ਕਰਜ਼ੇ ਤੋਂ ਪ੍ਰੇਸ਼ਾਨ ਕਿਸਾਨ ਨੇ ਰੇਲਗੱਡੀ ਥੱਲੇ ਆ ਕੇ ਕੀਤੀ ਆਤਮਹੱਤਿਆ
Sunday, Aug 20, 2017 - 07:15 AM (IST)

ਸੰਗਤ ਮੰਡੀ (ਮਨਜੀਤ) - ਪਿੰਡ ਤਿਉਣਾ ਦੇ ਇਕ ਕਰਜ਼ਾਈ ਕਿਸਾਨ ਵੱਲੋਂ ਬੀਤੀ ਰਾਤ ਬਠਿੰਡਾ-ਬੀਕਾਨੇਰ ਰੇਲ ਲਾਈਨ 'ਤੇ ਪਿੰਡ ਨਰੂਆਣਾ ਤੋਂ ਗੁਰੂਸਰ ਸੈਣੇ ਵਾਲਾ ਵਿਚਕਾਰ ਮਾਲ ਗੱਡੀ ਹੇਠ ਆ ਕੇ ਆਤਮਹੱਤਿਆ ਕਰ ਲਈ ਗਈ। ਮ੍ਰਿਤਕ ਕਿਸਾਨ ਸਿਰ 3 ਲੱਖ 20 ਹਜ਼ਾਰ ਦਾ ਕਰਜ਼ਾ ਦੱਸਿਆ ਜਾ ਰਿਹਾ ਹੈ। ਜਾਣਕਾਰੀ ਅਨੁਸਾਰ ਮੇਜਰ ਸਿੰਘ (65) ਪੁੱਤਰ ਬਚਿੱਤਰ ਸਿੰਘ ਸਿਰ 1 ਲੱਖ 20 ਹਜ਼ਾਰ ਸਟੇਟ ਬੈਂਕ ਪਟਿਆਲਾ ਤੇ 1 ਲੱਖ 50 ਹਜ਼ਾਰ ਯੂਨੀਅਨ ਬੈਂਕ ਦਾ ਕਰਜ਼ਾ ਸੀ। ਮ੍ਰਿਤਕ ਦੇ ਲੜਕੇ ਬਾਘ ਸਿੰਘ ਨੇ ਦੱਸਿਆ ਕਿ ਉਸ ਦੇ ਪਿਤਾ ਕੋਲ ਸਵਾ 2 ਕਿਲੇ ਜ਼ਮੀਨ ਹੈ ਤੇ ਉਨ੍ਹਾਂ ਸਿਰ ਉਕਤ ਦੋਵੇਂ ਬੈਂਕਾਂ ਦਾ ਕਰਜ਼ 3 ਲੱਖ 70 ਹਜ਼ਾਰ ਰੁਪਏ ਸੀ। ਉਨ੍ਹਾਂ ਕਿਹਾ ਕਿ ਬੀਤੀ ਰਾਤ ਉਸ ਦਾ ਪਿਤਾ ਘਰ ਖ਼ੇਤ ਦਾ ਕਹਿ ਕੇ ਸਾਈਕਲ 'ਤੇ ਚਲੇ ਗਏ ਪਰ ਬਾਅਦ 'ਚ ਉਨ੍ਹਾਂ ਨੂੰ ਫੋਨ ਆਇਆ ਕਿ ਉਹ ਮਾਲ ਗੱਡੀ ਦੀ ਚਪੇਟ 'ਚ ਆ ਗਏ। ਗੰਭੀਰ ਹਾਲਤ ਕਾਰਨ ਮੇਜਰ ਸਿੰਘ ਨੂੰ ਬਠਿੰਡਾ ਦੇ ਹਸਪਤਾਲ 'ਚ ਲਿਜਾਇਆ ਗਿਆ, ਜਿਥੇ ਉਨ੍ਹਾਂ ਦੀ ਗੰਭੀਰ ਹਾਲਤ ਨੂੰ ਦੇਖਦਿਆਂ ਲੁਧਿਆਣਾ ਲਈ ਰੈਫਰ ਕਰ ਦਿੱਤਾ, ਜਿਥੇ ਰਸਤੇ 'ਚ ਉਸ ਦੀ ਮੌਤ ਹੋ ਗਈ। ਜ਼ਿਕਰਯੋਗ ਹੈ ਕਿ ਮ੍ਰਿਤਕ ਦੀ ਪਤਨੀ ਦੀ ਵੀ ਦੋ ਸਾਲ ਪਹਿਲਾ ਕੈਂਸਰ ਨਾਲ ਮੌਤ ਹੋ ਚੁੱਕੀ ਹੈ। ਰੇਲਵੇ ਪੁਲਸ ਵੱਲੋਂ 174 ਦੀ ਕਾਰਵਾਈ ਕਰਦਿਆਂ ਲਾਸ਼ ਵਾਰਸਾਂ ਹਵਾਲੇ ਕਰ ਦਿੱਤੀ ਗਈ।