ਲੇਖਕ ਦਰਸ਼ਨ ਢੁੱਡੀ ਨੇ ਸੰਗੀਤ ਵਿਭਾਗ ਨੂੰ ਦਿੱਤੀ 15 ਹਜ਼ਾਰ ਦੀ ਵਿੱਤੀ ਸਹਾਇਤਾ

04/05/2019 4:38:50 AM

ਫਰੀਦਕੋਟ (ਜ. ਬ.)-ਸਰਕਾਰੀ ਸੀ. ਸੈ. ਸਕੂਲ ਢੁੱਡੀ ਦੇ ਸੰਗੀਤ ਵਿਭਾਗ ਵਿਚ ਇਕ ਸੰਗੀਤਕ ਪ੍ਰੋਗਰਾਮ ਕਰਵਾਇਆ ਗਿਆ, ਜਿਸ ’ਚ ਮੁੱਖ ਮਹਿਮਾਨ ਵਜੋਂ ਪ੍ਰਸਿੱਧ ਲੇਖਕ ਐੱਨ. ਆਰ. ਆਈ. ਦਰਸ਼ਨ ਸਿੰਘ ਸੰਘਾ ਸ਼ਾਮਲ ਹੋਏ। ਉਨ੍ਹਾਂ ਨੇ ਆਪਣੀ ਕਿਤਾਬ ‘ਕੱਤਿਆ ਕਰੂੰ ਤੇਰੀ ਰੂੰ’ ’ਚੋਂ ਕਈ ਬੋਲੀਆਂ ਤੇ ਗੀਤ ਬੱਚਿਆਂ ਨਾਲ ਸਾਂਝੇ ਕੀਤੇ। ਉਨ੍ਹਾਂ ਨੇ ਆਪਣੇ ਸਾਹਿਤਕ ਸਫਰ ਬਾਰੇ ਵਿਦਿਆਰਥੀਆਂ ਨੂੰ ਦੱਸਦਿਆਂ ਸਾਹਿਤ ਤੇ ਸੰਗੀਤ ਦੇ ਜੀਵਨ ’ਚ ਮਹੱਤਵ ’ਤੇ ਚਾਨਣਾ ਪਾਇਆ। ਉਨ੍ਹਾਂ ਦੇ ਕਈ ਗੀਤ ਵੱਡੇ ਫਨਕਾਰਾਂ ਜਿਵੇਂ ਕਿ ਗੁਰਦਾਸ ਮਾਨ, ਹਰਭਜਨ ਮਾਨ ਦੀਆਂ ਆਵਾਜ਼ਾਂ ’ਚ ਰਿਕਾਰਡ ਹੋਏ ਹਨ। ਉਨ੍ਹਾਂ ਨੇ ਢੁੱਡੀ ਸਕੂਲ ਦੇ ਸੰਗੀਤ ਵਿਭਾਗ ਦੀਆਂ ਪ੍ਰਾਪਤੀਆਂ ਤੋਂ ਖੁਸ਼ ਹੋ ਕੇ ਇਸ ਦੇ ਨਵੀਨੀਕਰਨ ਲਈ 15,000 ਰੁਪਏ ਦੀ ਨਕਦ ਸਹਾਇਤਾ ਕੀਤੀ। ਉਨ੍ਹਾਂ ਨੇ ਵਿਸ਼ਵਾਸ ਦਿਵਾਇਆ ਕਿ ਉਹ ਆਉਣ ਵਾਲੇ ਸਮੇਂ ’ਚ ਸਕੂਲ ਵਿਚ ਵਿਦਿਆਰਥੀਆਂ ਦੀ ਹਰ ਲੋਡ਼ ਨੂੰ ਪੂਰਾ ਕਰਨ ਲਈ ਹਮੇਸ਼ਾ ਯਤਨਸ਼ੀਲ ਰਹਿਣਗੇ। ਸਮਾਗਮ ’ਚ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਲ ਹੋਏ ਚਮਕੌਰ ਸਿੰਘ ਸੰਘਾ ਏ. ਐੱਸ. ਆਈ. ਪੰਜਾਬ ਪੁਲਸ ਅਤੇ ਕੰਵਲਜੀਤ ਸਿੰਘ ਢਿੱਲੋਂ ਏ. ਐੱਸ. ਆਈ. ਪੰਜਾਬ ਪੁਲਸ ਨੇ ਵੀ 5-5 ਹਜ਼ਾਰ ਰੁਪਏ ਆਪਣੀ ਜੇਬ ’ਚੋਂ ਸੰਗੀਤ ਵਿਭਾਗ ਨੂੰ ਭੇਟ ਕੀਤੇ। ਸੰਗੀਤ ਵਿਭਾਗ ਦੇ ਮੁਖੀ ਲੈਕਚਰਾਰ ਸੁਖਵਿੰਦਰ ਸਿੰਘ ਨੇ ਮਹਿਮਾਨਾਂ ਨੂੰ ਜੀ ਆਇਆਂ ਕਿਹਾ ਅਤੇ ਪ੍ਰਿੰ. ਰਵਿੰਦਰ ਸਿੰਘ ਬਰਾਡ਼ ਨੇ ਦਾਨੀ ਸੱਜਣਾਂ ਦਾ ਇਸ ਉਪਰਾਲੇ ਲਈ ਧੰਨਵਾਦ ਕੀਤਾ।

Related News