ਵਾਹ ਬਈ ਅਫਸਰੋ : ਨਾ ਝੋਨਾ ਬੀਜਿਆ ਨਾ ਪਰਾਲੀ ਸਾੜੀ, ਫਿਰ ਵੀ ਦਰਜ ਕੀਤਾ ਕੇਸ

11/11/2019 6:38:29 PM

ਫ਼ਰੀਦਕੋਟ (ਹਾਲੀ) : ਪ੍ਰਸ਼ਾਸਨ ਵੱਲੋਂ ਫਰੀਦਕੋਟ ਜ਼ਿਲੇ ਵਿਚ ਅਜਿਹੇ ਕਿਸਾਨਾਂ ਖਿਲਾਫ਼ ਵੀ ਪਰਾਲੀ ਸਾੜਨ ਦੇ ਮਾਮਲੇ ਦਰਜ ਕਰ ਦਿੱਤੇ ਗਏ ਹਨ, ਜਿਨ੍ਹਾਂ ਨੇ ਇਸ ਸੀਜ਼ਨ 'ਚ ਝੋਨਾ ਬੀਜਿਆ ਹੀ ਨਹੀਂ ਗਿਆ। ਜ਼ਿਲੇ ਭਰ ਵਿਚ 80 ਫ਼ੀਸਦੀ ਤੋਂ ਵੱਧ ਪਰਾਲੀ ਸਾੜਨ ਮਗਰੋਂ ਹਰਕਤ 'ਚ ਆਏ ਪ੍ਰਸ਼ਾਸਨ ਨੇ ਪਿੰਡ ਅਰਾਈਆਂ ਵਾਲਾ ਕਲਾਂ ਦੇ ਕਿਸਾਨ ਕਰਮ ਸਿੰਘ ਖਿਲਾਫ਼ ਪਰਾਲੀ ਸਾੜਨ ਦੇ ਦੋਸ਼ਾਂ ਤਹਿਤ ਮਾਮਲਾ ਦਰਜ ਕੀਤਾ ਹੈ ਜਦੋਂ ਕਿ ਕਰਮ ਸਿੰਘ ਨੇ ਝੋਨਾ ਬੀਜਿਆ ਹੀ ਨਹੀਂ ਅਤੇ ਜਿਸ ਖੇਤ ਵਿਚ ਝੋਨਾ ਬੀਜਿਆ ਦਿਖਾਇਆ ਗਿਆ ਹੈ, ਉੱਥੇ ਉਸ ਨੇ ਜਵਾਰ ਦੀ ਫਸਲ ਬੀਜੀ ਹੋਈ ਹੈ। ਇਸੇ ਤਰ੍ਹਾਂ ਪਿੰਡ ਕੰਮੇਆਣਾ ਦੇ ਕਿਸਾਨ ਸੁਖਰਾਜ ਸਿੰਘ ਖਿਲਾਫ਼ ਵੀ ਪਰਾਲੀ ਸਾੜਨ ਦਾ ਪਰਚਾ ਦਰਜ ਕੀਤਾ ਗਿਆ ਹੈ। ਪੀੜਤ ਕਿਸਾਨ ਨੇ ਆਪਣੇ ਪਿੰਡ ਦੀ ਪੰਚਾਇਤ ਨੂੰ ਦਿਖਾਏ। ਸੁਖਰਾਜ ਸਿੰਘ ਦੇ ਖੇਤਾਂ ਵਿਚ ਅਜੇ ਵੀ ਪਰਾਲੀ ਉਵੇਂ ਹੀ ਪਈ ਹੈ ਅਤੇ ਪਰਾਲੀ ਨੂੰ ਕੋਈ ਅੱਗ ਨਹੀਂ ਲੱਗੀ ਪਰ ਪ੍ਰਸ਼ਾਸਨ ਨੇ ਉਸ ਖਿਲਾਫ਼ ਪਰਾਲੀ ਸਾੜਨ ਦਾ ਮੁਕੱਦਮਾ ਦਰਜ ਕਰ ਦਿੱਤਾ ਹੈ। 

ਸੂਚਨਾ ਅਨੁਸਾਰ ਫਰੀਦਕੋਟ ਜ਼ਿਲੇ ਵਿਚ ਹੁਣ ਤੱਕ 62 ਕਿਸਾਨਾਂ ਖਿਲਾਫ਼ ਪਰਾਲੀ ਸਾੜਨ ਦੇ ਮਾਮਲੇ ਦਰਜ ਕੀਤੇ ਗਏ ਹਨ ਅਤੇ 199 ਕਿਸਾਨਾਂ ਦੇ ਮਾਲ ਵਿਭਾਗ ਰਿਕਾਰਡ ਵਿਚ ਲਾਲ ਅੱਖਰਾਂ ਨਾਲ ਇੰਦਰਾਜ ਕੀਤਾ ਗਿਆ ਹੈ। ਕਿਰਤੀ ਕਿਸਾਨ ਯੂਨੀਅਨ ਦੇ ਸੂਬਾਈ ਆਗੂ ਰਜਿੰਦਰ ਸਿੰਘ ਅਤੇ ਕਿਸਾਨ ਆਗੂ ਗੁਰਮੀਤ ਸਿੰਘ ਗੋਲੇਵਾਲਾ ਨੇ ਕਿਹਾ ਕਿ ਫਰੀਦਕੋਟ ਜ਼ਿਲੇ ਵਿਚ ਇਕ ਦਰਜਨ ਤੋਂ ਵੱਧ ਬੇਕਸੂਰ ਕਿਸਾਨਾਂ ਖਿਲਾਫ਼ ਪਰਾਲੀ ਸਾੜਨ ਦੇ ਮੁਕੱਦਮੇ ਦਰਜ ਕੀਤੇ ਗਏ ਹਨ। ਕਿਸਾਨਾਂ ਖਿਲਾਫ਼ ਗਲਤ ਪਰਚੇ ਦਰਜ ਹੋਣ ਤੋਂ ਬਾਅਦ ਕਿਸਾਨ ਜਥੇਬੰਦੀਆਂ ਨੇ ਵੀ ਇੱਥੇ ਮੀਟਿੰਗ ਕੀਤੀ ਅਤੇ ਐਲਾਨ ਕੀਤਾ ਕਿ ਪੰਜਾਬ ਸਰਕਾਰ ਨੂੰ ਕਿਸਾਨਾਂ ਖਿਲਾਫ਼ ਧੱਕੇਸ਼ਾਹੀ ਨਹੀਂ ਵਰਤਣ ਦਿੱਤੀ ਜਾਵੇਗੀ।

ਕੀ ਕਹਿੰਦੇ ਹਨ ਡਿਪਟੀ ਕਮਿਸ਼ਨਰ
ਇਸ ਸਬੰਧੀ ਫਰੀਦਕੋਟ ਦੇ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਪਰਚੇ ਮੁੱਢਲੀ ਪੜਤਾਲ ਤੋਂ ਬਾਅਦ ਹੀ ਦਰਜ ਕੀਤੇ ਜਾ ਰਹੇ ਹਨ, ਪ੍ਰੰਤੂ ਜੇਕਰ ਕਿਤੇ ਅਜਿਹਾ ਮਾਮਲਾ ਸਾਹਮਣੇ ਆਇਆ ਹੈ ਤਾਂ ਮਾਮਲੇ ਦੀ ਪੜਤਾਲ ਕੀਤੀ ਜਾਵੇਗੀ।


Gurminder Singh

Content Editor

Related News