ਖੇਤਾਂ ਦੁਆਲੇ ਕੰਡਿਆਲੀ ਤਾਰ ਲਾਉਣ ਲਈ ਕਿਸਾਨਾਂ ਨੂੰ ਮਿਲੇਗੀ ਸਬਸਿਡੀ
Friday, Jul 19, 2019 - 01:39 PM (IST)
ਚੰਡੀਗੜ੍ਹ : ਸੂਬੇ ਦੇ ਕੰਢੀ ਖੇਤਰ ਨਾਲ ਸਬੰਧਿਤ ਕਿਸਾਨਾਂ ਨੂੰ ਆਪਣੀ ਫਸਲ ਦੀ ਰੱਖਿਆ ਲਈ ਕੰਡਿਆਲੀ ਤਾਰ ਲਾਉਣ ਵਾਸਤੇ ਪੰਜਾਬ ਸਰਕਾਰ ਵਲੋਂ 50 ਫੀਸਦੀ ਸਬਸਿਡੀ ਦਿੱਤੀ ਜਾਵੇਗੀ ਤਾਂ ਜੋ ਕਿਸਾਨ ਜੰਗਲੀ ਜਾਨਵਰਾਂ ਤੋਂ ਆਪਣੇ ਖੇਤਾਂ ਅਤੇ ਫਸਲਾਂ ਦੀ ਰੱਖਿਆ ਕਰ ਸਕਣ। ਇਸ ਬਾਰੇ ਜਾਣਕਾਰੀ ਦਿੰਦਿਆਂ ਜੰਗਲਾਤ ਮੰਤਰੀ ਸਾਧੂ ਸਿੰਘ ਧਰਮਸੋਤ ਨੇ ਦੱਸਿਆ ਕਿ ਸੂਬੇ ਦੇ ਕੰਢੀ ਖੇਤਰ 'ਚ ਇਕ ਪਾਇਲਟ ਪ੍ਰਾਜੈਕਟ ਚਲਾਇਆ ਜਾ ਰਿਹਾ ਹੈ, ਜਿਸ ਤਹਿਤ ਸਬੰਧਿਤ ਖੇਤਰ ਦੇ ਕਿਸਾਨ ਆਪਣੇ ਖੇਤਾਂ 'ਚ ਕੰਡਿਆਲੀ ਤਾਰ ਲਾਉਣ ਲਈ 50 ਫੀਸਦੀ ਤੱਕ ਵਿੱਤੀ ਸਹਾਇਤਾ ਦਾ ਲਾਭ ਲੈਣ ਦੇ ਹੱਕਦਾਰ ਹੋਣਗੇ।
ਉਨ੍ਹਾਂ ਦੱਸਿਆ ਕਿ ਇਸ ਯੋਜਨਾ ਤਹਿਤ ਪਠਾਨਕੋਟ, ਹੁਸ਼ਿਆਰਪੁਰ, ਨਵਾਂਸ਼ਹਿਰ, ਰੂਪਨਗਰ ਅਤੇ ਐੱਸ. ਏ. ਐੱਸ. ਨਗਰ ਜ਼ਿਲਿਆਂ ਦੇ ਕੰਢੀ ਖੇਤਰਾਂ ਅਧੀਨ ਆਉਂਦੇ ਕਿਸਾਨ ਵਿੱਤੀ ਸਹਾਇਤਾ ਹਾਸਲ ਕਰ ਸਕਦੇ ਹਨ। ਯੋਜਨਾ ਤਹਿਤ ਕਿਸਾਨਾਂ ਵਲੋਂ 2 ਤਰ੍ਹਾਂ ਦੀ ਤਾਰਬੰਦੀ ਕੀਤੀ ਜਾ ਸਕਦੀ ਹੈ। ਬੱਲੀਆਂ ਰਾਹੀਂ ਤਾਰਬੰਦੀ ਕਰਨ 'ਤੇ ਕਿਸਾਨਾਂ ਨੂੰ 125 ਰੁਪਏ ਪ੍ਰਤੀ ਰਨਿੰਗ ਮੀਟਰ ਅਤੇ ਐਂਗਲ ਆਇਰਨ/ਸੀਮੈਂਟ ਫੈਂਸ ਪੋਸਟ ਰਾਹੀ ਤਾਰਬੰਦੀ ਕਰਨ 'ਤੇ 175 ਰੁਪਏ ਪ੍ਰਤੀ ਰਨਿੰਗ ਮੀਟਰ ਦੇ ਹਿਸਾਬ ਨਾਲ ਵਿੱਤੀ ਸਹਾਇਤਾ ਦਿੱਤੀ ਜਾਵੇਗੀ।