ਲਗਾਤਾਰ ਵੱਧ ਰਹੀ ‘ਧੁੰਦ-ਠੰਡ’ ਨੇ ਪਾਇਆ ‘ਸ਼ਿਮਲੇ ’ ਦਾ ਭੁਲੇਖਾ!

12/19/2019 6:01:20 PM

ਫ਼ਰੀਦਕੋਟ (ਹਾਲੀ) - ਮਾਲਵਾ ਖੇਤਰ ’ਚ ਲਗਾਤਾਰ ਪੈ ਰਹੀ ਭਾਰੀ ਠੰਡ ਨੇ ਜਿਥੇ ਜ਼ਿੰਦਗੀ ਨੂੰ ਬਰੇਕਾਂ ਲਗਾ ਦਿੱਤੀਆਂ ਹਨ, ਉਥੇ ਹੀ ਲੋਕਾਂ ਨੂੰ ਸ਼ਿਮਲਾ ਵਾਲੀ ਫ਼ੀਲਿੰਗ ਵੀ ਦੇਣੀ ਸ਼ੁਰੂ ਕਰ ਦਿੱਤੀ ਹੈ। ਮੌਸਮ ਵਿਭਾਗ ਅਨੁਸਾਰ ਵੀਰਵਾਰ ਦਾ ਦਿਨ ਫ਼ਰੀਦਕੋਟ ਦੇ ਇਤਿਹਾਸ ’ਚ ਪਹਿਲੀ ਵਾਰ ਇਨ੍ਹੀ ਠੰਡ ਪੈ ਰਹੀ ਹੈ, ਜਿਸ ਦਾ ਤਾਪਮਾਨ ਸ਼ਿਮਲਾ ਤੋਂ ਵੀ ਘੱਟ ਰਿਕਾਰਡ ਕੀਤਾ ਗਿਆ। ਇਸ ਕਰਕੇ ਕੰਮ ਕਰਨ ਵਾਲੇ ਅਤੇ ਦੋ ਡੰਗ ਦੀ ਰੋਟੀ ਦਾ ਵਸੀਲਾ ਬਣਾਉਣ ਵਾਲੇ ਲੋਕਾਂ ਲਈ ਇਹ ਠੰਢ ਵੱਡੀ ਮੁਸੀਬਤ ਬਣਨ ਲੱਗੀ ਹੈ।

ਅੱਜ ਕੱਲ ਪੈਣ ਲੱਗੀ ਭਾਰੀ ਠੰਡ ਕਾਰਨ ਮਜ਼ਦੂਰਾਂ ਲਈ ਨਵੀਂ ਬਿਪਤਾ ਪੈਦਾ ਹੋ ਗਈ ਹੈ। ਉਹ ਸਾਰਾ-ਸਾਰਾ ਦਿਨ ਕੰਮ ਦੀ ਭਾਲ ਵਿਚ ਸ਼ਹਿਰ ਦੇ ਵੱਖ-ਵੱਖ ਟਿਕਾਣਿਆਂ ’ਤੇ ਠੰਡ ਦੀ ਮਾਰ ਝੱਲਦਿਆਂ ਵਾਪਸ ਘਰਾਂ ਨੂੰ ਖਾਲੀ ਪਰਤ ਜਾਂਦੇ ਹਨ। ਉਨ੍ਹਾਂ ਦੇ ਚੁੱਲੇ ਠੰਡੇ ਹੋ ਰਹੇ ਹਨ। ਉਧਰ, ਭਾਰੀ ਸਰਦੀ ਕਾਰਣ ਬਾਜ਼ਾਰਾਂ ’ਚ ਰੌਣਕਾਂ ਨੂੰ ਠੱਲ੍ਹ ਪਈ ਹੋਈ ਹੈ, ਜਿਸ ਕਾਰਨ ਦੁਕਾਨਦਾਰਾਂ ਦਾ ਕੰਮ ਹੋ ਪ੍ਰਭਾਵਿਤ ਹੋ ਰਿਹਾ ਹੈ। ਸਬਜ਼ੀ ਅਤੇ ਫਲਾਂ ਦੀਆਂ ਦੁਕਾਨਾਂ ਅਤੇ ਰੇਹਡ਼ੀਆਂ ’ਤੇ ਆਮ ਨਾਲੋਂ ਗਾਹਕਾਂ ਦੀ ਗਿਣਤੀ ਘੱਟ ਹੈ। ਉਨ੍ਹਾਂ ਨੇ ਪਹਿਲਾਂ ਦੇ ਮੁਕਾਬਲੇ ਘੱਟ ਮਾਲ ਖਰੀਦਣਾ ਆਰੰਭ ਕੀਤਾ ਹੋਇਆ ਹੈ।  

ਸਰਦੀ ਕਾਰਨ ਸ਼ਹਿਰਾਂ ਤੇ ਪਿੰਡਾਂ ਦੇ ਸਕੂਲਾਂ ’ਚ ਵਿਦਿਆਰਥੀਆਂ ਦੀ ਗਿਣਤੀ ਪਹਿਲਾਂ ਦੇ ਮੁਕਾਬਲੇ ਘਟਣ ਲੱਗੀ ਹੈ। ਠੰਢ ਲੱਗਣ ਦੇ ਡਰੋਂ ਮਾਤਾ-ਪਿਤਾ ਆਪਣੇ ਨੰਨ੍ਹੇ ਬੱਚਿਆਂ ਨੂੰ ਸਕੂਲ ਭੇਜਣ ਤੋਂ ਗੁਰੇਜ਼ ਕਰ ਰਹੇ ਹਨ। ਮੂੰਗਫਲੀ ਵੇਚਣ ਵਾਲੇ ਦੁਕਾਨਦਾਰ ਦਾ ਕਹਿਣਾ ਕਿ ਹੁਣ ਸ਼ਹਿਰਾਂ ’ਚ ਵੱਡੇ ਮਾਲ ਅਤੇ ਵੱਡੇ ਗਾਹਕ ਕੇਂਦਰ ਖੁੱਲ੍ਹ ਗਏ ਹਨ। ਲੋਕ ਸੌਦਾ ਉਥੋਂ ਖਰੀਦ ਲੈਂਦੇ ਹਨ, ਜਿਸ ਕਾਰਨ ਉਨ੍ਹਾਂ ਦਾ ਸਾਮਾਨ ਅਣ-ਵਿਕਿਆ ਰਹਿਣ ਲੱਗਾ ਹੈ। ਉਨ੍ਹਾਂ ਕਿਹਾ ਕਿ ਪਿੰਡਾਂ ’ਚੋਂ ਲੋਕ ਘੱਟ ਸ਼ਹਿਰ ਆਉਣ ਲੱਗੇ ਹਨ, ਜਿਸ ਕਾਰਣ ਹੁਣ ਠੰਢ ਵਿਚ ਗਾਹਕੀ ਘਟੀ ਹੈ।


rajwinder kaur

Content Editor

Related News