ਗਰੀਬ ਕਿਸਾਨ ਪਰਿਵਾਰ ’ਤੇ ਟੁੱਟਾ ਦੁੱਖਾਂ ਦਾ ਪਹਾੜ, ਹੜ੍ਹ ਦੇ ਪਾਣੀ ਵਿਚ ਡੁੱਬਣ ਕਾਰਣ ਵਿਅਕਤੀ ਦੀ ਮੌਤ

Monday, Aug 14, 2023 - 02:04 PM (IST)

ਗਰੀਬ ਕਿਸਾਨ ਪਰਿਵਾਰ ’ਤੇ ਟੁੱਟਾ ਦੁੱਖਾਂ ਦਾ ਪਹਾੜ, ਹੜ੍ਹ ਦੇ ਪਾਣੀ ਵਿਚ ਡੁੱਬਣ ਕਾਰਣ ਵਿਅਕਤੀ ਦੀ ਮੌਤ

ਮਖੂ (ਵਾਹੀ) : ਪੰਜਾਬ ਵਿਚ ਆਏ ਹੜ੍ਹਾਂ ਕਾਰਨ ਦਰਿਆਵਾਂ ਦੇ ਕੰਢਿਆਂ ’ਤੇ ਵੱਸਦੇ ਪਿੰਡਾਂ ਵਿਚ ਕਿਸਾਨਾਂ ਦੀ ਫਸਲ ਤੋਂ ਇਲਾਵਾ ਪਸ਼ੂਆਂ ਦਾ ਚਾਰਾ ਵੀ ਹੜ੍ਹ ਦੀ ਭੇਟ ਚੜ੍ਹ ਗਿਆ ਹੈ ਅਤੇ ਪ੍ਰਭਾਵਿਤ ਕਿਸਾਨਾਂ ਨੂੰ ਪਸ਼ੂਆਂ ਦਾ ਢਿੱਡ ਭਰਨ ਲਈ ਦਰਿਆਵਾਂ ਦੇ ਕੰਢਿਆਂ ’ਤੇ ਚਰਾਉਣੇ ਪੈ ਰਹੇ ਹਨ। ਬੀਤੇ ਸ਼ਾਮ ਸਾਢੇ ਸੱਤ ਵਜੇ ਦੇ ਕਰੀਬ ਮਖੂ ਬਲਾਕ ਦੇ ਪਿੰਡ ਦੀਨੇਕੇ ਦਾ ਗਰੀਬ ਕਿਸਾਨ ਗੁਰਮੀਤ ਸਿੰਘ ਪੁੱਤਰ ਸਕੱਤਰ ਸਿੰਘ ਆਪਣੇ ਚਚੇਰੇ ਭਰਾ ਰਣਜੀਤ ਸਿੰਘ ਪੁੱਤਰ ਸਤਨਾਮ ਸਿੰਘ ਨਾਲ ਪਸ਼ੂਆਂ ਨੂੰ ਚਰਾਉਂਦੇ ਸਮੇਂ ਪਾਣੀ ਦੇ ਵਹਿਣ ਵਿਚ ਵਹਿ ਕੇ ਪਾਣੀ ਦੇ ਡੂੰਘੇ ਟੋਭੇ ਵਿਚ ਡੁੱਬ ਗਿਆ। ਆਪਣੇ ਚਚੇਰੇ ਭਰਾ ਨੂੰ ਡੁੱਬਦੇ ਵੇਖ ਰਣਜੀਤ ਸਿੰਘ ਵੱਲੋਂ ਬਚਾਅ ਲਈ ਰੌਲਾ ਪਾਇਆ ਤਾਂ ਆਸੇ-ਪਾਸੇ ਦੇ ਕਿਸਾਨ ਤੁਰੰਤ ਇਕੱਠੇ ਹੋ ਗਏ ਅਤੇ ਗੁਰਮੀਤ ਸਿੰਘ ਦੀ ਭਾਲ ਸ਼ੁਰੂ ਕਰ ਦਿੱਤੀ ਪਰ ਸਾਰੀ ਰਾਤ ਭਾਲ ਕਰਨ ਦੇ ਬਾਵਜੂਦ ਕੁਝ ਪਤਾ ਨਹੀਂ ਲੱਗ ਸਕਿਆ। ਦਿਨ ਚੜ੍ਹਦਿਆਂ ਹੀ ਗੋਤੇਖੋਰਾਂ ਦੀ ਮੱਦਦ ਨਾਲ ਲਾਸ਼ ਨੂੰ ਲੱਭਣ ਲਈ ਯਤਨ ਸ਼ੁਰੂ ਕੀਤੇ ਗਏ ਅਤੇ ਸਵੇਰੇ ਸਾਢੇ 10 ਵਜੇ ਗੋਤਾਖੋਰਾਂ ਵੱਲੋਂ ਸਖ਼ਤ ਮਿਹਤਨ ਤੋਂ ਬਾਅਦ ਮ੍ਰਿਤਕ ਦੀ ਲਾਸ਼ ਬਰਾਮਦ ਕਰ ਲਈ ਗਈ। 

ਪ੍ਰਸ਼ਾਸਨ ਦੀ ਤਰਫੋਂ ਨਾਇਬ ਤਹਿਸੀਲਦਾਰ ਮੱਖੂ ਪਰਮਪਾਲ ਸਿੰਘ ਮੌਕੇ ’ਤੇ ਪਹੁੰਚੇ ਹੋਏ ਸਨ। ਪਿੰਡ ਦੀਨੇਕੇ ਦੇ ਜਸਬੀਰ ਸਿੰਘ ਸਾਬਕਾ ਚੇਅਰਮੈਨ, ਰਸ਼ਪਾਲ ਸਿੰਘ ਸਾਬਕਾ ਚੇਅਰਮੈਨ ਅਤੇ ਸੁਖਵਿੰਦਰ ਸਿੰਘ ਗੱਟਾ ਬਲਾਕ ਪ੍ਰਧਾਨ ਕਾਂਗਰਸ ਪਾਰਟੀ ਤੋਂ ਇਲਾਵਾ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਨੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਮ੍ਰਿਤਕ ਗਰੀਬ ਕਿਸਾਨ ਘਰ ਦਾ ਗੁਜ਼ਾਰਾ ਮੱਝਾਂ ਦਾ ਦੁੱਧ ’ਤੇ ਹੀ ਸੀ ਅਤੇ 2 ਛੋਟੇ ਬੱਚਿਆਂ ਅਤੇ ਬਜ਼ੁਰਗ ਪਿਤਾ ਦੀ ਸਾਂਭ ਸੰਭਾਲ ਉਸ ਦੇ ਸਿਰ ’ਤੇ ਸੀ। ਇਸ ਲਈ ਮ੍ਰਿਤਕ ਦੇ ਪਰਿਵਾਰ ਨੂੰ 15 ਲੱਖ ਰੁਪਏ ਮੁਆਵਜ਼ਾ ਅਤੇ ਪਰਿਵਾਰ ਦੇ ਮੈਂਬਰ ਨੂੰ ਸਰਕਾਰੀ ਨੌਕਰੀ ਦਿੱਤੀ ਜਾਵੇ। 

 


author

Gurminder Singh

Content Editor

Related News