ਕਿਸਾਨ ਨੇ ਫਾਹਾ ਲੈ ਕੇ ਕੀਤੀ ਖੁਦਕੁਸ਼ੀ
Friday, Feb 23, 2018 - 07:04 AM (IST)

ਕੁੱਪ ਕਲਾਂ/ਸੰਦੌੜ (ਬੋਪਾਰਾਏ) - ਪਿੰਡ ਸਰੌਂਦ ਦੇ ਨੌਜਵਾਨ ਕਿਸਾਨ ਗੁਰਮੁੱਖ ਸਿੰਘ (35) ਨੇ ਕਰਜ਼ੇ ਤੋਂ ਪ੍ਰੇਸ਼ਾਨ ਹੋ ਕੇ ਫਾਹਾ ਲੈ ਲਿਆ। ਪੁਲਸ ਥਾਣਾ ਸਦਰ ਅਹਿਮਦਗੜ੍ਹ ਦੇ ਸਹਾਇਕ ਥਾਣੇਦਾਰ ਬਸੀਰ ਖਾਂ ਨੇ ਦੱਸਿਆ ਕਿ ਨੌਜਵਾਨ ਕਿਸਾਨ ਦੀ ਮਾਤਾ ਰਣਜੀਤ ਕੌਰ ਕਿਤੇ ਰਿਸ਼ਤੇਦਾਰੀ ਵਿਚ ਮਿਲ ਕੇ ਜਦੋਂ ਸਵੇਰੇ ਵਾਪਸ ਆਈ ਤਾਂ ਉਸ ਨੇ ਦੇਖਿਆ ਕਿ ਉਸ ਦਾ ਪੁੱਤਰ ਘਰ ਦੀ ਛੱਤ ਨਾਲ ਲੱਗੀ ਪੌੜੀ ਨਾਲ ਲਟਕ ਰਿਹਾ ਸੀ। ਉਸ ਨੇ ਆਂਢ-ਗੁਆਂਢ ਦੇ ਲੋਕਾਂ ਨੂੰ ਤੁਰੰਤ ਜਾਣਕਾਰੀ ਦਿੱਤੀ । ਮ੍ਰਿਤਕ ਦੇ ਭਰਾ ਗੁਰਤੇਜ ਸਿੰਘ ਨੇ ਪੁਲਸ ਕੋਲ ਲਿਖਾਏ ਬਿਆਨਾਂ 'ਚ ਦੱਸਿਆ ਕਿ ਉਸ ਦੇ ਭਰਾ ਸਿਰ 4-5 ਲੱਖ ਰੁਪਏ ਦਾ ਕਰਜ਼ਾ ਸੀ, ਜਿਸ ਕਾਰਨ ਉਹ ਪਰੇਸ਼ਾਨ ਰਹਿੰਦਾ ਸੀ । ਇਸ ਕਾਰਨ ਉਸ ਨੇ ਆਤਮ-ਹੱਤਿਆ ਵਰਗਾ ਕਦਮ ਚੁੱਕਿਆ । ਮ੍ਰਿਤਕ ਦੇ ਭਰਾ ਦੇ ਬਿਆਨਾਂ 'ਤੇ ਪੁਲਸ ਨੇ ਧਾਰਾ 174 ਤਹਿਤ ਕਾਰਵਾਈ ਅਮਲ 'ਚ ਲਿਆਂਦੀ ਅਤੇ ਸਰਕਾਰੀ ਹਸਪਤਾਲ ਮਾਲੇਰਕੋਟਲਾ ਵਿਖੇ ਪੋਸਟਮਾਰਟਮ ਕਰਵਾ ਕੇ ਲਾਸ਼ ਵਾਰਸਾਂ ਨੂੰ ਸੌਂਪ ਦਿੱਤੀ ਹੈ।