ਭਾਅ ਵਧਣ ਦੀ ਆਸ ਨਾਲ ਸਟੋਰ ਕੀਤਾ ਆਲੂ ਚੁੱਕਣ ਤੋਂ ਵੀ ਗੁਰੇਜ਼ ਕਰਨ ਲੱਗੇ ਕਿਸਾਨ

07/24/2017 7:41:33 AM

ਮੋਗਾ  (ਪਵਨ ਗਰੋਵਰ/ਗੋਪੀ ਰਾਊਕੇ) - ਇਕ ਪਾਸੇ ਜਿੱਥੇ ਪੰਜਾਬ ਸਰਕਾਰ ਅਤੇ ਖ਼ੇਤੀਬਾੜੀ ਵਿਭਾਗ ਵੱਲੋਂ ਸੂਬੇ ਦੇ ਕਿਸਾਨ ਵਰਗ ਨੂੰ ਆਪਣਾ ਆਰਥਿਕ ਪੱਧਰ ਉੱਚਾ ਚੁੱਕਣ ਲਈ ਰਵਾਇਤੀ ਫ਼ਸਲ ਚੱਕਰੀ ਕਣਕ ਅਤੇ ਝੋਨੇ ਦਾ ਖਹਿੜਾ ਛੱਡ ਕੇ ਵਿਭਿੰਨਤਾ ਵਾਲੀਆਂ ਫ਼ਸਲਾਂ ਦੀ ਕਾਸ਼ਤ ਕਰਨ ਵੱਲ ਪ੍ਰੇਰਿਤ ਕੀਤਾ ਜਾ ਰਿਹਾ ਹੈ, ਉੱਥੇ ਹੀ ਦੂਜੇ ਪਾਸੇ ਸਰਕਾਰੀ ਸਲਾਹਾਂ ਮੰਨ ਕੇ ਵਿਭਿੰਨਤਾ ਵਾਲੀਆਂ ਫਸਲਾਂ ਦੀ ਖੇਤੀ ਕਰਨ ਵਾਲਾ ਕਿਸਾਨ ਵਰਗ ਵੀ ਪਿਛਲੇ 3 ਵਰ੍ਹਿਆਂ ਤੋਂ ਲਗਾਤਾਰ ਕਸੂਤਾ ਫ਼ਸਿਆ ਆ ਰਿਹਾ ਹੈ, ਜਿਸ ਕਰ ਕੇ ਜਾਂ ਤਾਂ ਕਿਸਾਨਾਂ ਨੂੰ ਫਸਲਾਂ ਦਾ ਪੂਰਾ ਮੁੱਲ ਨਹੀਂ ਮਿਲਦਾ ਅਤੇ ਜਾਂ ਫਿਰ ਵਿਭਿੰਨਤਾ ਵਾਲੀ ਫਸਲ ਬੇਮੌਸਮੀ ਮੀਂਹ ਪੈਣ ਕਾਰਨ ਖਰਾਬ ਹੋ ਜਾਂਦੀ ਹੈ। ਪਿਛਲੇ ਵਰ੍ਹੇ ਤੋਂ ਸਭ ਤੋਂ ਵੱਧ ਆਰਥਿਕ ਮੰਦੇ ਦੀ ਮਾਰ ਆਲੂਆਂ ਦੀ ਕਾਸ਼ਤ ਕਰਨ ਵਾਲੇ ਕਿਸਾਨ ਝੱਲ ਰਹੇ ਹਨ। ਪਹਿਲਾਂ ਫਸਲ ਦਾ ਪੂਰਾ ਮੁੱਲ ਨਾ ਮਿਲਣ ਕਰ ਕੇ ਕਿਸਾਨਾਂ ਨੇ ਆਲੂਆਂ ਦੀ ਫਸਲ ਨੂੰ ਇਸ ਆਸ ਨਾਲ ਕੋਲਡ ਸਟੋਰਾਂ ਵਿਚ ਰੱਖਿਆ ਸੀ ਕਿ ਜਦੋਂ ਫਸਲ ਦਾ ਭਾਅ ਵੱਧ ਜਾਵੇਗਾ ਤਾਂ ਕਿਸਾਨ ਇਸ ਨੂੰ ਵੇਚ ਕੇ ਆਪਣੀ ਮਾੜੀ ਆਰਥਿਕ ਦਸ਼ਾ 'ਚ ਸੁਧਾਰ ਕਰਨਗੇ ਪਰ ਹੈਰਾਨੀ ਦੀ ਗੱਲ ਹੈ ਕਿ ਫਸਲ ਦਾ ਅਜੇ ਤੱਕ ਭਾਅ ਨਾ ਵਧਣ ਕਾਰਨ ਆਲੂਆਂ ਦੇ ਕਾਸ਼ਤਕਾਰ ਡੂੰਘੀ ਚਿੰਤਾ ਦੇ ਆਲਮ 'ਚੋਂ ਲੰਘ ਰਹੇ ਹਨ।  
'ਜਗ ਬਾਣੀ' ਵੱਲੋਂ ਇਸ ਸਬੰਧੀ ਇਕੱਤਰ ਕੀਤੀ ਗਈ ਜਾਣਕਾਰੀ ਅਨੁਸਾਰ ਆਲੂਆਂ ਦਾ ਭਾਅ ਮੰਦਾ ਰਹਿਣ ਦੀ ਮਜਬੂਰੀ ਕਾਰਨ ਬਹੁਤੇ ਕਿਸਾਨਾਂ ਨੇ ਤਾਂ ਹੁਣ ਸਟੋਰਾਂ 'ਚੋਂ ਆਲੂ ਚੁੱਕਣ ਤੋਂ ਹੀ ਟਾਲਾ ਵੱਟ ਲਿਆ ਹੈ। ਇਸ ਤਰ੍ਹਾਂ ਦੀ ਬਣੀ ਸਥਿਤੀ ਕਰ ਕੇ ਆਲੂ ਉਤਪਾਦਕਾਂ ਦੇ ਨਾਲ ਕੋਲਡ ਸਟੋਰ ਮਾਲਕਾਂ ਨੂੰ ਵੀ ਆਰਥਿਕ 'ਰਗੜਾ' ਲੱਗਣ ਦਾ ਸਬੱਬ ਹੁਣੇ ਤੋਂ ਹੀ ਬਣਦਾ ਨਜ਼ਰ ਆਉਣ ਲੱਗਾ ਹੈ। ਉਂਝ ਤਾਂ ਅਕਤੂਬਰ ਮਹੀਨੇ ਤੱਕ ਕਿਸਾਨਾਂ ਨੇ ਸਟੋਰਾਂ ਤੋਂ ਆਲੂ ਚੁੱਕਣੇ ਹੁੰਦੇ ਹਨ ਪਰ ਅਜੇ ਤੱਕ ਮੰਦੇ ਭਾਅ ਕਾਰਨ ਕਿਸਾਨਾਂ ਨੇ ਸਟੋਰਾਂ 'ਚੋਂ ਆਲੂ ਚੁੱਕਣ ਦੀ ਸ਼ੁਰੂਆਤ ਹੀ ਨਹੀਂ ਕੀਤੀ ਹੈ। ਮੋਗਾ ਜ਼ਿਲੇ ਨਾਲ ਸੰਬੰਧ ਰੱਖਦੇ ਵੱਖ-ਵੱਖ ਆਲੂ ਉਤਪਾਦਕਾਂ ਨੇ ਵੀ ਆਲੂਆਂ ਦੇ ਅਸਲੋਂ ਮੰਦੇ ਭਾਅ ਦੀ ਪੁਸ਼ਟੀ ਕੀਤੀ ਹੈ।  ਕਿਸਾਨਾਂ ਦਾ ਦੱਸਣਾ ਹੈ ਕਿ ਪਹਿਲਾਂ ਤਾਂ ਜਦੋਂ ਆਲੂਆਂ ਦੀ ਪੁਟਾਈ ਕੀਤੀ ਸੀ, ਉਦੋਂ ਆਲੂਆਂ ਦਾ ਭਾਅ 100 ਤੋਂ 120 ਰੁਪਏ ਬੋਰੀ, ਜਿਸ ਨਾਲ ਆਮਦਨ ਤਾਂ ਦੂਰ, ਖਰਚ ਵੀ ਪੂਰਾ ਨਹੀਂ ਹੁੰਦਾ ਸੀ। ਇਸ ਕਾਰਨ ਹੀ ਆਲੂ ਸਟੋਰ ਕੀਤੇ ਗਏ ਸਨ ਪਰ ਪੁਟਾਈ ਦੇ ਚਾਰ ਮਹੀਨਿਆਂ ਦੇ ਲਗਭਗ ਸਮਾਂ ਬੀਤਣ ਮਗਰੋਂ ਵੀ ਆਲੂਆਂ ਦੇ ਭਾਅ 'ਚ ਉਛਾਲ ਨਹੀਂ ਆਇਆ, ਜਿਸ ਕਾਰਨ ਕਿਸਾਨਾਂ ਦੀਆਂ ਸਮੁੱਚੀਆਂ ਆਸਾਂ 'ਤੇ ਪਾਣੀ ਫਿਰਦਾ ਨਜ਼ਰ ਆ ਰਿਹਾ ਹੈ।


Related News