ਰਾਜਸਥਾਨ ਅਤੇ ਮੱਧ ਪ੍ਰਦੇਸ਼ 'ਚ ਕਾਂਗਰਸ ਚਲਾਏਗੀ ਕਿਸਾਨ ਅੰਦੋਲਨ

Wednesday, Jan 03, 2018 - 08:04 AM (IST)

ਰਾਜਸਥਾਨ ਅਤੇ ਮੱਧ ਪ੍ਰਦੇਸ਼ 'ਚ ਕਾਂਗਰਸ ਚਲਾਏਗੀ ਕਿਸਾਨ ਅੰਦੋਲਨ

ਜਲੰਧਰ (ਧਵਨ) - ਗੁਜਰਾਤ ਵਿਚ ਚੋਣ ਨਤੀਜਿਆਂ ਤੋਂ ਉਤਸ਼ਾਹਿਤ ਕਾਂਗਰਸ ਲੀਡਰਸ਼ਿਪ ਨੇ 2018 'ਚ ਹੋਣ ਵਾਲੀਆਂ ਵੱਖ-ਵੱਖ ਸੂਬਾਈ ਵਿਧਾਨ ਸਭਾ ਚੋਣਾਂ ਲਈ ਹੁਣ ਤੋਂ ਹੀ ਆਪਣੀਆਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਹਨ। ਇਸ ਦੇ ਲਈ ਪਾਰਟੀ ਲੀਡਰਸ਼ਿਪ ਨੇ ਕਿਸਾਨਾਂ, ਖੇਤੀ ਵਰਕਰਾਂ, ਐੱਨ. ਆਰ. ਆਈਜ਼, ਘਰੇਲੂ ਵਰਕਰਾਂ, ਵਿਦਿਆਰਥੀਆਂ, ਵਪਾਰੀਆਂ ਅਤੇ ਗੈਰ-ਸੰਗਠਿਤ ਖੇਤਰ ਦੇ ਵਰਕਰਾਂ ਨਾਲ ਸੰਪਰਕ ਕਾਇਮ ਕਰਨ ਦਾ ਫੈਸਲਾ ਲਿਆ ਹੈ। ਇਸ ਦੇ ਲਈ ਪਾਰਟੀ ਵੱਖ-ਵੱਖ ਸੈੱਲਾਂ ਦੇ ਜ਼ਰੀਏ ਇਨ੍ਹਾਂ ਵਰਗਾਂ ਨਾਲ ਸੰਪਰਕ ਕਾਇਮ ਕਰੇਗੀ।
2017 ਵਿਚ ਪਿਛਲੇ 5-6 ਮਹੀਨਿਆਂ ਦੌਰਾਨ ਇਨ੍ਹਾਂ ਸਾਰੇ ਸੈੱਲਾਂ ਨੇ ਆਪਣੇ ਸੰਗਠਨਾਤਮਕ ਢਾਂਚਿਆਂ ਨੂੰ ਮਜ਼ਬੂਤੀ ਦੇਣ ਦੀ ਕੋਸ਼ਿਸ਼ ਕੀਤੀ ਹੈ। ਮੱਧ ਪ੍ਰਦੇਸ਼ ਅਤੇ ਛੱਤੀਸਗੜ੍ਹ ਦੇ ਕਬਾਇਲੀ ਖੇਤਰਾਂ ਵਲੋਂ ਕਾਂਗਰਸ ਦੇ ਵੱਖ-ਵੱਖ ਸੈੱਲਾਂ ਵਲੋਂ ਧਿਆਨ ਦਿੱਤਾ ਜਾਵੇਗਾ। 2018 ਵਿਚ ਚਾਰ ਮੁੱਖ ਸੂਬਿਆਂ ਵਿਚ ਵਿਧਾਨ ਸਭਾ ਦੀਆਂ ਚੋਣਾਂ ਹੋਣੀਆਂ ਹਨ। ਰਾਜਸਥਾਨ ਅਤੇ ਮੱਧ ਪ੍ਰਦੇਸ਼ ਵਿਚ ਕਾਂਗਰਸ ਵਲੋਂ ਮੁੱਖ ਕਿਸਾਨ ਅੰਦੋਲਨ ਸ਼ੁਰੂ ਕਰਨ 'ਤੇ ਵਿਚਾਰ ਕੀਤਾ ਜਾ ਰਿਹਾ ਹੈ। ਦੋਹਾਂ ਸੂਬਿਆਂ ਵਿਚ ਇਸ ਸਮੇਂ ਭਾਜਪਾ ਦੀਆਂ ਸਰਕਾਰਾਂ ਹਨ। ਗੁਜਰਾਤ ਵਿਚ ਵੀ ਸੌਰਾਸ਼ਟਰ ਬੈਲਟ ਵਿਚ ਕਾਂਗਰਸ ਨੇ ਕਿਸਾਨੀ ਦੇ ਮੁੱਦੇ ਨੂੰ ਜ਼ੋਰ-ਸ਼ੋਰ ਨਾਲ ਉਠਾਇਆ ਸੀ, ਜਿਸ ਕਾਰਨ ਇਸ ਖੇਤਰ 'ਚ ਭਾਜਪਾ ਨੂੰ ਉਮੀਦ ਮੁਤਾਬਿਕ ਜਿੱਤ ਚੋਣਾਂ ਵਿਚ ਹਾਸਿਲ ਨਹੀਂ ਹੋ ਸਕੀ। ਹੁਣ ਰਾਜਸਥਾਨ ਅਤੇ ਮੱਧ ਪ੍ਰਦੇਸ਼ ਵਿਚ ਕਿਸਾਨਾਂ ਨੂੰ ਲੁਭਾਉਣ ਲਈ ਕਾਂਗਰਸ ਦੋ ਕਦਮ ਅੱਗੇ ਜਾਣਾ ਚਾਹੁੰਦੀ ਹੈ।
