ਕਿਸਾਨ ਦੀ ਸੂਚਨਾ ’ਤੇ ਬੀ. ਐੱਸ. ਐੱਫ. ਵੱਲੋਂ ਦੋ ਪੈਕਟ ਹੈਰੋਇਨ ਬਰਾਮਦ

Monday, Apr 17, 2023 - 05:59 PM (IST)

ਕਿਸਾਨ ਦੀ ਸੂਚਨਾ ’ਤੇ ਬੀ. ਐੱਸ. ਐੱਫ. ਵੱਲੋਂ ਦੋ ਪੈਕਟ ਹੈਰੋਇਨ ਬਰਾਮਦ

ਫਾਜ਼ਿਲਕਾ (ਸੁਖਵਿੰਦਰ ਥਿੰਦ) : ਜਲਾਲਾਬਾਦ ਪੱਛਮੀ ਦੀ ਸਰਹੱਦੀ ਚੌਕੀ ਚੱਕ ਟਾਹਲੀਵਾਲਾ ਦੇ ਨੇੜੇ ਪੈਂਦੇ ਪਿੰਡ ਚੱਕ ਬਜੀਦਾ ਦੇ ਪ੍ਰਧਾਨ ਕਿਸਾਨ ਜੋਗਿੰਦਰ ਸਿੰਘ ਪੁੱਤਰ ਚੰਬਾ ਸਿੰਘ ਦੇ ਦੱਸਣ ’ਤੇ ਬੀ. ਐੱਸ. ਐੱਫ ਦੇ ਅਧਿਕਾਰੀਆਂ ਅਤੇ ਕੰਪਨੀ ਕਮਾਂਡਰ ਨੇ ਦੋ ਪੈਕਟ ਹੈਰੋਇਨ ਬਰਾਮਦ ਕੀਤੀ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਬਾਰਡਰ ਏਰੀਆ ਕਿਸਾਨ ਯੂਨੀਅਨ ਪੰਜਾਬ ਜ਼ਿਲ੍ਹਾ ਫਾਜ਼ਿਲਕਾ ਦੇ ਪ੍ਰਧਾਨ ਸੁਖਦੇਵ ਸਿੰਘ ਸੰਧੂ ਅਤੇ ਸੈਕਟਰੀ ਦਰਸ਼ਨ ਸਿੰਘ ਨੇ ਦੱਸਿਆ ਕਿ ਜੋਗਿੰਦਰ ਸਿੰਘ ਅੱਜ ਆਪਣੀ ਫ਼ਸਲ ਕੱਟਣ ਲਈ ਆਪਣੇ ਖੇਤ ਵਿਚ ਗਿਆ। ਜਦੋਂ ਕਣਕ ਦੀ ਡਿੱਗੀ ਹੋਈ ਫ਼ਸਲ ਨੂੰ ਵੱਟਾਂ ਦੇ ਨਾਲ ਨਾਲ ਕੱਟ ਰਿਹਾ ਸੀ ਤਾਂ ਉਸ ਨੇ ਸ਼ੱਕੀ ਹਾਲਾਤ ਵਿਚ ਦੋ ਪੈਕਟ ਵੇਖੇ। ਇਸ ਸਬੰਧੀ ਉਸ ਨੇ ਪਿੰਡ ਦੇ ਸਰਪੰਚ ਅਤੇ ਯੂਨੀਅਨ ਆਗੂ ਦਰਸ਼ਨ ਸਿੰਘ ਅਤੇ ਜ਼ਿਲ੍ਹਾ ਫਾਜ਼ਿਲਕਾ ਦੇ ਪ੍ਰਧਾਨ ਸੁਖਦੇਵ ਸਿੰਘ ਸੰਧੂ ਨੂੰ ਦੱਸਿਆ।

