ਖੇਤ ਮਜ਼ਦੂਰਾਂ ਦਿੱਤਾ ਧਰਨਾ
Tuesday, Jan 30, 2018 - 02:22 AM (IST)
ਸ੍ਰੀ ਮੁਕਤਸਰ ਸਾਹਿਬ, (ਪਵਨ, ਖੁਰਾਣਾ, ਦਰਦੀ)- ਪੰਜਾਬ ਦੀ ਕਾਂਗਰਸ ਸਰਕਾਰ ਵੱਲੋਂ ਪਹਿਲਾਂ ਖੇਤ ਮਜ਼ਦੂਰਾਂ ਨੂੰ ਕਰਜ਼ਾ ਮੁਆਫ਼ੀ ਯੋਜਨਾ ਤੋਂ ਬਾਹਰ ਕਰਨ ਅਤੇ ਹੁਣ ਮਜ਼ਦੂਰਾਂ ਨੂੰ ਪਲਾਟ ਦੇਣ ਦੀ ਸਕੀਮ ਤੋਂ ਵਾਂਝੇ ਕਰਨ ਦੇ ਰੋਸ ਵਜੋਂ ਅੱਜ ਪੰਜਾਬ ਖੇਤ ਮਜ਼ਦੂਰ ਯੂਨੀਅਨ ਦੀ ਬਲਾਕ ਇਕਾਈ ਦੀ ਅਗਵਾਈ 'ਚ ਸੈਂਕੜੇ ਖੇਤ ਮਜ਼ਦੂਰਾਂ ਵੱਲੋਂ ਬਲਾਕ ਡਿਵੈੱਲਪਮੈਂਟ ਅਤੇ ਪੰਚਾਇਤ ਅਫ਼ਸਰ ਦੇ ਦਫ਼ਤਰ ਅੱਗੇ ਧਰਨਾ ਦਿੱਤਾ ਗਿਆ। ਇਸ ਦੌਰਾਨ ਖੇਤ ਮਜ਼ਦੂਰਾਂ ਨੇ ਸਰਕਾਰ ਦੀਆਂ ਕਿਸਾਨ-ਮਜ਼ਦੂਰ ਵਿਰੋਧੀ ਨੀਤੀਆਂ
ਨੂੰ ਕੋਸਿਆ।
ਖੇਤ ਮਜ਼ਦੂਰ ਆਗੂ ਅਤੇ ਜ਼ਿਲਾ ਸਕੱਤਰ ਤਰਸੇਮ ਖੁੰਡੇ ਹਲਾਲ ਨੇ ਧਰਨੇ ਨੂੰ ਸੰਬੋਧਨ ਕਰਦਿਆਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਖੁਦਕੁਸ਼ੀ ਪੀੜਤ ਮਜ਼ਦੂਰਾਂ ਅਤੇ ਕਿਸਾਨਾਂ ਦੇ ਪਰਿਵਾਰਾਂ ਨੂੰ ਸਰਕਾਰ ਵੱਲੋਂ ਐਲਾਨੀ ਮੁਆਵਜ਼ਾ ਰਾਸ਼ੀ 3 ਲੱਖ ਤੋਂ ਵਧਾ ਕੇ 10 ਲੱਖ ਰੁਪਏ ਕੀਤੀ ਜਾਵੇ ਤੇ ਇਹ ਮੁਆਵਜ਼ਾ ਰਾਸ਼ੀ ਤੁਰੰਤ ਜਾਰੀ ਕੀਤੀ ਜਾਵੇ, ਪੀੜਤ ਪਰਿਵਾਰ ਦੇ ਇਕ ਜੀਅ ਨੂੰ ਸਰਕਾਰੀ ਨੌਕਰੀ ਦਿੱਤੀ ਜਾਵੇ, ਜਗੀਰਦਾਰਾਂ, ਮਾਈਕਰੋ ਫਾਈਨਾਂਸ ਕੰਪਨੀਆਂ, ਸਨਅੱਤਕਾਰਾਂ ਅਤੇ ਸੂਦਖੋਰਾਂ ਨੂੰ ਦਿੱਤੇ ਜਾਂਦੇ ਸਸਤੀ ਦਰਾਂ ਦੇ ਕਰਜ਼ੇ ਖ਼ਤਮ ਕਰ ਕੇ ਉਨ੍ਹਾਂ ਨੂੰ ਸਮੁੱਚੀ ਆਮਦਨ ਦੇ ਘੇਰੇ ਵਿਚ ਲਿਆਂਦਾ ਜਾਵੇ, ਕੁਰਕੀਆਂ, ਨਿਲਾਮੀਆਂ ਅਤੇ ਗ੍ਰਿਫ਼ਤਾਰੀਆਂ ਬੰਦ ਕੀਤੀਆਂ ਜਾਣ, ਖੇਤੀ ਖੇਤਰ 'ਚੋਂ ਵਿਹਲੇ ਹੋਏ ਮਜ਼ਦੂਰਾਂ ਲਈ ਢੁੱਕਵੇਂ ਰੋਜ਼ਗਾਰ ਦਾ ਪ੍ਰਬੰਧ ਕੀਤਾ ਜਾਵੇ, ਮਨਰੇਗਾ ਸਕੀਮ ਦੇ ਬਕਾਏ ਤੁਰੰਤ ਜਾਰੀ ਕੀਤੇ ਜਾਣ, ਖੇਤ ਮਜ਼ਦੂਰਾਂ ਦੇ ਬੱਚਿਆਂ ਲਈ ਉਚੇਰੀ ਪੜ੍ਹਾਈ ਤੱਕ ਮੁਫ਼ਤ ਪ੍ਰਬੰਧ ਕੀਤਾ ਜਾਵੇ, ਸਰਕਾਰੀ ਥਰਮਲ ਪਲਾਂਟਾਂ ਨੂੰ ਬੰਦ ਕਰਨ ਦਾ ਫੈਸਲਾ ਜਲਦ ਵਾਪਸ ਲਿਆ ਜਾਵੇ ਅਤੇ ਪੈਨਸ਼ਨਾਂ, ਸ਼ਗਨ ਸਕੀਮਾਂ ਤੇ ਸਕੂਲੀ ਵਜ਼ੀਫ਼ਿਆਂ ਦੇ ਬਕਾਏ ਜਾਰੀ ਕੀਤੇ ਜਾਣ। ਧਰਨੇ ਉਪਰੰਤ ਆਗੂਆਂ ਨੇ ਵਿਭਾਗ ਦੇ ਅਧਿਕਾਰੀਆਂ ਨੂੰ ਮੰਗ-ਪੱਤਰ ਵੀ ਦਿੱਤਾ।
ਇਸ ਮੌਕੇ ਬਲਾਕ ਪ੍ਰਧਾਨ ਕਾਕਾ ਖੁੰਡੇ ਹਲਾਲ, ਜਗਸਰੀ ਲੱਖੇਵਾਲੀ, ਸੁਖਚੈਨ ਗੰਧੜ, ਪਾਲ ਭਾਗਸਰ, ਅਮਰੀਕ ਭਾਗਸਰ, ਕੁਲਦੀਪ ਖੋਖਰ, ਦਰਸ਼ਨ ਸਿੰਘ ਗੋਨਿਆਣਾ, ਸਿਮਰਜੀਤ ਕੌਰ ਖੁੰਡੇ ਹਲਾਲ, ਸਵਰਨਜੀਤ ਕੌਰ ਗੰਧੜ, ਇੰਦਰਜੀਤ ਸਿੰਘ ਲੱਖੇਵਾਲੀ, ਸੇਵਕ ਸਿੰਘ ਗੰਧੜ, ਮੱਘਰ ਸ਼ੇਰੇਵਾਲਾ, ਅਮਰਜੀਤ ਕੌਰ ਬਲੱਮਗੜ੍ਹ, ਹਰਦਮ ਸਿੰਘ, ਸੁਰਜੀਤ ਸਿੰਘ ਆਦਿ ਹਾਜ਼ਰ ਸਨ।
