ਕੁਲਹਿੰਦ ਕਿਸਾਨ ਮਜ਼ਦੂਰ ਸਭਾ ਵੱਲੋਂ ਨਾਅਰੇਬਾਜ਼ੀ
Tuesday, Jul 31, 2018 - 01:36 AM (IST)

ਮੋਗਾ, (ਗੋਪੀ ਰਾਊਕੇ)- ਕੁਲਹਿੰਦ ਕਿਸਾਨ ਮਜ਼ਦੂਰ ਸਭਾ ਵੱਲੋਂ ਅੱਜ ਆਪਣੀਆਂ ਲਟਕਦੀਆਂ ਮੰਗਾਂ ਨੂੰ ਲੈ ਕੇ ਕਿਰਤੀ ਕਿਸਾਨ ਯੂਨੀਅਨ ਅਤੇ ਪੇਂਡੂ ਮਜ਼ਦੂਰ ਯੂਨੀਅਨ ਦੇ ਨਾਲ ਕੇਂਦਰ ਅਤੇ ਪੰਜਾਬ ਸਰਕਾਰ ਖਿਲਾਫ ਜ਼ਿਲਾ ਪ੍ਰਬੰਧਕੀ ਕੰਪਲੈਕਸ ਦੇ ਮੂਹਰੇ ਧਰਨਾ ਲਾ ਕੇ ਨਾਅਰੇਬਾਜ਼ੀ ਕੀਤੀ। ਧਰਨੇ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਨਿਰਭੈ ਸਿੰਘ ਨੇ ਕਿਹਾ ਕਿ ਬਾਹਰੀ ਰਾਜਾਂ ਤੇਲੰਗਨਾ, ਝਾਡ਼ਖੰਡ, ਉਡ਼ੀਸਾ, ਛਤੀਸਗਡ਼ ’ਚ ਆਦਿ ਵਾਸੀ ਲੋਕਾਂ ਨੂੰ ਉਨ੍ਹਾਂ ਦੀਆਂ ਜ਼ਮੀਨਾਂ ’ਚੋਂ ਉਜਾਡ਼ਿਆ ਜਾ ਰਿਹਾ ਹੈ ਅਤੇ ਉਨ੍ਹਾਂ ’ਤੇ ਤਸੱਦਦ ਕੀਤਾ ਜਾ ਰਿਹਾ ਹੈ, ਜਬਰਦਸਤੀ ਜੇਲਾਂ ’ਚ ਬੰਦ ਕੀਤਾ ਜਾ ਰਿਹਾ ਹੈ।
ਪੰਜਾਬ ’ਚ ਬਹੁਤ ਥਾਵਾਂ ’ਤੇ ਸੰਗਰੂਰ, ਪਟਿਆਲਾ ਜ਼ਿਲੇ ’ਚ ਵੀ ਕਿਸਾਨਾਂ, ਮਜ਼ਦੂਰਾਂ ਨੂੰ ਉਨ੍ਹਾਂ ਦੀਆਂ ਜ਼ਮੀਨਾਂ ’ਚੋਂ ਉਜਾਡ਼ਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਜੇਕਰ ਮਜ਼ਦੂਰਾਂ ਵੱਲੋਂ ਆਪਣੇ ਹਿੱਸੇ ਦੀ ਜ਼ਮੀਨ ਮੰਗੀ ਜਾ ਰਹੀ ਤਾਂ ਉਨ੍ਹਾਂ ’ਤੇ ਤਸੱਦਦ ਕਰਕੇ ਉਨ੍ਹਾਂ ਨੂੰ ਜੇਲਾਂ ’ਚ ਬੰਦ ਕੀਤਾ ਜਾ ਰਿਹਾ ਹੈ ਪਰ ਸੰਘਰਸ਼ ਕਮੇਟੀ ਵੱਲੋਂ ਸੰਘਰਸ਼ ਕਰਕੇ 50 ਪਿੰਡਾਂ ’ਚ ਤੀਸਰੇ ਹਿੱਸੇ ਦੀ ਜ਼ਮੀਨ ’ਤੇ ਘੱਟ ਰੇਟ ’ਤੇ ਜ਼ਮੀਨ ਠੇਕੇ ’ਤੇ ਲੲੀ ਹੈ ਅਤੇ ਇੰਨੇ ਵਿਚ ਹੀ ਪਿੰਡਾਂ ’ਚ ਸੰਘਰਸ਼ ਚੱਲ ਰਿਹਾ ਹੈ। ਉਨ੍ਹਾਂ ਕਿਹਾ ਕਿ ਜੇਕਰ ਜਲਦ ਉਨ੍ਹਾਂ ਦੀਆਂ ਮੰਗਾਂ ਦਾ ਹੱਲ ਨਾ ਹੋਇਆ ਤਾਂ ਉਹ ਸੰਘਰਸ਼ ਨੂੰ ਤਿੱਖਾ ਕਰਨ ਲਈ ਮਜ਼ਬੂਰ ਹੋਣਗੇ। ਇਸ ਮੌਕੇ ਪੇਂਡੂ ਮਜ਼ਦੂਰ ਯੂਨੀਅਨ ਜ਼ਿਲਾ ਪ੍ਰਧਾਨ ਬਲਦੇਵ ਸਿੰਘ, ਹਰਦੇਵ ਸਿੰਘ, ਛਿੰਦਰ ਸਿੰਘ, ਬਲਕਰਨ ਸਿੰਘ, ਲਖਵੀਰ ਸਿੰਘ, ਮੰਗਾ ਸਿੰਘ, ਬਲਕਾਰ ਸਿੰਘ ਸਮਾਲਸਰ, ਬਲਦੇਵ ਸਿੰਘ ਆਦਿ ਹਾਜ਼ਰ ਸਨ।
ਇਹ ਹਨ ਮੰਗਾਂ
* ਬਾਹਰੀ ਰਾਜਾਂ ਅਤੇ ਪੰਜਾਬ ’ਚ ਅਬਾਦਕਾਰ ਲੋਕਾਂ ਨੂੰ ਉਨ੍ਹਾਂ ਨੂੰ ਪੱਕੇ ਹੱਲ ਦਿੱਤੇ ਜਾਣ ਅਤੇ ਉਨ੍ਹਾਂ ’ਤੇ ਦਰਜ ਕੇਸ ਖਾਰਿਜ ਕੀਤੇ ਜਾਵੇ।
* ਮਜ਼ਦੂਰਾਂ ਦੇ ਬਿਜਲੀ ਦੇ ਕੱਟੇ ਕੁਨੈਕਸ਼ਨ ਜੋਡ਼ੇ ਜਾਣ।
* ਬਿਨਾਂ ਸ਼ਰਤ ਗਰੀਬ ਕਿਸਾਨਾਂ ਅਤੇ ਮਜ਼ਦੂਰਾਂ ਦੇ ਸਮੁੱਚੇ ਬਿੱਲ ਮੁਆਫ ਕੀਤੇ ਜਾਣ।
* ਜ਼ਰੂਰਤਮੰਦ ਮਜ਼ਦੂਰਾਂ ਨੂੰ ਰਿਹਾਇਸ਼ੀ ਪਲਾਟ ਦਿੱਤੇ ਜਾਣ।