ਇਸ ਤੋਂ ਬਾਅਦ ਕੰਪਨੀ ਕਮਾਂਡਰ ਬੀ. ਐੱਸ. ਐੱਫ. ਟਾਹਲੀ ਵਾਲਾ ਅਤੇ 52 ਬਟਾਲੀਅਨ ਦੇ ਹੈਡਕੁਆਰਟਰ ਵਿਖੇ ਅਧਿਕਾਰੀਆਂ ਨਾਲ਼ ਫ਼ੋਨ ’ਤੇ ਸੰਪਰਕ ਕੀਤਾ। ਇਸ ਤੋਂ ਬਾਅਦ ਇਨ੍ਹਾਂ ਬੀ. ਐੱਸ. ਐੱਫ ਦੇ ਅਧਿਕਾਰੀਆਂ ਦੀ ਹਾਜ਼ਰੀ ਅਤੇ ਯੂਨੀਅਨ ਦੀ ਸਮੁੱਚੀ ਟੀਮ ਦੀ ਹਾਜ਼ਰੀ ਵਿਚ ਜਦੋਂ ਉਸ ਥਾਂ ’ਤੇ ਪਏ ਪੈਕਟਾਂ ਦੀ ਜਾਂਚ ਕੀਤੀ ਤਾਂ ਪਾਇਆ ਗਿਆ ਕਿ ਇਨ੍ਹਾਂ ਵਿੱਚ ਹੈਰੋਇਨ ਹੈ। ਬੀ ਐੱਸ ਐੱਫ ਦੇ ਅਧਿਕਾਰੀਆਂ ਨੇ ਕਿਸਾਨ ਜੋਗਿੰਦਰ ਸਿੰਘ ਨੂੰ ਸ਼ਾਬਾਸ਼ ਵੀ ਦਿੱਤੀ ਕਿ ਉਨ੍ਹਾਂ ਨੇ ਬਿਨਾਂ ਕਿਸੇ ਲਾਲਚ ਦੇ ਇਹ ਬਰਾਮਦਗੀ ਕਰਵਾਈ ਹੈ। ਇਥੇ ਇਹ ਵੀ ਦੱਸਣਾ ਬਣਦਾ ਹੈ ਕਿ ਜਿਸ ਖੇਤ ਵਿਚੋਂ ਇਹ ਹੈਰੋਇਨ ਬਰਾਮਦ ਕੀਤੀ ਗਈ ਹੈ। ਉਹ ਕੰਡਿਆਲੀ ਤਾਰ ਤੋਂ ਪਿੱਛੇ ਲਗਭਗ ਇਕ ਕਿਲੋਮੀਟਰ ਹੈ। ਫਾਜ਼ਿਲਕਾ ਜ਼ਿਲ੍ਹੇ ਦੇ ਪ੍ਰਧਾਨ ਸੁਖਦੇਵ ਸਿੰਘ ਸੰਧੂ ਅਤੇ ਸੈਕਟਰੀ ਦਰਸ਼ਨ ਸਿੰਘ ਨੇ ਦੱਸਿਆ ਕਿ ਇਹ ਕਿਸਾਨ ਪੰਜਾਬ ਬਾਰਡਰ ਏਰੀਆ ਕਿਸਾਨ ਯੂਨੀਅਨ ਦਾ ਮੈਂਬਰ ਹੈ। ਉਸ ਨੇ ਪੂਰੀ ਈਮਾਨਦਾਰੀ ਵਿਖਾਈ ਹੈ। ਜਿਸ ਨਾਲ ਯੂਨੀਅਨ ਦਾ ਮਾਣ ਵਧਿਆ ਹੈ। ਉਨ੍ਹਾਂ ਕਿਹਾ ਕਿ ਇਸ ਯੂਨੀਅਨ ਵਿਚ ਕੰਮ ਕਰ ਰਹੇ ਕਿਸਾਨ ਈਮਾਨਦਾਰ ਹਨ। ਜੋ ਕਿ ਬੀ ਐੱਸ ਐੱਫ ਦੇ ਨਾਲ ਪੂਰੀ ਤਰ੍ਹਾਂ ਸਹਿਯੋਗ ਕਰ ਰਹੇ ਹਨ।


author

Gurminder Singh

Content Editor

Related News