ਫਰੀਦਕੋਟ ਜ਼ਿਲ੍ਹੇ ''ਚ ਲੁੱਟ ਦੀ ਵੱਡੀ ਵਾਰਦਾਤ, ਲੁਟੇਰੇ 3 ਲੱਖ ਤੋਂ ਵਧ ਦੀ ਨਕਦੀ ਲੈ ਕੇ ਫਰਾਰ

Friday, Jun 05, 2020 - 10:49 AM (IST)

ਫਰੀਦਕੋਟ ਜ਼ਿਲ੍ਹੇ ''ਚ ਲੁੱਟ ਦੀ ਵੱਡੀ ਵਾਰਦਾਤ, ਲੁਟੇਰੇ 3 ਲੱਖ ਤੋਂ ਵਧ ਦੀ ਨਕਦੀ ਲੈ ਕੇ ਫਰਾਰ

ਫ਼ਰੀਦਕੋਟ (ਰਾਜਨ): ਨਜ਼ਦੀਕੀ ਪਿੰਡ 'ਟਹਿਣਾ' ਵਿਖੇ ਇੰਡਸੈਂਡ ਬੈਂਕ ਦੀ ਬਰਾਂਚ 'ਚੋਂ ਬੀਤੇ ਦਿਨ ਪੰਜ ਦੇ ਕਰੀਬ ਨਕਾਬਪੋਸ਼ਾਂ ਵਲੋਂ ਬੈਂਕ ਕਰਮਚਾਰੀਆਂ ਨੂੰ ਹਥਿਆਰਾਂ ਦੀ ਨੋਕ 'ਤੇ ਬੰਦੀ ਬਣਾ ਕੇ ਕਰੀਬ ਸਾਢੇ ਤਿੰਨ ਲੱਖ ਰੁਪਏ ਦੇ ਕਰੀਬ ਨਕਦੀ ਲੁੱਟ ਕੇ ਲੈ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਮੁਤਾਬਕ ਇਸ ਤੋਂ ਇਲਾਵਾ ਇਹ ਲੁਟੇਰੇ ਜਾਂਦੇ ਸਮੇਂ ਪਿਸਤੌਲ ਦੀ ਨੋਕ 'ਤੇ ਬੈਂਕ ਦੀ ਕੈਸ਼ੀਅਰ ਮਹਿਲਾ ਕਰਮਚਾਰੀ ਦੀ ਗਲੇ ਦੀ ਸੋਨੇ ਦੀ ਚੇਨ ਅਤੇ ਅੰਗੂਠੀ ਤੋਂ ਇਲਾਵਾ ਬੈਂਕ ਕਰਮਚਾਰੀਆਂ ਦੇ 3 ਮੋਬਾਈਲ ਵੀ ਲੈ ਕੇ ਫ਼ਰਾਰ ਹੋ ਗਏ।ਬੈਂਕ ਦੀ ਕੈਸ਼ੀਅਰ ਵਰਿੰਦਰ ਕੌਰ ਮੁਤਾਬਕ ਦੁਪਿਹਰ 1 ਵਜੇ ਦੇ ਕਰੀਬ ਚਾਰ ਨਕਾਬਪੋਸ਼ ਬੈਂਕ ਅੰਦਰ ਆ ਗਏ ਜਦਕਿ ਪੰਜਵੇਂ ਨੇ ਬੈਂਕ ਦਾ ਸ਼ਟਰ ਬੰਦ ਕਰ ਦਿੱਤਾ।