ਸ੍ਰੀ ਮੁਕਤਸਰ ਸਾਹਿਬ/ਮੰਡੀ ਲੱਖੇਵਾਲੀ, (ਪਵਨ, ਸੁਖਪਾਲ)-ਦਿਹਾਤੀ ਮਜ਼ਦੂਰ ਸਭਾ ਦੀ ਸੂਬਾ ਕਮੇਟੀ ਦੇ ਸੱਦੇ 'ਤੇ ਪੰਜਾਬ ਭਰ 'ਚ ਦਿੱਤੇ ਜਾ ਰਹੇ ਧਰਨਿਆਂ ਦੀ ਕੜੀ ਤਹਿਤ ਮੰਡੀ ਲੱਖੇਵਾਲੀ ਦੇ ਤਹਿਸੀਲ ਦਫ਼ਤਰ ਅੱਗੇ ਧਰਨਾ ਦਿੱਤਾ ਗਿਆ।
ਇਸ ਸਮੇਂ ਦਿਹਾਤੀ ਮਜ਼ਦੂਰ ਸਭਾ ਦੇ ਸੂਬਾ ਜੁਆਇੰਟ ਸਕੱਤਰ ਜਗਜੀਤ ਸਿੰਘ ਜੱਸੇਆਣਾ, ਜ਼ਿਲਾ ਪ੍ਰਧਾਨ ਹਰਜੀਤ ਸਿੰਘ ਮਦਰੱਸਾ, ਜ਼ਿਲਾ ਵਿੱਤ ਸਕੱਤਰ ਜਸਵਿੰਦਰ ਸਿੰਘ ਸੰਗੂਧੌਣ, ਜ਼ਿਲਾ ਆਗੂ ਕਰਮ ਸਿੰਘ ਮਦਰੱਸਾ ਨੇ ਪੰਜਾਬ ਦੀ ਕੈਪਟਨ ਸਰਕਾਰ ਵੱਲੋਂ ਮਜ਼ਦੂਰ ਮੰਗਾਂ ਪ੍ਰਤੀ ਅਪਣਾਈ ਬੇਰੁਖ਼ੀ ਦੀ ਨਿੰਦਾ ਕੀਤੀ।
ਉਨ੍ਹਾਂ ਕਿਹਾ ਕਿ ਚੋਣਾਂ ਸਮੇਂ ਝੂਠੇ ਵਾਅਦੇ ਕਰ ਕੇ ਸੱਤਾ ਵਿਚ ਆਈ ਕਾਂਗਰਸ ਸਰਕਾਰ ਨੇ ਮਜ਼ਦੂਰਾਂ ਦੇ ਕਰਜ਼ੇ ਮੁਆਫ਼ ਕਰਨ ਦੀ ਗੱਲ ਠੰਡੇ ਬਸਤੇ ਵਿਚ ਪਾ ਦਿੱਤੀ ਹੈ ਅਤੇ ਪਹਿਲਾਂ ਚੱਲਦੀਆਂ ਭਲਾਈ ਸਕੀਮਾਂ ਨੂੰ ਪੂਰੀ ਤਰ੍ਹਾਂ ਠੱਪ ਕਰ ਦਿੱਤਾ ਗਿਆ ਹੈ।
ਗਿੱਦੜਬਾਹਾ ਤੋਂ ਕੁਲਭੂਸ਼ਨ ਅਨੁਸਾਰ : ਪੰਜਾਬ ਖੇਤ ਮਜ਼ਦੂਰ ਯੂਨੀਅਨ ਵੱਲੋਂ ਅੱਜ ਰਾਜਾ ਸਿੰਘ ਖੁੰਨਣ ਖੁਰਦ ਅਤੇ ਬਾਜ ਸਿੰਘ ਭੁੱਟੀਵਾਲਾ ਦੀ ਅਗਵਾਈ ਹੇਠ ਬਲਾਕ ਵਿਕਾਸ ਅਤੇ ਪੰਚਾਇਤ ਦਫ਼ਤਰ ਦੇ ਬਾਹਰ ਆਪਣੀਆਂ ਮੰਗਾਂ ਨੂੰ ਲੈ ਕੇ ਧਰਨਾ ਦਿੱਤਾ ਗਿਆ ਅਤੇ ਸਰਕਾਰ ਖਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਕੀਤੀ ਗਈ।
