ਮਾਨਸਿਕ ਪ੍ਰੇਸ਼ਾਨੀ 'ਚ ਪੱਖੇ ਨਾਲ ਫਾਹਾ ਲੈ ਕੇ ਕੀਤੀ ਖ਼ੁਦਕੁਸ਼ੀ

08/04/2020 10:58:38 AM

ਹੁਸ਼ਿਆਰਪੁਰ (ਅਮਰਿੰਦਰ): ਥਾਣਾ ਮਾਡਲ ਟਾਊਨ ਦੇ ਅਧੀਨ ਆਉਂਦੇ ਮੁਹੱਲਾ ਕਮਾਲਪੁਰ 'ਚ ਐਤਵਾਰ ਦੇਰ ਰਾਤ 10 ਵਜੇ ਦੇ ਕਰੀਬ 44 ਸਾਲਾ ਪ੍ਰਵੀਣ ਕੁਮਾਰ ਪੁੱਤਰ ਰਾਮਲਾਲ ਨੇ ਮਾਨਸਿਕ ਪ੍ਰੇਸ਼ਾਨੀ 'ਚ ਪੱਖੇ ਨਾਲ ਫਾਹਾ ਲਾ ਕੇ ਖ਼ੁਦਕੁਸ਼ੀ ਕਰ ਲਈ। ਪ੍ਰਵੀਣ ਕੁਮਾਰ ਨੂੰ ਫਾਹਾ ਲਾ ਕੇ ਲਟਕਦੇ ਵੇਖ ਘਰ ਦੇ ਲੋਕਾਂ ਦੀ ਚੀਕ-ਪੁਕਾਰ ਸੁਣ ਮੁਹੱਲੇ ਦੇ ਲੋਕ ਮੌਕੇ 'ਤੇ ਪਹੁੰਚੇ ਅਤੇ ਇਸਦੀ ਸੂਚਨਾ ਵਾਰਡ ਦੇ ਸਾਬਕਾ ਕੌਂਸਲਰ ਸੁਰੇਸ਼ ਭਾਟੀਆ ਬਿੱਟੂ ਨੂੰ ਦਿੱਤੀ। ਸੂਚਨਾ ਮਿਲਦੇ ਹੀ ਸੁਰੇਸ਼ ਭਾਟੀਆ ਬਿੱਟੂ ਮੁਹੱਲੇ ਦੇ ਲੋਕਾਂ ਨਾਲ ਪ੍ਰਵੀਣ ਨੂੰ ਲੈ ਕੇ ਸਿਵਲ ਹਸਪਤਾਲ ਪੁੱਜੇ, ਜਿੱਥੇ ਡਿਊਟੀ 'ਤੇ ਤਾਇਨਾਤ ਡਾਕਟਰ ਨੇ ਉਸਨੂੰ ਮ੍ਰਿਤਕ ਐਲਾਨ ਦਿੱਤਾ। ਸੂਚਨਾ ਮਿਲਦੇ ਹੀ ਥਾਣਾ ਮਾਡਲ ਟਾਊਨ ਵਿਚ ਤਾਇਨਾਤ ਸਬ-ਇੰਸਪੈਕਟਰ ਹੰਸ ਰਾਜ ਪੁਲਸ ਨਾਲ ਮੌਕੇ 'ਤੇ ਪੁੱਜੇ ਅਤੇ ਲਾਸ਼ ਨੂੰ ਪੋਸਟਮਾਰਟਮ ਲਈ ਲਾਸ਼ਘਰ ਵਿਚ ਰਖਵਾ ਕੇ ਮਾਮਲੇ ਦੀ ਜਾਂਚ ਵਿਚ ਜੁਟ ਗਏ।

