ਬਾਬਾ ਫਰੀਦ ਲਾਅ ਕਾਲਜ ਦੀ ਲਵਪ੍ਰੀਤ ਬਣੀ ਜੱਜ, ਹਾਸਲ ਕੀਤਾ 5ਵਾਂ ਸਥਾਨ

02/17/2020 3:06:18 PM

ਫਰੀਦਕੋਟ (ਬਾਂਸਲ/ਜਸਬੀਰ ਸਿੰਘ)- ਪੰਜਾਬ-ਹਰਿਆਣਾ ਹਾਈ ਕੋਰਟ ਪੀ. ਸੀ. ਐੱਸ. ਜੁਡੀਸ਼ਰੀ ਸਾਲ 2020 ਦੇ ਐਲਾਨੇ ਨਤੀਜੇ ਅਨੁਸਾਰ ਬਾਬਾ ਫਰੀਦ ਲਾਅ ਕਾਲਜ ਦੀ ਵਿਦਿਆਰਥਣ ਲਵਪ੍ਰੀਤ ਕੌਰ ਬਰਾੜ ਪੁੱਤਰੀ ਸਵ. ਜਗਸੀਰ ਸਿੰਘ ਬਰਾੜ ਪੰਜਾਬ ’ਚੋਂ 5ਵਾਂ ਸਥਾਨ ਹਾਸਲ ਕਰਕੇ ਜੱਜ ਬਣ ਗਈ। ਲਵਪ੍ਰੀਤ ਕੌਰ ਨੇ ਇੰਟਰਵਿਊ ’ਚੋਂ ਪਹਿਲਾ ਸਥਾਨ ਹਾਸਲ ਕੀਤਾ, ਜਿਸ ਨਾਲ ਉਸ ਨੇ ਫਰੀਦਕੋਟ ਜ਼ਿਲੇ ਦਾ ਨਾਂ ਇਕੱਲੇ ਪੰਜਾਬ ’ਚ ਨਹੀਂ ਸਗੋਂ ਪੂਰੇ ਭਾਰਤ ’ਚ ਰੌਸ਼ਨ ਕਰ ਦਿੱਤਾ। ਇਸ ਮੌਕੇ ਲਵਪ੍ਰੀਤ ਕੌਰ ਬਰਾੜ ਨੇ ਲਾਅ ਕਾਲਜ ਵਿਖੇ ਸ਼ਿਰਕਤ ਕੀਤੀ, ਜਿਸ ਦੌਰਾਨ ਭਗਤ ਇੰਦਰਜੀਤ ਸਿੰਘ ਖਾਲਸਾ (ਚੇਅਰਮੈਨ), ਪ੍ਰਿੰਸੀਪਲ ਡਾ. ਵੀ. ਕੇ. ਬਖਸ਼ੀ, ਸੇਵਾਦਾਰ ਐਡਵੋਕੇਟ ਮਹੀਪ ਇੰਦਰ ਸਿੰਘ, ਸਮੂਹ ਟੀਚਿੰਗ, ਨਾਨ-ਟੀਚਿੰਗ ਸਟਾਫ ਅਤੇ ਵਿਦਿਆਰਥੀਆਂ ਵਲੋਂ ਲਵਪ੍ਰੀਤ ਦਾ ਨਿੱਘਾ ਸੁਆਗਤ ਕੀਤਾ ਗਿਆ।