ਕਿਸਾਨ ਪਹਿਲਾਂ ਹੀ ਚੋਣ ਸੂਬਿਆਂ ਵਿਚ ਮੁੱਦਿਆਂ ਨੂੰ ਭਾਲਣ ਅਤੇ ਉਨ੍ਹਾਂ ਨੂੰ ਵੋਟਰਾਂ ਵਿਚਾਲੇ ਲਿਜਾਣ ਦੀਆਂ ਕੋਸ਼ਿਸ਼ਾਂ ਵਿਚ ਲੱਗੀ ਹੋਈ ਹੈ। ਵੱਖ-ਵੱਖ ਪੱਧਰਾਂ 'ਤੇ ਕਾਂਗਰਸ ਨੇ ਵਿਦਿਆਰਥੀਆਂ ਨੂੰ ਵੀ ਅੱਗੇ ਕਰਨ ਦਾ ਫੈਸਲਾ ਲਿਆ ਹੈ। ਇਕ ਸੀਨੀਅਰ ਕਾਂਗਰਸੀ ਨੇਤਾ ਨੇ ਦੱਸਿਆ ਕਿ ਸਟੂਡੈਂਟ ਯੂਨੀਅਨ ਦੀਆਂ ਚੋਣਾਂ ਵਿਚ ਕਾਂਗਰਸ ਨੂੰ ਸਫਲਤਾ ਮਿਲੀ ਹੈ ਅਤੇ ਉਸ ਨੂੰ ਦੇਖਦੇ ਹੋਏ ਪਾਰਟੀ ਦੀ ਰਣਨੀਤੀ ਕੰਮ ਕਰ ਰਹੀ ਹੈ।
ਕਾਂਗਰਸੀਆਂ ਨੇ ਕਿਹਾ ਕਿ ਪਾਰਟੀ ਗੁਜਰਾਤ ਵਾਂਗ ਹੀ ਇਨ੍ਹਾਂ ਚੋਣ ਸੂਬਿਆਂ ਵਿਚ ਸੋਸ਼ਲ ਨੈੱਟਵਰਕਿੰਗ ਦਾ ਪੂਰਾ ਸਹਾਰਾ ਲਵੇਗੀ। ਇਨ੍ਹਾਂ ਚੋਣ ਸੂਬਿਆਂ ਵਿਚ ਲੀਡਰਸ਼ਿਪ ਸਬੰਧੀ ਫੈਸਲੇ ਵੀ ਕਾਂਗਰਸ ਵਲੋਂ ਛੇਤੀ ਲਏ ਜਾਣਗੇ। ਮੱਧ ਪ੍ਰਦੇਸ਼ ਵਿਚ ਹੁਣ ਤਕ ਲੀਡਰਸ਼ਿਪ ਸਬੰਧੀ ਕੋਈ ਫੈਸਲਾ ਪਾਰਟੀ ਨਹੀਂ ਲੈ ਸਕੀ ਹੈ। ਛੱਤੀਸਗੜ੍ਹ ਵਿਚ ਪਿਛਲੀ ਵਾਰ ਕਾਂਗਰਸ ਬਹੁਤ ਘੱਟ ਫਰਕ ਨਾਲ ਹਾਰੀ ਸੀ। ਕਾਂਗਰਸ ਨੇ ਛੱਤੀਸਗੜ੍ਹ ਵਿਚ ਉਨ੍ਹਾਂ ਵਿਧਾਨ ਸਭਾ ਖੇਤਰਾਂ ਵਿਚ ਆਪਣਾ ਕੰਮ ਸ਼ੁਰੂ ਕਰ ਦਿੱਤਾ ਹੈ, ਜਿੱਥੇ ਪਾਰਟੀ ਸਿਰਫ 5000 ਵੋਟਾਂ ਦੇ ਫਰਕ ਨਾਲ ਹਾਰੀ ਸੀ। ਇਨ੍ਹਾਂ ਖੇਤਰਾਂ ਵਿਚ ਪਾਰਟੀ ਆਪਣੀ ਸਥਿਤੀ ਸੁਧਾਰਨਾ ਚਾਹੁੰਦੀ ਹੈ। ਇਸੇ ਤਰ੍ਹਾਂ ਪਾਰਟੀ ਨੇ 108 ਬਲਾਕਾਂ ਵਿਚ ਆਪਣੇ ਨੇਤਾਵਾਂ ਦਾ ਪਤਾ ਲਾਇਆ ਹੈ, ਜੋ ਜ਼ਮੀਨੀ ਪੱਧਰ 'ਤੇ ਕੰਮ ਕਰ ਸਕਦੇ ਹਨ।


Related News