ਕਿਸਾਨਾਂ ਤੇ ਖੇਤ ਮਜ਼ਦੂਰਾਂ ਦੇ ਨੁਕਸਾਨ ਦਾ ਤੁਰੰਤ ਮੁਆਵਜ਼ਾ ਦੇਣ ਦੀ ਮੰਗ
Friday, Apr 19, 2019 - 10:01 AM (IST)
ਫਰੀਦਕੋਟ (ਪਵਨ/ਖੁਰਾਣਾ)- ਜ਼ਿਲਾ ਕੋ-ਆਪ੍ਰੇਟਿਵ ਰਿਟਾਇਰੀਜ਼ ਵੈੱਲਫੇਅਰ ਐਸੋਸੀਏਸ਼ਨ ਦੇ ਮੈਂਬਰਾਂ ਦੀ ਮਹੀਨਾਵਾਰ ਮੀਟਿੰਗ ਐਸੋਸੀਏਸ਼ਨ ਦੇ ਚੇਅਰਮੈਨ ਸੰਤੋਖ ਸਿੰਘ ਭੰਡਾਰੀ ਸੇਵਾ ਮੁਕਤ ਸੰਯੁਕਤ ਰਜਿਸਟਰਾਰ ਤੇ ਪ੍ਰਧਾਨ ਸੁਦਰਸ਼ਨ ਕੁਮਾਰ ਸਿਡਾਨਾ ਸੇਵਾ ਮੁਕਤ ਸਹਾਇਕ ਰਜਿਸਟਰਾਰ ਦੀ ਸਾਂਝੀ ਪ੍ਰਧਾਨਗੀ ਹੇਠ ਕੋਟਕਪੂਰਾ ਰੋਡ ਸਥਿਤ ਦਿ ਮੁਕਤਸਰ ਕੇਂਦਰੀ ਸਹਿਕਾਰੀ ਬੈਂਕ ਲਿਮਟਿਡ ਦੇ ਮੁੱਖ ਦਫ਼ਤਰ ਵਿਚ ਹੋਈ। ਮੀਟਿੰਗ ’ਚ ਸਹਿਕਾਰਤਾ ਵਿਭਾਗ ਤੇ ਸਹਿਕਾਰੀ ਅਦਾਰਿਆਂ ਦੇ ਸੇਵਾ ਮੁਕਤ ਅਤੇ ਸਰਵਿਸ ਕਰ ਰਹੇ ਮੁਲਾਜ਼ਮਾਂ ਦੇ ਮਸਲਿਆਂ ’ਤੇ ਵਿਚਾਰ-ਵਟਾਂਦਰਾ ਕੀਤਾ ਗਿਆ। ਬੁਲਾਰਿਆਂ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਸਾਲ 2018 ਅਤੇ ਜਨਵਰੀ 2019 ਦੀਆਂ ਰਹਿੰਦੀਆਂ ਮਹਿੰਗਾਈ ਭੱਤੇ ਦੀਆਂ ਤਿੰਨੇ ਕਿਸ਼ਤਾਂ ਤੁਰੰਤ ਜਾਰੀ ਕੀਤੀਆਂ ਜਾਣ, ਪੰਜਾਬ ਸਰਕਾਰ ਕੁੰਭਕਰਨੀ ਨੀਂਦ ਤੋਂ ਜਾਗ ਕੇ ਪੈਨਸ਼ਨਰਾਂ ਤੇ ਮੁਲਾਜ਼ਮਾਂ ਦਾ ਰਹਿੰਦਾ 22 ਮਹੀਨਿਆਂ ਦਾ ਬਕਾਇਆ ਜਾਰੀ ਕਰੇ, ਡਾਕਟਰੀ ਭੱਤਾ 