ਧਰਨੇ ਨੂੰ ਸੰਬੋਧਨ ਕਰਦਿਆਂ ਵੱਖ-ਵੱਖ ਆਗੂਆਂ ਨੇ ਕੈਪਟਨ ਸਰਕਾਰ 'ਤੇ ਕਿਸਾਨ ਵਿਰੋਧੀ ਹੋਣ ਦੇ ਦੋਸ਼ ਲਾਏ। ਉਨ੍ਹਾਂ ਕਿਹਾ ਕਿ ਖੇਤ ਮਜ਼ਦੂਰਾਂ ਨੂੰ ਪੰਜਾਬ ਦੀ ਕੈਪਟਨ ਸਰਕਾਰ ਨੇ ਅੱਖੋਂ-ਪਰੋਖੇ ਕੀਤਾ ਹੋਇਆ ਹੈ ਅਤੇ ਚੋਣਾਂ ਸਮੇਂ ਕੀਤੇ ਵਾਅਦਿਆਂ ਤੋਂ ਕੈਪਟਨ ਸਰਕਾਰ ਪੂਰੀ ਤਰ੍ਹਾਂ ਭੱਜ ਚੁੱਕੀ ਹੈ। ਇਸ ਦੀ ਮਿਸਾਲ ਕੈਪਟਨ ਸਰਕਾਰ ਨੇ ਮਜ਼ਦੂਰਾਂ ਨੂੰ ਕਰਜ਼ਾ ਮੁਆਫ਼ੀ ਤੋਂ ਬਾਹਰ ਰੱਖ ਕੇ ਦਿੱਤੀ ਹੈ। ਇਸ ਦੌਰਾਨ ਮਜ਼ਦੂਰ ਯੂਨੀਅਨ ਵੱਲੋਂ ਬਲਾਕ ਵਿਕਾਸ ਅਤੇ ਪੰਚਾਇਤ ਅਫ਼ਸਰ ਨੂੰ ਬੇਘਰੇ ਮਜ਼ਦੂਰਾਂ ਨੂੰ ਪਲਾਟਾਂ ਲਈ ਅਰਜ਼ੀਆਂ ਵੀ ਦਿੱਤੀਆਂ ਗਈਆਂ। ਇਸ ਧਰਨੇ ਨੂੰ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਜ਼ਿਲਾ ਸੀਨੀਅਰ ਮੀਤ ਪ੍ਰਧਾਨ ਗੁਰਭਗਤ ਸਿੰਘ ਭਲਾਈਆਣਾ, ਕਾਲਾ ਸਿੰਘ ਖੁੰਨਣ ਖੁਰਦ, ਦਰਸ਼ਨ ਸਿੰਘ, ਮੰਦਰ ਸਿੰਘ, ਬੋਹੜ ਸਿੰਘ, ਗੁਰਦਾਸ ਸਿੰਘ, ਜਸਪ੍ਰੀਤ ਸਿੰਘ, ਦੀਪਾ ਸਿੰਘ, ਸਰਬਜੀਤ ਕੌਰ, ਪ੍ਰਕਾਸ਼ ਸਿੰਘ, ਗੁਰਜੰਟ ਸਿੰਘ, ਜੀਤ ਸਿੰਘ ਦੋਦਾ ਆਦਿ ਨੇ ਸੰਬੋਧਨ ਕੀਤਾ।
ਕੋਟਕਪੂਰਾ ਤੋਂ ਨਰਿੰਦਰ ਅਨੁਸਾਰ : ਦਿਹਾਤੀ ਮਜ਼ਦੂਰ ਸਭਾ ਵੱਲੋਂ ਸੂਬਾ ਕਮੇਟੀ ਦੇ ਸੱਦੇ 'ਤੇ ਕੋਟਕਪੂਰਾ ਦੇ ਬੀ. ਡੀ. ਪੀ. ਓ. ਦੇ ਦਫਤਰ ਅੱਗੇ ਧਰਨਾ ਦਿੱਤਾ ਗਿਆ, ਜਿਸ 'ਚ ਵੱਡੀ ਗਿਣਤੀ ਵਿਚ ਮਰਦ ਅਤੇ ਔਰਤ ਮਜ਼ਦੂਰਾਂ ਨੇ ਹਿੱਸਾ ਲਿਆ।
