ਖੇਤ ਮਜ਼ਦੂਰ ਯੂਨੀਅਨ ਵੱਲੋਂ ਥਾਣੇ ਅੱਗੇ ਧਰਨਾ ਦੇਣ ਦਾ ਐਲਾਨ
Friday, Feb 16, 2018 - 11:01 AM (IST)
ਸ੍ਰੀ ਮੁਕਤਸਰ ਸਾਹਿਬ (ਪਵਨ, ਦਰਦੀ) - ਪਿੰਡ ਖੁੰਡੇ ਹਲਾਲ ਦੀਆਂ ਦਲਿਤ ਖੇਤ ਮਜ਼ਦੂਰ ਔਰਤਾਂ ਖਿਲਾਫ ਪਿੰਡ ਦੇ ਨੰਬਰਦਾਰ ਵੱਲੋਂ ਅਪਸ਼ਬਦ ਬੋਲਣ ਅਤੇ ਝੂਠੀ ਅਰਜ਼ੀ ਦੇਣ ਦੇ ਮਾਮਲੇ 'ਤੇ 'ਪੰਜਾਬ ਖੇਤ ਮਜ਼ਦੂਰ ਯੂਨੀਅਨ' ਜ਼ਿੰਮੇਵਾਰ ਵਿਅਕਤੀਆਂ ਖਿਲਾਫ ਮਾਮਲਾ ਦਰਜ ਕਰਨ ਦੀ ਮੰਗ ਕਰ ਰਹੇ ਹਨ।
ਇਸ ਸਬੰਧੀ ਖੇਤ ਮਜ਼ਦੂਰ ਯੂਨੀਅਨ ਦਾ ਇਕ ਵਫ਼ਦ ਤਰਸੇਮ ਸਿੰਘ ਖੁੰਡੇ ਹਲਾਲ ਅਤੇ ਕਾਕਾ ਸਿੰਘ ਖੁੰਡੇ ਹਲਾਲ ਦੀ ਅਗਵਾਈ ਹੇਠ ਜ਼ਿਲਾ ਪੁਲਸ ਮੁਖੀ ਸੁਸ਼ੀਲ ਕੁਮਾਰ ਨੂੰ ਮਿਲਿਆ। ਵਫ਼ਦ ਨੇ ਦੱਸਿਆ ਕਿ ਪਰਮਜੀਤ ਕੌਰ ਤੇ ਜੁਗਿੰਦਰ ਕੌਰ ਆਮ ਦੀ ਤਰ੍ਹਾਂ ਖੇਤਾਂ 'ਚੋਂ ਪੱਠੇ ਵੱਢ ਕੇ ਲਿਆਈਆਂ ਸਨ ਪਰ ਪਿੰਡ ਦੇ ਨੰਬਰਦਾਰ ਹਰਨੇਕ ਸਿੰਘ ਨੇ ਕਥਿਤ ਤੌਰ 'ਤੇ ਉਨ੍ਹਾਂ ਨੂੰ ਬੁਰਾ ਭਲਾ ਕਹਿੰਦਿਆਂ ਦੋਸ਼ ਲਾਇਆ ਕਿ ਇਨ੍ਹਾਂ ਔਰਤਾਂ ਨੇ ਉਸ ਦੀ ਕਣਕ ਵੱਢ ਲਈ ਹੈ। ਜਦੋਂ ਪਿੰਡ ਦੇ ਲੋਕਾਂ ਨੇ ਮੌਕੇ 'ਤੇ ਹੀ ਪੱਠੇ ਫਰੋਲੇ ਤਾਂ ਉਸ 'ਚੋਂ ਕਣਕ ਦਾ ਕੋਈ ਬੂਟਾ ਨਹੀਂ ਮਿਲਿਆ। ਇਸ 'ਤੇ ਖੇਤ ਮਜ਼ਦੂਰ ਯੂਨੀਅਨ ਨੇ ਇਹ ਮਾਮਲਾ ਥਾਣਾ ਲੱਖੇਵਾਲੀ ਦੀ ਪੁਲਸ ਦੇ ਧਿਆਨ 'ਚ ਲਿਆਉਂਦਿਆਂ ਨੰਬਰਦਾਰ ਖਿਲਾਫ ਕਾਰਵਾਈ ਕਰਨ ਦੀ ਮੰਗ ਕੀਤੀ।
ਨੰਬਰਦਾਰ ਨੇ ਆਪਣਾ ਪੱਖ ਮਜ਼ਬੂਤ ਕਰਨ ਲਈ ਪਿੰਡ ਦੇ ਹੀ ਇਕ ਕਿਸਾਨ ਬਲਵਿੰਦਰ ਸਿੰਘ ਕੋਲੋਂ ਝੂਠੀ ਅਰਜ਼ੀ ਦਿਵਾ ਦਿੱਤੀ, ਜਿਸ 'ਤੇ ਪੁਲਸ ਨੇ ਮਜ਼ਦੂਰ ਔਰਤਾਂ ਨੂੰ ਸੱਦ ਲਿਆ। ਖੇਤ ਮਜ਼ਦੂਰ ਯੂਨੀਅਨ ਨੇ ਇਸ ਦਾ ਵਿਰੋਧ ਕਰਦਿਆਂ ਅੱਜ ਐੱਸ. ਐੱਸ. ਪੀ. ਕੋਲੋਂ ਮੰਗ ਕੀਤੀ ਕਿ ਅਸਲ 'ਚ ਨੰਬਰਦਾਰ ਤੇ ਬਲਵਿੰਦਰ ਸਿੰਘ ਨੇ ਸਾਜ਼ਿਸ਼ ਕਰ ਕੇ ਖੇਤ ਮਜ਼ਦੂਰ ਔਰਤਾਂ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਹੈ। ਇਸ ਲਈ ਉਨ੍ਹਾਂ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾਵੇ। ਐੱਸ. ਐੱਸ. ਪੀ. ਨੇ ਵਫ਼ਦ ਨੂੰ ਭਰੋਸਾ ਦਿੱਤਾ ਕਿ ਉਹ ਬਣਦੀ ਕਾਰਵਾਈ ਕਰਨਗੇ। ਯੂਨੀਅਨ ਨੇ ਚਿਤਾਵਨੀ ਦਿੱਤੀ ਹੈ ਕਿ ਜੇਕਰ ਔਰਤਾਂ ਦੀ ਬੇਇੱਜ਼ਤੀ ਕਰਨ ਵਾਲੇ ਜ਼ਿੰਮੇਵਾਰ ਲੋਕਾਂ ਖਿਲਾਫ ਕਾਰਵਾਈ ਨਾ ਕੀਤੀ ਗਈ ਤਾਂ ਉਹ ਥਾਣਾ ਲੱਖੇਵਾਲੀ ਅੱਗੇ ਧਰਨਾ ਦੇਣਗੇ।