500 ਰੁਪਏ ਤੋਂ ਵਧਾ ਕੇ ਘੱਟੋ-ਘੱਟ 2 ਹਜ਼ਾਰ ਰੁਪਏ ਪ੍ਰਤੀ ਮਹੀਨਾ ਦਿੱਤਾ ਜਾਵੇ ਆਦਿ। ਮੀਟਿੰਗ ’ਚ ਐਸੋਸੀਏਸ਼ਨ ਦੇ ਮੈਂਬਰ ਕੇਦਾਰ ਨਾਥ ਸਾਬਕਾ ਸੈਕਟਰੀ ਕਾਨਿਆਂਵਾਲੀ ਸਭਾ ਨੇ ਐਸੋਸੀਏਸ਼ਨ ਦੇ ਧਿਆਨ ’ਚ ਲਿਆਂਦਾ ਕਿ ਸਭਾ ਵੱਲ ਉਸ ਦੀ ਸਕਿਓਰਿਟੀ ਦੀ ਰਕਮ ਤੋਂ ਇਲਾਵਾ ਅਮਾਨਤ ਤੇ ਤਨਖਾਹ ਦੀ ਅਦਾਇਗੀ ਨਹੀਂ ਕੀਤੀ ਜਾ ਰਹੀ। ਇਸ ਲਈ ਲੋਡ਼ੀਂਦੀ ਕਾਰਵਾਈ ਕੀਤੀ ਜਾਵੇ। ਬੁਲਾਰਿਆਂ ਨੇ ਪਿਛਲੇ ਦਿਨਾਂ ’ਚ ਝੱਖਡ਼, ਤੁਫਾਨ ਅਤੇ ਮੀਂਹ ਕਾਰਨ ਕਿਸਾਨਾਂ ਤੇ ਖੇਤ ਮਜ਼ਦੂਰਾਂ ਦੇ ਹੋਏ ਨੁਕਸਾਨ ’ਤੇ ਚਿੰਤਾ ਪ੍ਰਗਟ ਕਰਦਿਆਂ ਪੰਜਾਬ ਸਰਕਾਰ ਨੂੰ ਬਣਦਾ ਯੋਗ ਮੁਆਵਜ਼ਾ ਪੀੜਤਾ ਨੂੰ ਦੇਣ ਦੀ ਮੰਗ ਕੀਤੀ। ਇਸ ਮੌਕੇ ਜਨਰਲ ਸਕੱਤਰ ਰਣਜੀਤ ਸਿੰਘ, ਸੁਰਜੀਤ ਸਿੰਘ ਕਪੂਰ, ਚੌਧਰੀ ਬਲਬੀਰ ਸਿੰਘ, ਮਲੂਕ ਸਿੰਘ ਬਰਾਡ਼, ਗੁਰਜੰਟ ਸਿੰਘ ਅਤੇ ਹਾਕਮ ਸਿੰਘ ਗਿੱਲ ਆਦਿ ਨੇ ਸੰਬੋਧਨ ਕੀਤਾ। ਇਸ ਸਮੇਂ ਜਸਕੌਰ ਸਿੰਘ ਸੇਵਾ ਮੁਕਤ ਮੈਨੇਜਰ, ਸੰਤੋਖ਼ ਸਿੰਘ, ਗੁਰਦੇਵ ਸਿੰਘ ਮਡ਼ਾਕ, ਕੇਵਲ ਕ੍ਰਿਸ਼ਨ ਬਹਿਲ, ਹਰਤੇਜ ਸਿੰਘ ਗੋਦਾਰਾ, ਸੁਭਾਸ਼ ਚਾਵਲਾ, ਪ੍ਰੀਤਮ ਸਿੰਘ ਚਾਵਲਾ, ਦਲੀਪ ਸਿੰਘ ਆਦਿ ਮੌਜੂਦ ਸਨ। ਮੰਚ ਸੰਚਾਲਨ ਸੇਵਾ ਮੁਕਤ ਸਕੱਤਰ ਰਣਜੀਤ ਸਿੰਘ ਨੇ ਕੀਤਾ।
