ਚਾਈਨੀਜ਼ ਡੋਰ ਵੇਚਣ ਵਾਲੇ ਸੌਦਾਗਰਾਂ ਖਿਲਾਫ ਫਰੀਦਕੋਟ ਦੀ ਪੁਲਸ ਨੇ ਕੱਸਿਆ ਸ਼ਿਕੰਜਾ
Tuesday, Jan 28, 2020 - 04:07 PM (IST)
ਫਰੀਦਕੋਟ (ਜਗਤਾਰ) - ਜਾਨਲੇਵਾ ਚਾਈਨੀਜ਼ ਡੋਰ ਦੇ ਸੌਦਾਗਰ ਮਹਿਜ 500 ਤੋਂ 700 ਰੁਪਏ ਦੇ ਲਈ ਇਨਸਾਨੀ ਅਤੇ ਪੰਛੀਆਂ ਦੀ ਜਾਨ ਨਾਲ ਖਿਲਵਾੜ ਕਰਨ ਤੋਂ ਬਾਜ਼ ਨਹੀਂ ਆ ਰਹੇ। ਇਸ ਖਤਰਨਾਕ ਡੋਰ ਦੇ ਕਾਰਨ ਆਏ ਦਿਨ ਕਿਸੇ ਨਾ ਕਿਸੇ ਰਾਹਗੀਰ ਦੀ ਗਲਾ ਕੱਟ ਜਾਣ ਕਾਰਨ ਮੌਤ ਹੋ ਜਾਣ ਦੀ ਖਬਰ ਮਿਲ ਰਹੀ ਹੈ। ਫਰੀਦਕੋਟ ਦੀ ਪੁਲਸ ਅਜਿਹੇ ਸੌਦਾਗਰਾਂ ਨੂੰ ਬਖਸ਼ਣ ਦੇ ਮੂਡ ’ਚ ਨਹੀਂ। ਇਸੇ ਕਰਕੇ ਪੁਲਸ ਬੰਸਤ ਤੋਂ ਪਹਿਲਾਂ ਚਾਈਨੀਜ਼ ਡੋਰ ਵੇਚਣ ਦੇ ਸੌਦਾਗਰਾਂ ਨੂੰ ਗਿ੍ਫਤਾਰ ਕਰਨ ਦਾ ਕੰਮ ਕਰ ਰਹੀ ਹੈ। ਜਾਣਕਾਰੀ ਅਨੁਸਾਰ ਫਰੀਦਕੋਟ ਦੀ ਪੁਲਸ ਨੇ ਗੁਪਤ ਸੂਚਨਾ ਦੇ ਆਧਾਰ ’ਤੇ ਇਕ ਦੁਕਾਨ ਦੀ ਛਾਪੇਮਾਰੀ ਕਰਦੇ ਹੋਏ ਵੱਡੀ ਮਾਤਰਾ ’ਚ ਚਾਈਨੀਜ਼ ਡੋਰ ਦੇ ਬੰਡਲ ਬਰਾਮਦ ਕਰਨ ਦੇ ਨਾਲ-ਨਾਲ 2 ਲੋਕਾਂ ਨੂੰ ਕਾਬੂ ਕੀਤਾ ਹੈ। ਬਰਾਮਦ ਹੋਈ ਡੋਰ ਦੀ ਕੀਮਤ ਪੁਲਸ ਵਲੋਂ 50 ਹਜ਼ਾਰ ਰੁਪਏ ਦੱਸੀ ਜਾ ਰਹੀ ਹੈ।
ਪੱਤਰਕਾਰ ਨਾਲ ਗੱਲਬਾਤ ਕਰਦੇ ਹੋਏ ਐੱਸ.ਐੱਚ.ਓ. ਰਾਜਬੀਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੇ ਗੁਪਤ ਸੂਚਨਾ ਦੇ ਆਧਾਰ ’ਤੇ ਚਾਈਨੀਜ਼ ਡੋਰ ਵੇਚਣ ਵਾਲੇ 2 ਲੋਕਾਂ ਨੂੰ ਕਾਬੂ ਕੀਤਾ ਹੈ। ਇਕ ਮੁਲਜ਼ਮ ਤੋਂ ਉਨ੍ਹਾਂ ਨੂੰ 87 ਬੰਡਲ, ਜਦਕਿ ਦੂਜੇ ਮੁਲਜ਼ਮ ਤੋਂ ਉਨ੍ਹਾਂ ਨੂੰ 3 ਬੰਡਲ ਬਰਾਮਦ ਹੋਏ ਹਨ, ਜਿਸ ਦੇ ਤਹਿਤ ਉਕਤ ਮੁਲਜ਼ਮਾਂ ਖਿਲਾਫ ਮਾਮਲਾ ਦਰਜ ਕਰ ਦਿੱਤਾ ਗਿਆ ਹੈ।