ਰੇਲ ਗੱਡੀ ’ਚੋਂ ਡਿੱਗਣ ਕਾਰਨ ਜ਼ਖ਼ਮੀ ਹੋਏ ਨੌਜਵਾਨ ਦੀ ਮੌਤ

03/26/2019 5:08:37 AM

ਫਰੀਦਕੋਟ (ਜੁਨੇਜਾ)-ਮਲੋਟ ਰੇਲਵੇ ਸਟੇਸ਼ਨ ’ਤੇ ਵਾਪਰੇ ਹਾਦਸੇ ’ਚ ਜ਼ਖ਼ਮੀ ਹੋਏ ਨੌਜਵਾਨ ਦੀ ਅੱਜ ਮੌਤ ਹੋ ਗਈ। ਪਲੇਟਫਾਰਮ ਨੀਵਾਂ ਹੋਣ ਕਰ ਕੇ ਥੋਡ਼੍ਹੇ ਸਮੇਂ ’ਚ ਇਹ ਦੂਜਾ ਹਾਦਸਾ ਵਾਪਰਿਆ ਹੈ। ਜਾਣਕਾਰੀ ਅਨੁਸਾਰ 32 ਸਾਲਾ ਸੰਨੀ ਕੁਮਾਰ ਇਕ ਮਿਊਂਸੀਪਲ ਕਮੇਟੀ ਦਾ ਮੁਲਾਜ਼ਮ ਮਲੋਟ ਰੇਲਵੇ ਸਟੇਸ਼ਨ ’ਤੇ ਆਪਣੀ ਭੈਣ ਨੂੰ ਛੱਡਣ ਗਿਆ ਸੀ। ਉਹ ਜਦੋਂ ਆਪਣੀ ਭੈਣ ਦਾ ਸਾਮਾਨ ਗੱਡੀ ਦੇ ਡੱਬੇ ’ਚ ਰੱਖ ਕੇ ਉੁਤਰਨ ਲੱਗਾ ਤਾਂ ਡਿੱਗ ਗਿਆ, ਜਿਸ ਕਾਰਨ ਉਸ ਦੀ ਲੱਤ ਕੱਟੀ ਗਈ। ਜ਼ਖ਼ਮੀ ਸੰਨੀ ਕੁਮਾਰ ਨੂੰ ਪਹਿਲਾਂ ਮਲੋਟ ਦੇ ਸਰਕਾਰੀ ਹਸਪਤਾਲ ਲਿਆਂਦਾ ਗਿਆ, ਜਿੱਥੋਂ ਉਸ ਨੂੰ ਬਠਿੰਡਾ ਰੈਫਰ ਕਰ ਦਿੱਤਾ ਪਰ ਰਸਤੇ ’ਚ ਉਸ ਦੀ ਮੌਤ ਹੋ ਗਈ। ਇਹ ਹਾਦਸਾ ਪਲੇਟਫਾਰਮ ਨੀਵਾਂ ਹੋਣ ਕਾਰਨ ਡੱਬੇ ’ਚੋਂ ਉਤਰਨ ਸਮੇਂ ਵਾਪਰਿਆ ਹੈ। ਜ਼ਿਕਰਯੋਗ ਹੈ ਕਿ ਮਲੋਟ ਰੇਲਵੇ ਸਟੇਸ਼ਨ ’ਤੇ ਪਲੇਟਫਾਰਮ ਨੀਵਾਂ ਹੋਣ ਕਰ ਕੇ ਜਿੱਥੇ ਬਜ਼ੁਰਗਾਂ ਤੇ ਔਰਤਾਂ ਨੂੰ ਰੇਲ ਗੱਡੀ ’ਤੇ ਚਡ਼੍ਹਨ-ਉਤਰਨ ਸਮੇਂ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ, ਉੱਥੇ ਹੀ ਕਈ ਵਾਰ ਯਾਤਰੀਆਂ ਦੇ ਡਿੱਗਣ ਨਾਲ ਅਕਸਰ ਹਾਦਸੇ ਵਾਪਰ ਜਾਂਦੇ ਹਨ ਪਰ ਥੋਡ਼੍ਹੇ ਸਮੇਂ ’ਚ ਇਹ ਦੂਜਾ ਵੱਡਾ ਹਾਦਸਾ ਹੈ। ਪਹਿਲਾ ਹਾਦਸਾ 26 ਅਗਸਤ ਨੂੰ 50 ਸਾਲਾ ਸਰੋਜ ਰਾਣੀ ਪਤਨੀ ਰਾਜ ਕੁਮਾਰ, ਜੋ ਆਪਣੇ ਭਰਾ ਨੂੰ ਰੱਖਡ਼ੀ ਬੰਨ੍ਹਣ ਚੱਲੀ ਸੀ, ਦੇ ਡਿੱਣ ਕਾਰਨ ਉਸ ਦੀ ਲੱਤ ਕੱਟੀ ਗਈ ਸੀ। ਭਾਜਪਾ ਮੰਡਲ ਦੇ ਪ੍ਰਧਾਨ ਸੋਮਨਾਥ ਕਾਲਡ਼ਾ ਨੇ ਰੇਲਵੇ ਵਿਭਾਗ ਤੋਂ ਮੰਗ ਕੀਤੀ ਹੈ ਕਿ ਉਹ ਲੋਕਾਂ ਦੀਆਂ ਮੁਸ਼ਕਲਾਂ ਨੂੰ ਧਿਆਨ ’ਚ ਰੱਖਦੇ ਹੋਏ ਇਸ ਪਲੇਟਫਾਰਮ ਨੂੰ ਲੰਬਾ ਅਤੇ ਉੱਚਾ ਕੀਤਾ ਜਾਵੇ।

Related News