ਸਰਕਾਰੀ ਵਿਕਾਸ ਕਾਰਜਾਂ ਦੀ ਜਾਣਕਾਰੀ ਮੰਗਣੀ ਪਈ ਮਹਿੰਗੀ, ਚਾੜਿ੍ਆ ਕੁਟਾਪਾ
Monday, Nov 25, 2019 - 01:04 PM (IST)

ਫਰੀਦਕੋਟ (ਜਗਤਾਰ ਦੋਸਾਂਝ) - ਸ੍ਰੀ ਮੁਕਤਸਰ ਸਾਹਿਬ ਦੇ ਪਿੰਡ ਕਰਮ ਭੱਟੀ ਦੇ ਸ਼ਖਸ ਨੂੰ ਸਰਕਾਰੀ ਵਿਕਾਸ ਕਾਰਜਾਂ ਦੀ ਜਾਣਕਾਰੀ ਮੰਗਣੀ ਉਸ ਸਮੇਂ ਮਹਿੰਗੀ ਪੈ ਗਈ, ਜਦੋਂ ਇਸ ਮਾਮਲੇ ਦੇ ਸਬੰਧ ’ਚ ਕੁਝ ਲੋਕਾਂ ਨੇ ਉਸ ’ਤੇ ਹਮਲਾ ਕਰ ਦਿੱਤਾ। ਹਮਲੇ ਕਾਰਨ ਉਕਤ ਨੌਜਵਾਨ ਗੰਭੀਰ ਤੌਰ ’ਤੇ ਜ਼ਖਮੀ ਹੋ ਗਿਆ, ਜਿਸ ਨੂੰ ਇਲਾਜ ਲਈ ਹਸਪਤਾਲ ਦਾਖਲ ਕਰਵਾਇਆ ਗਿਆ। ਘਟਨਾ ਦੀ ਸੂਚਨਾ ਮਿਲਣ ’ਤੇ ਪੁੱਜੀ ਪੁਲਸ ਨੇ ਮਾਮਲਾ ਦਰਜ ਕਰਕੇ ਕਾਰਵਾਈ ਕਰਨੀ ਸ਼ੁਰੂ ਕਰ ਦਿੱਤੀ।
ਜਾਣਕਾਰੀ ਅਨੁਸਾਰ ਹਸਪਤਾਲ ਦੇ ਬਿਸਤਰ ’ਤੇ ਪਏ ਰਾਜਵਿੰਦਰ ਨੇ ਪੁਲਸ ਨੂੰ ਦੱਸਿਆ ਕਿ ਉਸ ਨੇ ਬੀ.ਜੇ.ਪੀ. ਸਰਕਾਰ ਦੇ ਕਾਰਜਕਾਲ ਦੌਰਾਨ ਸਰਕਾਰੀ ਵਿਕਾਸ ਕਾਰਜਾਂ 'ਚ ਹੋਏ ਭਾਰੀ ਘਪਲੇ ਬਾਰੇ ਜਾਣਕਾਰੀ ਆਰ.ਟੀ.ਆਈ ਤੋਂ ਮੰਗੀ ਸੀ। ਆਰ.ਟੀ.ਆਈ. ਵਲੋਂ ਕੋਈ ਜਾਣਕਾਰੀ ਨਾ ਮਿਲਣ 'ਤੇ ਉਸ ਨੇ ਹਾਈਕੋਰਟ 'ਚ ਪਟੀਸ਼ਨ ਦਾਇਰ ਕੀਤੀ ਸੀ, ਜਿਸ ਦੇ ਸਬੰਧ ’ਚ ਮਾਨਯੋਗ ਕੋਰਟ ਨੇ 6 ਹਫਤਿਆਂ ਦੇ ਅੰਦਰ-ਅੰਦਰ ਇਸ ਮਾਮਲੇ ਨਾਲ ਸੰਬੰਧਿਤ ਜਾਣਕਾਰੀ ਮੰਗੀ। ਇਸੇ ਗੱਲ ਤੋਂ ਨਾਰਾਜ਼ ਦਰਜਨ ਭਰ ਦੇ ਕਰੀਬ ਲੋਕਾਂ ਨੇ ਹਥਿਆਰਾਂ ਨਾਲ ਉਸ 'ਤੇ ਹਮਲਾ ਕਰ ਦਿੱਤਾ, ਜਿਸ ਕਾਰਨ ਰਾਜਵਿੰਦਰ ਗੰਭੀਰ ਤੌਰ ’ਤੇ ਜ਼ਖਮੀ ਹੋ ਗਿਆ।
ਦੱਸ ਦੇਈਏ ਕਿ ਪੀੜਤ ਰਾਜਵਿੰਦਰ ਨੇ ਸਾਬਕਾ ਅਕਾਲੀ ਸਰਪੰਚ ਅਤੇ ਉਸਦੇ ਪਤੀ 'ਤੇ ਹਮਲਾ ਕਰਨ ਦੇ ਦੋਸ਼ ਲਾਏ ਹਨ। ਦੂਜੇ ਪਾਸੇ ਇਸ ਮਾਮਲੇ ਦੀ ਜਾਂਚ ਕਰ ਰਹੀ ਪੁਲਸ ਨੇ ਮੁਲਜ਼ਮਾਂ ਖਿਲਾਫ ਮਾਮਲਾ ਦਰਜ ਕਰ ਲਿਆ ਹੈ, ਜਿਨ੍ਹਾ ’ਚੋਂ ਇਕ ਦੀ ਗ੍ਰਿਫਤਾਰੀ ਕੀਤੀ ਜਾ ਚੁੱਕੀ ਹੈ। ਫਿਲਹਾਲ, ਇਸ ਮਾਮਲੇ 'ਚ ਪੀੜਤ ਨੂੰ ਕਦ ਤੱਕ ਇਨਸਾਫ ਮਿਲਦਾ ਹੈ ਇਹ ਤਾਂ ਸਮਾਂ ਹੀ ਦੱਸੇਗਾ।