ਇਸ ਮੌਕੇ ਗੁਰਤੇਜ ਹਰੀ ਨੌ ਜ਼ਿਲਾ ਸਕੱਤਰ ਦਿਹਾਤੀ ਮਜ਼ਦੂਰ ਸਭਾ ਅਤੇ ਜ਼ਿਲਾ ਆਗੂ ਗੁਰਚੇਤ ਸਿੰਘ ਨੇ ਕਿਹਾ ਕਿ ਪੰਜਾਬ ਦੀ ਕਾਂਗਰਸ ਸਰਕਾਰ ਪਿਛਲੀ ਅਕਾਲੀ-ਭਾਜਪਾ ਸਰਕਾਰ ਦੀ ਤਰਜ਼ 'ਤੇ ਹੀ ਮਜ਼ਦੂਰਾਂ ਨਾਲ ਮਤਰੇਈ ਮਾਂ ਵਾਲਾ ਸਲੂਕ ਕਰ ਰਹੀ ਹੈ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਚੋਣਾਂ ਦੌਰਾਨ ਮਜ਼ਦੂਰਾਂ ਨਾਲ ਕੀਤੇ ਵਾਅਦੇ ਪੂਰੀ ਤਰ੍ਹਾਂ ਵਿਸਾਰ ਦਿੱਤੇ ਹਨ।
ਉਨ੍ਹਾਂ ਕਿਹਾ ਕਿ ਹਰ ਪਰਿਵਾਰ ਦੇ ਇਕ ਮੈਂਬਰ ਨੂੰ ਨੌਕਰੀ ਦੇਣ ਤੋਂ ਇਲਾਵਾ ਬੁਢਾਪਾ, ਵਿਧਵਾ ਅਤੇ ਆਸਰਿਤ ਪੈਨਸ਼ਨਾਂ ਦੀ ਰਕਮ ਵਿਚ ਵਾਧਾ ਕਰਨਾ ਅਤੇ ਮਨਰੇਗਾ ਮਜ਼ਦੂਰਾਂ ਦੀ ਬਕਾਇਆ ਰਹਿੰਦੀ ਰਾਸ਼ੀ ਦੇਣ ਵਰਗੇ ਵਾਅਦਿਆਂ ਨੂੰ ਸਰਕਾਰ ਨੇ ਪੂਰੀ ਤਰ੍ਹਾਂ ਭੁਲਾਅ ਦਿੱਤਾ ਹੈ।
ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇਕਰ ਸਰਕਾਰ ਨੇ ਇਨ੍ਹਾਂ ਮੰਗਾਂ ਵੱਲ ਤੁਰੰਤ ਧਿਆਨ ਨਾ ਦਿੱਤਾ ਤਾਂ ਆਉਣ ਵਾਲੇ ਸਮੇਂ 'ਚ ਸੰਘਰਸ਼ ਹੋਰ ਵੀ ਤੇਜ਼ ਕੀਤਾ ਜਾਵੇਗਾ। ਇਸ ਸਮੇਂ ਧਰਨੇ ਨੂੰ ਸੁਖਦੇਵ ਸਿੰਘ, ਜਸਵੰਤ ਸਿੰਘ, ਪਾਲ ਸਿੰਘ, ਬਹਾਦਰ ਸਿੰਘ ਖਾਰਾ, ਬਿੰਦਰ ਸਿੰਘ, ਗੁਰਮੀਤ ਸਿੰਘ ਆਦਿ ਨੇ ਸੰਬੋਧਨ ਕੀਤਾ।
