ਸ਼ਾਰਟ-ਸਰਕਟ ਨੇ ਸਾੜੇ ਕਿਸਾਨਾਂ ਦੇ ''ਸੁਪਨੇ''
Tuesday, Apr 17, 2018 - 07:51 AM (IST)
ਮਲੋਟ (ਜੁਨੇਜਾ) - ਤੇਜ਼ ਹਨੇਰੀ ਕਾਰਨ ਹੋਏ ਸ਼ਾਰਟ-ਸਕਰਟ ਕਾਰਨ ਮਲੋਟ ਨੇੜੇ ਪਿੰਡ ਆਲਮਵਾਲਾ ਵਿਖੇ ਲੱਗੀ ਅੱਗ ਕਾਰਨ 2 ਕਿਸਾਨਾਂ ਦੀ 13 ਏਕੜ ਕਣਕ ਅਤੇ ਕਈ ਕਿਸਾਨਾਂ ਦਾ ਕਰੀਬ 12 ਏਕੜ ਨਾੜ ਸੜ ਕੇ ਸੁਆਹ ਹੋ ਗਿਆ। ਜਾਣਕਾਰੀ ਅਨੁਸਾਰ ਅੱਜ ਪਿੰਡ ਆਲਮਵਾਲਾ ਵਿਖੇ ਖੇਤ ਵਿਚ ਲੱਗੀ ਅੱਗ ਕਾਰਨ ਇਸੇ ਪਿੰਡ ਦੇ ਕਿਸਾਨ ਕੇਵਲ ਸਿੰਘ ਪੁੱਤਰ ਮੋਦਨ ਸਿੰਘ ਦੀ 11 ਏਕੜ ਅਤੇ ਸੂਬਾ ਸਿੰਘ ਪੁੱਤਰ ਮੇਜਰ ਸਿੰਘ ਦੀ 2 ਏਕੜ ਕਣਕ, ਕੁਲਦੀਪ ਸਿੰਘ ਪੁੱਤਰ ਛਿੰਦਰ ਸਿੰਘ ਅਤੇ ਉਸ ਦੇ ਦੋ ਭਰਾਵਾਂ ਸੁਲਤਾਨ ਸਿੰਘ ਅਤੇ ਦਰਸ਼ਨ ਸਿੰਘ ਦਾ 10 ਏਕੜ ਨਾੜ ਅਤੇ ਜਗਸੀਰ ਸਿੰਘ ਪੁੱਤਰ ਮੰਗਾ ਸਿੰਘ ਦਾ 2 ਏਕੜ ਨਾੜ ਸੜ ਕੇ ਸੁਆਹ ਹੋ ਗਿਆ। ਇਸ ਸਬੰਧੀ ਸੂਚਨਾ ਮਿਲਣ 'ਤੇ ਫਾਇਰ ਅਫਸਰ ਗੁਰਸ਼ਰਨ ਸਿੰਘ ਨੇ ਫਾਇਰ ਬ੍ਰਿਗੇਡ ਮੁਲਾਜ਼ਮਾਂ ਨਾਲ ਮੌਕੇ 'ਤੇ ਪਹੁੰਚ ਕੇ ਅੱਗ ਉੱਪਰ ਭਾਰੀ ਮੁਸ਼ੱਕਤ ਤੋਂ ਬਾਅਦ ਅੱਗ 'ਤੇ ਕਾਬੂ ਪਾਇਆ। ਇਸ ਘਟਨਾ ਦਾ ਕਾਰਨ ਤੇਜ਼ ਹਨੇਰੀ ਚੱਲਣ ਕਾਰਨ ਸ਼ਰਾਟ-ਸਰਕਟ ਹੋਇਆ ਦੱਸਿਆ ਜਾ ਰਿਹਾ ਹੈ। ਉੱਧਰ, ਬਲਾਕ ਕਾਂਗਰਸ ਦੇ ਪ੍ਰਧਾਨ ਨੱਥੂ ਰਾਮ ਗਾਂਧੀ ਨੇ ਇਨ੍ਹਾਂ ਕਿਸਾਨਾਂ ਨਾਲ ਹਮਦਰਦੀ ਪ੍ਰਗਟ ਕਰਦਿਆਂ ਸਰਕਾਰ ਤੋਂ ਮੰਗ ਕੀਤੀ ਕਿ ਇਨ੍ਹਾਂ ਨੂੰ ਬਣਦਾ ਮੁਆਵਜ਼ਾ ਦਿੱਤਾ ਜਾਵੇ।
