ਮਲੇਸ਼ੀਆਂ ''ਚ ਫਰੀਦਕੋਟ ਦਾ ਨੌਜਵਾਨ ਲਾਪਤਾ, ਪਰਿਵਾਰ ਵੱਲੋਂ ਮਦਦ ਦੀ ਅਪੀਲ
Wednesday, Jan 03, 2018 - 03:22 PM (IST)
ਫਰੀਦਕੋਟ (ਜਗਤਾਰ) - ਪੰਜਾਬ ਵਿਚ ਬੇਰੁਜ਼ਗਾਰੀ ਦੇ ਚਲਦੇ ਨੌਜਵਾਨ ਬਾਹਰਲੇ ਦੇਸ਼ਾਂ 'ਚ ਜਾ ਰਹੇ ਹਨ ਅਤੇ ਕਈ ਵਾਰ ਰੋਜੀ ਰੋਟੀ ਦੀ ਭਾਲ ਵਿਚ ਵਿਦੇਸ਼ ਗਏ ਨੌਜਵਾਨ ਏਜੰਟਾਂ ਦੇ ਚੱਕਰਾਂ 'ਚ ਫਸ ਕੇ ਆਪਣੀ ਜਾਨ ਜੋਖਮ 'ਚ ਪਾ ਦਿੰਦੇ ਹਨ । ਅਜਿਹਾ ਹੀ ਇਕ ਮਾਮਲਾ ਫਰੀਦਕੋਟ ਜ਼ਿਲੇ ਦੇ ਪਿੰਡ ਬਿਸ਼ਨੰਦੀ ਦਾ ਹੈ, ਜਿੱਥੇ ਇਕ ਨੌਜਵਾਨ ਭਵਿੱਖ ਲਈ ਕੰਮ ਦੀ ਭਾਲ ਵਿਚ ਕਰੀਬ 4 ਸਾਲ ਪਹਿਲਾਂ ਮਲੇਸ਼ੀਆ ਗਿਆ ਸੀ, ਲਾਪਤਾ ਹੋ ਗਿਆ ਹੈ। ਉਸ ਨੂੰ ਵਾਪਸ ਲਿਆਉਣ ਲਈ ਉਸ ਦੇ ਪਰਿਵਾਰਕ ਮੈਂਬਰ ਸਰਕਾਰ ਤੋਂ ਮਦਦ ਦੀ ਗੁਹਾਰ ਲਗਾ ਰਹੇ ਹਨ । ਜਾਣਕਾਰੀ ਦਿੰਦੇ ਹੋਏ ਲਛਮਣ ਸਿੰਘ ਦੀ ਭੈਣ ਗੁਰਮੀਤ ਕੌਰ ਨੇ ਦੱਸਿਆ ਕਿ ਉਹ ਕੰਮ ਕਰਨ ਲਈ ਮਲੇਸ਼ੀਆ ਗਿਆ ਸੀ। ਕਰੀਬ 2 ਮਹੀਨੇ ਪਹਿਲਾ ਉਸ ਦਾ ਕੁਝ ਲੜਕਿਆਂ ਨਾਲ ਸੰਪਰਕ ਹੋਇਆ ਜੋ ਮਲੇਸ਼ੀਆ ਵਿਚ ਸਨ। ਉਨ੍ਹਾਂ ਨੇ ਕਿਹਾ ਕਿ ਲਛਮਣ ਸਿੰਘ ਦੀ ਦਿਮਾਗੀ ਹਾਲਤ ਠੀਕ ਨਹੀਂ, ਇਸ ਨੂੰ ਅਸੀਂ ਤੁਹਾਡੇ ਕੋਲ ਵਾਪਸ ਭਾਰਤ ਭੇਜ ਦੇਵਾਂਗੇ ਤੁਸੀਂ ਟਿਕਟ ਦੇ ਪੈਸੇ ਸਾਨੂੰ ਭੇਜ ਦਿਉ ਪਰ ਬਾਅਦ ਵਿਚ ਕਿਹਾ ਕਿ ਤੁਹਾਡਾ ਲੜਕਾ ਕੁਝ ਦਿਨ ਹੋਰ ਇਥੇ ਰਹੇਗਾ। ਗੁਰਮੀਤ ਕੌਰ ਦੱਸਿਆ ਕਿ ਇਹ ਲੜਕੇ ਉਸ ਦੇ ਭਰਾ ਨਾਲ ਬਹੁਤੀ ਗੱਲ ਨਹੀਂ ਸਨ ਕਰਵਾਉਂਦੇ ਅਤੇ ਇਕ ਦੋ ਮਿੰਟ ਵਿਚ ਗੱਲ ਕਰਵਾ ਕੇ ਫੋਨ ਬੰਦ ਕਰ ਦਿੰਦੇ।