'ਧੀ ਪੰਜਾਬ ਦੀ' ਖਿਤਾਬ ਲਈ ਪੰਜਾਬ ਦੀਆਂ 18 ਮੁਟਿਆਰਾਂ 'ਚ ਹੋਵੇਗੀ ਕਾਂਟੇਦਾਰ ਟੱਕਰ
Friday, Nov 22, 2019 - 11:50 AM (IST)
ਫ਼ਰੀਦਕੋਟ (ਜਸਬੀਰ ਕੌਰ) - ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਪ੍ਰਤੀ ਚੇਤੰਨਾ ਪੈਦਾ ਕਰਨ ਲਈ ਨੈਸ਼ਨਲ ਯੂਥ ਵੈੱਲਫ਼ੇਅਰ ਕਲੱਬ ਫ਼ਰੀਦਕੋਟ ਸਬੰਧਿਤ ਯੁਵਕ ਸੇਵਾਵਾਂ ਵਿਭਾਗ ਫ਼ਰੀਦਕੋਟ ਵਲੋਂ 19 ਵਾਂ ਰਾਜ ਸੱਭਿਆਚਾਰਕ ਮੁਕਾਬਲਾ 'ਧੀ ਪੰਜਾਬ ਦੀ' ਕਰਵਾਇਆ ਜਾ ਰਿਹਾ ਹੈ। ਇਹ ਮੁਕਾਬਲਾ 24 ਨਵੰਬਰ 2019 ਨੂੰ ਦੁਪਹਿਰ 3:00 ਵਜੇ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਫ਼ਰੀਦਕੋਟ ਦੇ ਸ਼ਾਨਦਾਰ ਆਡੀਟੋਰੀਅਮ 'ਚ ਕਰਵਾਇਆ ਜਾਵੇਗਾ। ਜਾਣਕਾਰੀ ਦਿੰਦਿਆਂ ਕਲੱਬ ਦੇ ਪ੍ਰਧਾਨ ਗੁਰਚਰਨ ਸਿੰਘ ਭੰਗੜਾ ਕੋਚ ਅਤੇ ਪ੍ਰੈੱਸ ਸਕੱਤਰ ਜਸਬੀਰ ਸਿੰਘ ਜੱਸੀ ਮੰਚ ਸੰਚਾਲਕ ਨੇ ਦੱਸਿਆ ਕਿ ਇਸ ਵਾਰ 'ਧੀ ਪੰਜਾਬ ਦੀ' ਖਿਤਾਬ ਲਈ ਪੰਜਾਬ ਦੇ ਵੱਖ-ਵੱਖ ਜ਼ਿਲਿਆਂ 'ਚੋਂ ਚਾਰ ਉਪ ਚੋਣ ਮੁਕਾਬਲਿਆਂ ਦੌਰਾਨ ਚੁਣੀਆਂ 18 ਪੰਜਾਬਣ ਮੁਟਿਆਰਾਂ 'ਚ ਕਾਂਟੇਦਾਰ ਟੱਕਰ ਹੋਵੇਗੀ।
ਉਨ੍ਹਾਂ ਦੱਸਿਆ ਕਿ ਫ਼ਾਈਨਲ ਮੁਕਾਬਲੇ 'ਚ ਪਹਿਲਾ ਸਥਾਨ ਕਰਨ ਵਾਲੀ ਪੰਜਾਬਣ ਮੁਟਿਆਰ ਨੂੰ ਸੋਨੇ ਦੀ ਸੱਗੀ, ਦੂਜੇ ਸਥਾਨ ਲਈ ਸੋਨੇ ਦੀ ਕੈਂਠੀ, ਤੀਜੇ ਸਥਾਨ ਲਈ ਸੋਨੇ ਦਾ ਟਿੱਕਾ ਦੇ ਨਾਲ-ਨਾਲ ਸੋਨੇ ਦਾ ਕੋਕਾ, ਫ਼ੁਲਕਾਰੀ, ਯਾਦਗਰੀ ਚਿੰਨ੍ਹ, ਪ੍ਰਮਾਣ ਪੱਤਰ ਦੇ ਕੇ ਸਨਮਾਨਿਤ ਕੀਤਾ ਜਾਵੇਗਾ। ਇਸ ਮੁਕਾਬਲੇ ਦੇ ਫ਼ਾਈਨਲ ਮੁਕਾਬਲੇ 'ਚ ਪਹੁੰਚਣ ਵਾਲੀ ਹਰੇਕ ਪੰਜਾਬਣ ਮੁਟਿਆਰ ਨੂੰ ਸੋਨੇ ਦਾ ਕੋਕਾ, ਪ੍ਰਮਾਣ ਪੱਤਰ ਅਤੇ ਯਾਦਗਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਜਾਵੇਗਾ।
ਇਸ ਦੌਰਾਨ ਪੰਜਾਬੀ ਗਾਇਕੀ 'ਚ ਸਾਫ਼ੇ ਸੁਥਰੇ ਗੀਤਾਂ ਨੂੰ ਜੋਸ਼ੀਲੇ ਅੰਦਾਜ਼ 'ਚ ਗਾਉਣ ਵਾਲੀ ਲੋਕ ਗਾਇਕ ਜਸਵਿੰਦਰ ਬਰਾੜ ਨੂੰ ਭਾਈ ਜਸਵੰਤ ਸਿੰਘ ਬਰਾੜ ਸ੍ਰੀ ਮੁਕਤਸਰ ਸਾਹਿਬ ਵਾਲਿਆਂ ਦੀ ਯਾਦ 'ਚ 'ਰੂਹ-ਏ-ਪੰਜਾਬ' ਪੁਰਸਕਾਰ ਨਾਲ ਸਨਮਾਨਿਤ ਕੀਤਾ ਜਾਵੇਗਾ। ਇਸ ਮੌਕੇ ਸੁਰੀਲੇ ਗਾਇਕ ਸਲੀਮ ਸਿੰਕਦਰ, ਕਾਮੇਡੀ ਕਲਾਕਾਰ ਮਿੰਟੂ ਜੱਟ ਉਰਫ਼ ਭਾਨਾ ਭਗੌੜਾ-ਜੀਤ ਪੈਂਚਰਾਂ ਵਾਲਾ (ਹੈੱਪੀ), ਗਾਇਕ ਦੀਪ ਗਿੱਲ, ਗਾਇਕ ਸੁਰਜੀਤ ਗਿੱਲ, ਗਾਇਕ ਸੁਖਵਿੰਦਰ ਸਾਰੰਗ ਸਰੋਤਿਆਂ ਦਾ ਮੰਨੋਰੰਜਨ ਕਰਨਗੇ।
'ਧੀ ਪੰਜਾਬ ਦੀ' ਫ਼ਾਈਨਲ ਮੁਕਾਬਲੇ 'ਚ ਪੂਨਮ ਰਾਣੀ, ਹਰਮਨਪ੍ਰੀਤ ਕੌਰ ਅਬੋਹਰ (ਫ਼ਾਜ਼ਲਿਕਾ), ਅਸ਼ਰਦੀਪ ਕੌਰ ਤਲਵੰਡੀ ਸਾਬੋ (ਬਠਿੰਡਾ), ਪੂਨਮ ਰਾਣੀ, ਰਜਨਦੀਪ ਕੌਰ ਸੁਨਾਮ (ਸੰਗਰੂਰ), ਗੁਰਪ੍ਰੀਤ ਕੌਰ, ਕਮਲਜੀਤ ਕੌਰ, ਗਗਨਦੀਪ ਕੌਰ ਤਿੰਨੇ ਮਾਨਸਾ, ਮਨੀਸ਼ਾ ਨਕੋਦਰ (ਜਲੰਧਰ), ਅਮਨਦੀਪ ਕੌਰ ਪਟਿਆਲਾ, ਸਤਿੰਦਰਦੀਪ ਕੌਰ ਸ਼੍ਰੀ ਮੁਕਤਸਰ ਸਾਹਿਬ, ਪੂਨਮ ਨਵਾਂ ਸ਼ਹਿਰ, ਆਯੂਸ਼ੀ ਕਾਮਰਾ, ਨਿਹਾਰਿਕਾ, ਬਨੀਤ ਕੌਰ ਤਿੰਨੇ ਫ਼ਿਰੋਜ਼ਪੁਰ, ਹਰਗੁਣਪ੍ਰੀਤ ਕੌਰ ਬਟਾਲਾ (ਗੁਰਦਾਸਪੁਰ), ਦਿਕਸ਼ਾ ਅਰੋੜਾ, ਗੁਰਸਿਮਰਨ ਕੌਰ ਦੋਹੇਂ ਫ਼ਰੀਦਕੋਟ ਭਾਗ ਲੈਣਗੀਆਂ।