ਲਾਵਾਰਿਸਾਂ ਬੱਚਿਆਂ ਲਈ ਵਰਦਾਨ ਸਾਬਤ ਹੋ ਰਿਹੈ ਫ਼ਰੀਦਕੋਟ ਚਾਈਲਡ ਲਾਈਨ ਸੈਂਟਰ

Sunday, Jul 25, 2021 - 09:43 PM (IST)

ਫ਼ਰੀਦਕੋਟ(ਰਾਜਨ)- ਉਹ ਬੱਚੇ ਜੋ ਆਪਣੀ ਨਾਦਾਨੀ ਜਾਂ ਮਾਤਾ ਪਿਤਾ ਦੀ ਅਣਗਹਿਲੀ ਦਾ ਸ਼ਿਕਾਰ ਹੋ ਕੇ ਅਕਸਰ ਰਾਸਤਾ ਭਟਕ ਕੇ ਲਾਵਾਰਿਸ ਹੋ ਜਾਂਦੇ ਹਨ ਦੀ ਭਲਾਈ ਲਈ ਰਾਜ ਵਿੱਚਲੇ ਮਹਿਲਾ ਅਤੇ ਬਾਲ ਵਿਕਾਸ ਮੰਤਰਾਲਾ ਦੇ ਸਹਿਯੋਗ ਨਾਲ ਚਲਾਏ ਜਾ ਰਹੇ ਸੰਚਾਲਿਤ ਨੈਚੁਰਲ ਕੇਅਰ ਚਾਈਲਡ ਲਾਈਨ ਸੈਂਟਰ ਕਿਸੇ ਵਰਦਾਨ ਤੋਂ ਘੱਟ ਸਾਬਤ ਨਹੀਂ ਹੋ ਰਹੇ ਹਨ। ਅਜਿਹਾ ਇੱਕ ਸੈਂਟਰ ਜੋ ਇਸ ਵੇਲੇ ਫ਼ਰੀਦਕੋਟ ਜ਼ਿਲ੍ਹਾ ਹੈੱਡਕੁਆਟਰ ’ਤੇ ਕਾਰਜਸ਼ੀਲ ਹੈ ਦੀ ਕੋਆਰਡੀਨੇਟਰ ਸੋਨੀਆ ਰਾਣੀ ਨੇ ਦੱਸਿਆ ਕਿ ਚਾਈਲਡ ਲਾਈਨ ਦੇ ਟੋਲਫਰੀ ਨੰਬਰ 1098 ’ਤੇ ਬੀਤੀ 24 ਜੁਲਾਈ ਨੂੰ ਪਿੰਡ ਬੁਰਜ ਮਸਤਾ ਦੇ ਸਰਪੰਚ ਸੁਸਪਾਲ ਸਿੰਘ ਨੇ ਜਦ ਇਹ ਜਾਣਕਾਰੀ ਦਿੱਤੀ ਕਿ ਪਿੰਡ ਦੀ ਜੂਹ ’ਚ ਇੱਕ 17 ਸਾਲ ਦੀ ਬੱਚੀ ਲਾਵਾਰਿਸ ਹਾਲਤ ਵਿੱਚ ਮਿਲੀ ਹੈ ਅਤੇ ਇਹ ਆਪਣੇ ਬਾਰੇ ਕੁਝ ਨਹੀਂ ਦੱਸ ਰਹੀ ਤਾਂ ਬਾਲ ਭਲਾਈ ਕਮੇਟੀ ਦੇ ਚੇਅਰਮੈਨ ਸ. ਸੁਖਦੇਵ ਸਿੰਘ ਸੱਗੂ ਨੂੰ ਜਾਣਕਾਰੀ ਦੇਣ ਉਪ੍ਰੰਤ ਟੀਮ ਮੈਂਬਰਾਂ ਨੇ ਪਿੰਡ ਬੁਰਜ ਮਸਤਾ ਪੁੱਜ ਕੇ ਬੱਚੀ ਨੂੰ ਆਪਣੀ ਹਿਫ਼ਾਜ਼ਤ ਵਿੱਚ ਲੈ ਲਿਆ। ਕੋਆਰਡੀਨੇਟਰ ਨੇ ਦੱਸਿਆ ਕਿ ਜਦ ਬੱਚੀ ਨੂੰ ਫ਼ਰੀਦਕੋਟ ਵਿਖੇ ਲਿਆ ਕੇ ਪੁੱਛ ਗਿੱਛ ਕੀਤੀ ਗਈ ਤਾਂ ਘਬਰਾਈ ਬੱਚੀ ਨੇ ਕੇਵਲ ਇਹ ਦੱਸਿਆ ਕਿ ਉਸਦੇ ਮਾਤਾ ਪਿਤਾ ਪਿੰਡ ਮਟਵਾਣੀ (ਮੋਗਾ) ’ਚ ਰਹਿੰਦੇ ਹਨ।
ਸੋਨੀਆ ਰਾਣੀ ਨੇ ਦੱਸਿਆ ਕਿ ਇਸ ਉਪ੍ਰੰਤ ਬੱਚੀ ਸਬੰਧੀ ਥਾਣਾ ਸਦਰ ਫ਼ਰੀਦਕੋਟ ਵਿਖੇ ਰਿਪੋਰਟ ਦਰਜ਼ ਕਰਵਾਉਣ ਤੋਂ ਬਾਅਦ ਅਜਿੱਤਵਾਲ ਥਾਣਾ ਪੁਲਸ ਨਾਲ ਸੰਪਰਕ ਕਰਕੇ ਪਿੰਡ ਮਟਵਾਣੀ ਦੇ ਸਰਪੰਚ ਨਾਲ ਸੰਪਰਕ ਕਰਕੇ ਬੱਚੀ ਦੇ ਪਰਿਵਾਰਕ ਮੈਂਬਰਾਂ ਨੂੰ ਬੱਚੀ ਬਾਰੇ ਜਾਣਕਾਰੀ ਦਿੱਤੀ ਗਈ ਅਤੇ ਇਸਤੋਂ ਬਾਅਦ ਚਾਈਲਡ ਲਾਈਨ ਟੀਮ ਮੈਬਰਾਂ ਵੱਲੋਂ ਬੱਚੀ ਨੂੰ ਮਟਵਾਣੀ ਵਿਖੇ ਲਿਜਾ ਕੇ ਸਾਰੀ ਕਾਗਜ਼ੀ ਕਾਰਵਾਈ ਮੁਕੰਮਲ ਕਰਵਾਉਣ ਉਪ੍ਰੰਤ ਸਰਪੰਚ ਦੀ ਹਾਜ਼ਰੀ ’ਚ ਉਸਦੇ ਪਰਿਵਾਰਕ ਮੈਂਬਰਾਂ ਸਪੁਰਦ ਕਰ ਦਿੱਤਾ ਗਿਆ। ਸੋਨੀਆ ਰਾਣੀ ਨੇ ਦੱਸਿਆ ਕਿ ਪਿਛਲੇ ਇੱਕ ਸਾਲ ਦੌਰਾਨ ਸੈਂਟਰ ਵੱਲੋਂ 24 ਦੇ ਕਰੀਬ ਲਾਵਾਰਿਸ ਹਾਲਤ ’ਚ ਮਿਲੇ ਬੱਚਿਆਂ ਨੂੰ ਉਹਨਾਂ ਦੇ ਵਾਰਿਸਾਂ ਹਵਾਲੇ ਕੀਤਾ ਜਾ ਚੁੱਕਾ ਹੈ।


Bharat Thapa

Content Editor

Related News