ਉਸਨੇ ਦੱਸਿਆ ਕਿ ਇਨ੍ਹਾਂ ਲੁਟੇਰਿਆਂ ਨੇ ਆਉਣ ਸਾਰ ਹੀ ਪਿਸਤੌਲ ਦੀ ਨੋਕ 'ਤੇ ਮੁਲਾਜ਼ਮਾਂ ਨੂੰ ਬਾਥਰੂਮ 'ਚ ਬੰਦ ਕਰ ਦਿੱਤਾ ਅਤੇ ਉਸ ਨੂੰ ਲਾਕਰ ਖੋਲ੍ਹਣ ਲਈ ਕਿਹਾ ਕਿ ਜਿਸ 'ਤੇ ਲੁਟੇਰੇ 3 ਲੱਖ 43 ਹਜ਼ਾਰ ਦੀ ਨਕਦੀ, ਉਸਦੇ ਸੋਨੇ ਦੇ ਗਹਿਣੇ ਜਿਨ੍ਹਾਂ ਦੀ ਕੀਮਤ ਕਰੀਬ 1 ਲੱਖ ਬਣਦੀ ਸੀ ਤੋਂ ਇਲਾਵਾ ਕਰਮਚਾਰੀਆਂ ਦੇ ਮੋਬਾਇਲ ਵੀ ਲੈ ਗਏ। ਕੈਸ਼ੀਅਰ ਮੁਤਾਬਕ ਵਾਰਦਾਤ ਤੋਂ 1 ਘੰਟਾਂ ਪਹਿਲਾਂ ਇਨ੍ਹਾਂ 'ਚੋਂ ਇਕ ਵਿਅਕਤੀ ਬੈਂਕ ਵਿਚ ਆਇਆ ਸੀ ਅਤੇ ਉਸਨੇ ਬੈਂਕ ਦੇ ਏ.ਟੀ.ਐੱਮ ਬਾਰੇ ਵੀ ਜਾਣਕਾਰੀ ਮੰਗੀ ਸੀ। ਉਸਨੇ ਦੱਸਿਆ ਕਿ ਲੁਟੇਰੇ ਬੈਂਕ ਦੇ ਇਕ ਕਰਮਚਾਰੀ ਨੂੰ ਜ਼ਖਮੀ ਵੀ ਕਰ ਗਏ ਹਨ ਅਤੇ ਇਕ ਲੁਟੇਰੇ ਕੋਲ ਕਿਰਪਾਨ ਵੀ ਸੀ।
ਇਸ ਘਟਨਾ ਦੀ ਖਬਰ ਮਿਲਦਿਆਂ ਹੀ ਐੱਸ.ਪੀ ਸੇਵਾ ਸਿੰਘ ਮੱਲੀ ਅਤੇ ਡੀ. ਐੱਸ. ਪੀ. ਜਸਤਿੰਦਰ ਸਿੰਘ ਧਾਲੀਵਾਲ ਪੁਲਸ ਪਾਰਟੀ ਸਮੇਤ ਘਟਨਾਂ ਸਥਾਨ 'ਤੇ ਪੁੱਜ ਗਏ ਅਤੇ ਖਬਰ ਲਿਖੇ ਜਾਣ ਤੱਕ ਇਨ੍ਹਾਂ ਵਲੋਂ ਸਥਿਤੀ ਦਾ ਜਾਇਜ਼ਾ ਲੈ ਕੇ ਆਸ-ਪਾਸ ਲੱਗੇ ਸੀ. ਸੀ. ਟੀ. ਵੀ. ਕੈਮਰਿਆਂ ਦੀ ਫੁਟੇਜ ਖੰਗਾਲਣ ਦਾ ਕੰਮ ਜਾਰੀ ਸੀ। ਸੂਤਰਾਂ ਅਨੁਸਾਰ ਇਕ ਹਾਂਡਾ ਸਿਟੀ ਗੱਡੀ ਜੋ ਸ਼ਾਇਦ ਲੁਟੇਰਿਆਂ ਵਲੋਂ ਘਟਨਾਂ ਨੂੰ ਅੰਜ਼ਾਮ ਦੇਣ ਲਈ ਵਰਤੀ ਗਈ ਦੀ ਪੁਸ਼ਟੀ ਵੀ ਹੋ ਚੁੱਕੀ ਹੈ ਅਤੇ ਪੁਲਸ ਵਲੋਂ ਮਾਮਲੇ ਦੀ ਤਹਿ ਤੱਕ ਜਾਣ ਲਈ ਕਾਰਵਾਈ ਜਾਰੀ ਸੀ।


author

Shyna

Content Editor

Related News