ਼ਾ ਹੈ।
ਮ੍ਰਿਤਕ ਬਲਦੇਵ ਸਿੰਘ ਦੇ ਲੜਕੇ ਲਖਵਿੰਦਰ ਸਿੰਘ ਅਨੁਸਾਰ ਜਸਪਾਲ ਸਿੰਘ ਬਾਰਵੀਂ ਪਾਸ ਸੀ ਅਤੇ ਹੁਣ ਆਈਲੈਟਸ ਕਰਕੇ ਬਾਹਰ ਜਾਣਾ ਚਾਹੁੰਦਾ ਸੀ, ਜੋ ਪਰਿਵਾਰ ਦੀ ਸਮਰੱਥਾ ਤੋਂ ਬਾਹਰ ਸੀ, ਜਿਸ ਕਾਰਨ ਕਿਸਾਨ ਬਲਦੇਵ ਸਿੰਘ ਕਾਫੀ ਪ੍ਰੇਸ਼ਾਨ ਰਹਿੰਦਾ ਸੀ। ਇਸ ਪ੍ਰੇਸ਼ਾਨੀ ਦੇ ਚਲਦਿਆਂ ਹੀ ਦਾਦੇ-ਪੋਤੇ ਨੇ ਇਹ ਮੰਦਭਾਗਾ ਕਦਮ ਚੁੱਕ ਲਿਆ।


Related News