ਕਰਜ਼ੇ ਦੇ ਦੈਂਤ ਨੇ ਲਈ ਇਕ ਹੋਰ ਕਿਸਾਨ ਦੀ ਜਾਨ

Monday, Oct 16, 2017 - 07:40 AM (IST)

ਖਮਾਣੋਂ  (ਜਟਾਣਾ, ਅਰੋੜਾ) - ਪਿੰਡ ਸਿੱਧੂਪੁਰ ਖੁਰਦ ਵਿਖੇ ਕਿਸਾਨ ਹਰਜਿੰਦਰ ਸਿੰਘ (42) ਪੁੱਤਰ ਰਤਨ ਸਿੰਘ ਦੀ ਬੈਂਕ ਵਲੋਂ ਭੇਜਿਆ ਕਰਜ਼ੇ ਦੀ ਕਿਸ਼ਤ ਵਸੂਲੀ ਦਾ ਨੋਟਿਸ ਪੜ੍ਹਦਿਆਂ ਸਾਰ ਹੀ ਦਿਲ ਦਾ ਦੌਰਾ ਪੈਣ ਨਾਲ ਮੌਤ ਹੋ ਗਈ।  ਮ੍ਰਿਤਕ ਕਿਸਾਨ ਦੇ ਵੱਡੇ ਭਰਾ ਬਹਾਦਰ ਸਿੰਘ ਨੇ ਦੱਸਿਆ ਕਿ ਹਰਜਿੰਦਰ ਸਿੰਘ ਕੋਲ ਡੇਢ ਏਕੜ ਜ਼ਮੀਨ ਹੈ ਤੇ ਉਸ ਨੇ ਡੇਢ ਸਾਲ ਪਹਿਲਾਂ ਖਮਾਣੋਂ ਪ੍ਰਾਇਮਰੀ ਸਹਿਕਾਰੀ ਖੇਤੀਬਾੜੀ ਵਿਕਾਸ ਬੈਂਕ ਖਮਾਣੋਂ ਤੋਂ 3 ਲੱਖ ਰੁਪਏ ਦਾ ਕਰਜ਼ਾ ਲਿਆ ਸੀ। ਉਸ ਨੇ ਇਸ ਦੀ ਪਹਿਲੀ ਕਿਸ਼ਤ 41 ਹਜ਼ਾਰ ਦੇ ਕਰੀਬ ਭਰ ਦਿੱਤੀ ਸੀ ਤੇ ਫਸਲ ਚੰਗੀ ਨਾ ਹੋਣ ਕਾਰਨ ਦੂਜੀ ਕਿਸ਼ਤ ਨਹੀਂ ਦੇ ਸਕਿਆ ਤੇ ਹੁਣ ਬੈਂਕ ਵਲੋਂ ਤੀਸਰੀ ਕਿਸ਼ਤ ਮੌਕੇ ਦੂਜੀ ਕਿਸ਼ਤ ਦੇ ਬਕਾਏ ਸਮੇਤ ਕੁਲ 81500 ਰੁਪਏ ਦਾ ਨੋਟਿਸ ਕਿਸਾਨ ਨੂੰ ਭੇਜ ਦਿੱਤਾ ਗਿਆ।  ਇਸ ਸਬੰਧੀ ਮ੍ਰਿਤਕ ਕਿਸਾਨ ਦੀ ਪਤਨੀ ਸੁਰਿੰਦਰ ਕੌਰ ਨੇ ਦੱਸਿਆ ਕਿ ਉਨ੍ਹਾਂ ਕੋਲ ਡੇਢ ਏਕੜ ਜ਼ਮੀਨ ਹੈ, ਉਨ੍ਹਾਂ ਦਾ ਇਕ ਪੁੱਤਰ ਸੁਖਵੀਰ ਸਿੰਘ (22) ਤੇ ਲੜਕੀ ਸੰਦੀਪ ਕੌਰ (24) ਹੈ ਤੇ ਉਹ ਬੜੀ ਮੁਸ਼ਕਿਲ ਨਾਲ ਘਰ ਦਾ ਗੁਜ਼ਾਰਾ ਚਲਾਉਂਦੇ ਸਨ।