ਇਸ ਉਪਰੰਤ ਲਵਪ੍ਰੀਤ ਕੌਰ ਨੂੰ ਵਿਸ਼ੇਸ਼ ਤੌਰ ’ਤੇ ਸਿਰੋਪਾਓ ਦੇ ਕੇ ਸਨਮਾਨਤ ਕੀਤਾ ਗਿਆ। ਐਡਵੋਕੇਟ ਮਹੀਪ ਇੰਦਰ ਸਿੰਘ ਨੇ ਦੱਸਿਆ ਕਿ ਲਵਪ੍ਰੀਤ ਕੌਰ ਨੇ ਆਪਣਾ ਬੀ. ਏ. ਐੱਲ. ਐੱਲ. ਬੀ (ਪੰਜ ਸਾਲਾ ਕੋਰਸ) ਪੂਰਾ ਕਰ ਕੇ ਕਾਲਜ ’ਚੋਂ ਪਹਿਲਾਂ ਸਥਾਨ ਹਾਸਲ ਕੀਤਾ, ਜਿਸ ਲਈ ਉਸ ਨੂੰ ਗੋਲਡ ਮੈਡਲ ਨਾਲ ਸਨਮਾਨਤ ਕੀਤਾ ਗਿਆ। ਦੱਸਣਯੋਗ ਹੈ ਕਿ ਉਸ ਨੂੰ ਕਾਲਜ ਵਲੋਂ 2019 ਵਿਚ ਡਿਸਟਿੰਕਸ਼ਨ ਐਵਾਰਡ ਨਾਲ ਸਨਮਾਨਤ ਕੀਤਾ ਗਿਆ। ਇਸ ਤੋਂ ਇਲਾਵਾ ਪ੍ਰਸ਼ਨੋਤਰੀ ਮੁਕਾਬਲਿਆਂ 2017 ਅਤੇ 2018 ’ਚ ਵੀ ਉਹ ਨੇ ਅੱਵਲ ਰਹੀ। ਉਸ ਨੇ ਸਕੂਲ ਅਤੇ ਕਾਲਜ ਪੱਧਰੀ ਮੁਕਾਬਲਿਆਂ ਵਿਚ ਵੱਧ-ਚੜ੍ਹ ਕੇ ਹਿੱਸਾ ਲਿਆ। ਅੰਤ ’ਚ ਬਾਬਾ ਫਰੀਦ ਸੰਸਥਾਵਾਂ ਦੇ ਮੁੱਖ ਸੇਵਾਦਾਰ ਭਗਤ ਇੰਦਰਜੀਤ ਸਿੰਘ ਖਾਲਸਾ ਨੇ ਲਵਪ੍ਰੀਤ ਕੌਰ ਨੂੰ ਵਧਾਈਆਂ ਦਿੱਤੀਆਂ।

ਇਸ ਮੌਕੇ ਕਾਲਜ ਦੇ ਪ੍ਰਿੰ. ਡਾ.ਵੀ.ਕੇ. ਬਖਸ਼ੀ ਨੇ ਲਵਪ੍ਰੀਤ ਕੌਰ ਬਰਾੜ ਨੂੰ ਮੁਬਾਰਕਬਾਦ ਦਿੰਦੇ ਹੋਏ ਕਿਹਾ ਕਿ ਉਨਾਂ ਦਾ ਜੱਜ ਬਣਨਾ ਹੋਰਨਾਂ ਵਿਦਿਆਰਥੀਆਂ ਲਈ ਇਕ ਪ੍ਰੇਰਨਾ ਸ੍ਰੋਤ ਹੈ। ਇਸ ਮੌਕੇ ਕੁਲਦੀਪ ਕੌਰ (ਪ੍ਰਿੰਸੀਪਲ ਬਾਬਾ ਫਰੀਦ ਪਬਲਿਕ ਸਕੂਲ), ਲਵਪ੍ਰੀਤ ਕੌਰ ਦੇ ਮਾਤਾ ਸੁਖਵਿੰਦਰਪਾਲ ਕੌਰ ਬਰਾੜ, ਉਨ੍ਹਾਂ ਦੇ ਚਾਚਾ ਅਮਨਪ੍ਰੀਤ ਸਿੰਘ ਹੈਪੀ ਬਰਾੜ, ਮਾਮਾ ਕੁਲਵਿੰਦਰ ਸਿੰਘ ਪ੍ਰਧਾਨ, ਉਨ੍ਹਾਂ ਦੇ ਭਰਾ ਰਮਨਪ੍ਰੀਤ ਸਿੰਘ ਬਰਾੜ, ਕੁਲਜੀਤ ਸਿੰਘ ਮੋਂਗੀਆ (ਕੈਸ਼ੀਅਰ ਬਾਬਾ ਫਰੀਦ ਸੰਸਥਾਵਾਂ), ਇੰਚਾਰਜ ਅਕੈਡਮਿਕ ਪੰਕਜ ਕੁਮਾਰ ਗਰਗ ਆਦਿ ਲੌਕ ਮੌਜੂਦ ਸਨ।


rajwinder kaur

Content Editor

Related News