ਗੁਰਮੀਤ ਕੌਰ ਨੇ ਦੱਸਿਆ ਕਿ ਹੁਣ ਕਰੀਬ 5 ਦਿਨ ਪਹਿਲਾਂ ਇਨ੍ਹਾਂ ਲੜਕਿਆ ਨੇ ਕਿਹਾ ਕਿ ਲਛਮਣ ਸਿੰਘ ਰਾਤ ਸਮੇਂ ਕਿਤੇ ਚਲਾ ਗਿਆ ਹੈ । ਉਸ ਤੋਂ ਬਾਅਦ ਉਸ ਦਾ ਹੁਣ ਤੱਕ ਕੋਈ ਪਤਾ ਨਹੀਂ ਅਤੇ ਉਹ ਲੜਕੇ ਵੀ ਲਛਮਣ ਸਿੰਘ ਬਾਰੇ ਕੁਝ ਨਹੀਂ ਦੱਸ ਰਹੇ।ਪੀੜਤ ਦੀ ਭੈਣ ਨੇ ਸ਼ੱਕ ਪ੍ਰਗਟਾਇਆ ਕਿ ਹੋ ਸਕਦਾ ਹੈ ਕਿ ਇਨ੍ਹਾਂ ਲੜਕਿਆ ਨੇ ਲਛਮਣ ਨੂੰ ਬੰਦੀ ਬਣਾ ਕੇ ਰੱਖਿਆ ਹੈ ।ਇਸ ਮੌਕੇ ਉਨ੍ਹਾਂ ਨੇ ਸਰਕਾਰ ਤੋਂ ਮੰਗ ਕੀਤੀ ਕਿ ਲਛਮਣ ਨੂੰ ਮਲੇਸ਼ੀਆ 'ਚੋਂ ਲੱਭ ਕੇ ਵਾਪਸ ਭਾਰਤ ਲਿਆਂਦਾ ਜਾਵੇ, ਕਿਉਂਕਿ 16 ਦਸੰਬਰ 2017 ਨੂੰ ਲਛਮਣ ਦਾ ਪਾਸਪੋਰਟ ਐਕਸਪਾਇਰ ਹੋ ਗਿਆ ਹੈ।
ਇਸ ਮੌਕੇ ਗੱਲਬਾਤ ਕਰਦਿਆਂ ਪਿੰਡ ਵਾਸੀ ਪੱਪੂ ਸਿੰਘ ਨੇ ਕਿਹਾ ਕਿ ਉਨ੍ਹਾਂ ਦੇ ਪਿੰਡ ਦਾ ਲੜਕਾ ਜੋ ਗਰੀਬ ਪਰਿਵਾਰ ਨਾਲ ਸੰਬੰਧਤ ਹੈ, ਮਲੇਸ਼ੀਆ ਵਿਚ ਗਿਆ ਸੀ, ਲਾਪਤਾ ਹੋ ਗਿਆ ਹੈ।ਕੇਂਦਰ ਸਰਕਾਰ ਅਤੇ ਵਿਦੇਸ਼ ਮੰਤਰੀ ਸੁਸ਼ਮਾਂ ਸਵਰਾਜ ਤੋਂ ਮੰਗ ਕੀਤੀ ਕਿ ਉਕਤ ਗਰੀਬ ਪਰਿਵਾਰ ਦੀ ਮਦਦ ਕਰਕੇ ਮਲੇਸ਼ੀਆ ਵਿਚ ਲਾਪਤਾ ਨੌਜਵਾਨ ਲਛਮਣ ਸਿੰਘ ਨੂੰ ਲੱਭ ਕੇ ਭਾਰਤ ਵਾਪਸ ਉਸ ਦੇ ਪਰਿਵਾਰ ਨੂੰ ਸੌਪਿਆ ਜਾਵੇ।