ਉਨ੍ਹਾਂ ਕਿਹਾ ਕਿ 12 ਅਕਤੂਬਰ ਨੂੰ ਦੁਪਹਿਰ ਡੇਢ ਵਜੇ ਬੈਂਕ ਦੇ ਦੋ ਮੁਲਾਜ਼ਮਾਂ ਨੇ ਉਨ੍ਹਾਂ ਨੂੰ ਕਰਜ਼ੇ ਦੀ ਕਿਸ਼ਤ ਵਸੂਲੀ ਦਾ ਨੋਟਿਸ ਦਿੱਤਾ ਤੇ ਇਸ ਨੂੰ ਜਲਦੀ ਤੋਂ ਜਲਦੀ ਜਮ੍ਹਾ ਕਰਵਾਉਣ ਲਈ ਕਿਹਾ। ਨੋਟਿਸ ਪੜ੍ਹਦਿਆਂ ਹੀ ਹਰਜਿੰਦਰ ਸਿੰਘ ਇਕਦਮ ਘਬਰਾ ਗਿਆ ਤੇ ਉਸ ਨੂੰ ਦਿਲ ਦਾ ਦੌਰਾ ਪੈ ਗਿਆ, ਜਿਸ ਦੀ 2 ਵਜੇ ਮੌਤ ਹੋ ਗਈ।
ਮ੍ਰਿਤਕ ਦੇ ਭਰਾ ਨੇ ਕਿਹਾ ਕਿ ਸਰਕਾਰ ਵਲੋਂ ਦੋ ਲੱਖ ਦੀ ਕਰਜ਼ਾ ਮੁਆਫੀ ਦਾ ਭਾਵੇਂ ਐਲਾਨ ਤਾਂ ਕਰ ਦਿੱਤਾ ਗਿਆ ਹੈ ਪਰ ਇਸ ਨੂੰ ਲਾਗੂ ਨਹੀਂ ਕੀਤਾ ਗਿਆ ਜੇਕਰ ਸਰਕਾਰ ਵਲੋਂ ਐਲਾਨ ਨੂੰ ਲਾਗੂ ਕੀਤਾ ਜਾਂਦਾ ਤਾਂ ਉਸ ਦਾ ਭਰਾ ਬੇਵਕਤੀ ਮੌਤ ਨਾ ਮਰਦਾ।
ਇਸ ਦੁੱਖ ਦੇ ਸਮੇਂ ਬਾਬਾ ਬਲਵੀਰ ਸਿੰਘ ਧਿਆਨੂੰ ਮਾਜਰੇ ਵਾਲੇ ਵੀ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਲਈ ਪਹੁੰਚੇ ਤੇ ਉਨ੍ਹਾਂ ਪ੍ਰਸ਼ਾਸਨ ਤੇ ਸਰਕਾਰ ਤੋਂ ਮ੍ਰਿਤਕ ਕਿਸਾਨ ਦੇ ਪਰਿਵਾਰ ਦੀ ਮਦਦ ਤੇ ਕਿਸਾਨ ਦਾ ਸਾਰਾ ਕਰਜ਼ਾ ਮੁਆਫ ਕਰਨ ਦੀ ਮੰਗ ਕੀਤੀ।
ਇਸ ਸਬੰਧੀ ਗੱਲ ਕਰਨ 'ਤੇ ਬੈਂਕ ਦੇ ਸਹਾਇਕ ਮੈਨੇਜਰ ਮੇਜਰ ਸਿੰਘ ਨੇ ਕਿਹਾ ਕਿ ਇਹ ਮਾਮਲਾ ਉਸ ਦੇ ਧਿਆਨ 'ਚ ਨਹੀਂ ਹੈ, ਜਦੋਂਕਿ ਬੈਂਕ ਦੇ ਮੈਨੇਜਰ ਪ੍ਰਿਤਪਾਲ ਸਿੰਘ ਨੇ ਵਾਰ-ਵਾਰ ਫੋਨ ਕਰਨ ਦੇ ਬਾਵਜੂਦ ਫੋਨ ਨਹੀਂ ਚੁੱਕਿਆ।


Related News