ਆਰਥਿਕ ਸਮੱਸਿਆ ਕਾਰਨ ਸੀ ਪ੍ਰੇਸ਼ਾਨ : ਥਾਣਾ ਮਾਡਲ ਟਾਊਨ ਦੀ ਪੁਲਸ ਕੋਲ ਦਿੱਤੇ ਬਿਆਨ ਵਿਚ ਮ੍ਰਿਤਕ ਪ੍ਰਵੀਣ ਕੁਮਾਰ ਦੀ ਪਤਨੀ ਅਤੇ ਰਿਸ਼ਤੇਦਾਰਾਂ ਨੇ ਦੱਸਿਆ ਕਿ ਪ੍ਰਵੀਣ ਕੁਮਾਰ ਕੋਰੋਨਾ ਸੰਕਟ ਦੇ ਸਮੇਂ ਆਰਥਿਕ ਸਮੱਸਿਆ ਨੂੰ ਲੈ ਕੇ ਪ੍ਰੇਸ਼ਾਨ ਸੀ। ਇਸ ਦੌਰਾਨ ਮਕਾਨ ਦਾ ਕਰੀਬ 30 ਹਜ਼ਾਰ ਰੁਪਏ ਦਾ ਭਾਰੀ ਬਿੱਲ ਆ ਜਾਣ 'ਤੇ ਉਹ ਪਿਛਲੇ ਕਈ ਦਿਨਾਂ ਤੋਂ ਪ੍ਰੇਸ਼ਾਨ ਸੀ। ਉਸਨੂੰ ਇਸ ਗੱਲ ਦੀ ਚਿੰਤਾ ਸਤਾ ਰਹੀ ਸੀ ਕਿ ਬਿਜਲੀ ਬਿੱਲ ਦੀ ਅਦਾਇਗੀ ਨਹੀਂ ਕੀਤੀ ਤਾਂ ਕੁਨੈਕਸ਼ਨ ਨਾ ਕੱਟਿਆ ਜਾਵੇ। ਮ੍ਰਿਤਕ ਦੀ ਪਤਨੀ ਨੇ ਪੁਲਸ ਨੂੰ ਦੱਸਿਆ ਕਿ ਰਾਤ ਖਾਣਾ ਖਾਣ ਦੇ ਬਾਅਦ ਪ੍ਰਵੀਣ ਆਪਣੇ ਕਮਰੇ 'ਚ ਚਲਾ ਗਿਆ ਸੀ। ਥੋੜ੍ਹੀ ਦੇਰ ਬਾਅਦ ਜਦੋਂ ਉਹ ਕਮਰੇ ਵਿਚ ਪਹੁੰਚੀ ਤਾਂ ਵੇਖਿਆ ਕਿ ਪ੍ਰਵੀਣ ਪੱਖੇ ਨਾਲ ਲਟਕ ਰਿਹਾ ਸੀ। ਮ੍ਰਿਤਕ ਆਪਣੇ ਪਿੱਛੇ ਪਤਨੀ ਅਤੇ 2 ਬੇਟੀਆਂ ਨੂੰ ਰੋਂਦੇ ਵਿਲਕਦੇ ਛੱਡ ਗਿਆ ਹੈ।

ਪੋਸਟਮਾਰਟਮ ਦੇ ਬਾਅਦ ਪੁਲਸ ਨੇ ਲਾਸ਼ ਕੀਤੀ ਪਰਿਵਾਰ ਹਵਾਲੇ : ਸੰਪਰਕ ਕਰਨ 'ਤੇ ਥਾਣਾ ਮਾਡਲ ਟਾਊਨ ਦੇ ਐੱਸ.ਐੱਚ.ਓ. ਇੰਸਪੈਕਟਰ ਬਲਵਿੰਦਰ ਸਿੰਘ ਜੌੜਾ ਨੇ ਦੱਸਿਆ ਕਿ ਮ੍ਰਿਤਕ ਦੇ ਪਰਿਵਾਰ ਦੇ ਬਿਆਨ ਦੇ ਆਧਾਰ 'ਤੇ ਪੁਲਸ ਨੇ ਇਸ ਮਾਮਲੇ ਵਿਚ ਧਾਰਾ 174 ਦੇ ਅਧੀਨ ਕਾਰਵਾਈ ਕਰਕੇ ਪੋਸਟਮਾਰਟਮ ਦੇ ਬਾਅਦ ਲਾਸ਼ ਨੂੰ ਪਰਿਵਾਰ ਹਵਾਲੇ ਕਰ ਦਿੱਤਾ ਹੈ।


Shyna

Content Editor

Related News